ਰਘਵੀਰ ਹੈਪੀ, ਬਰਨਾਲਾ 27 ਅਪ੍ਰੈਲ 2024
” ਵਾਰਿਸ ਪੰਜਾਬ ਦੇ ” ਜਥੇਬੰਦੀ ਦੇ ਮੁਖੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਅਜਾਦ ਉਮੀਦਵਾਰ ਦੇ ਤੌਰ ਤੇ ਲੜੀ ਜਾਣ ਵਾਲੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ , ਪੰਜਾਬ ਅਤੇ ਕੇਂਦਰ ਸਰਕਾਰ ਦੁਆਰਾ ਸਿੱਖਾਂ ਤੇ ਕੀਤੇ ਅੱਤਿਆਚਾਰਾਂ ਦੇ ਵਿਰੁੱਧ ਫਤਵਾ ਹੋਵੇਗੀ। ਇਹ ਐਲਾਨ ਸਾਬਕਾ ਮੈਂਬਰ ਪਾਰਲੀਮੈਂਟ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਆਪਣੀ ਰਿਹਾਇਸ਼ ਤੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਭਾਈ ਸਾਹਿਬ ਵੱਲੋਂ ਚੋਣ ਲੜਨ ਦਾ ਇਤਿਹਾਸਕ ਫੈਸਲਾ ਕਰਵਾਉਣ ਵਿੱਚ ਮੇਰੀ ਕਾਫੀ ਅਹਿਮ ਭੂਮਿਕਾ ਰਹੀ ਹੈ, ਕਿਉਂਕਿ ਲੋਕਤੰਤਰਿਕ ਵਿਵਸਥਾ ਵਿੱਚ ਚੋਣ ਲੜਕੇ, ਜਮਹੂਰੀ ਪ੍ਰਕਿਰਿਆ ਰਾਹੀਂ, ਸਰਕਾਰ ਦੇ ਕੀਤੇ ਜੁਲਮਾਂ ਦਾ ਹਿਸਾਬ ਅਤੇ ਲੋਕਾਂ ਦਾ ਜੁਆਬ ਦੁਨੀਆਂ ਦੇ ਸਾਹਮਣੇ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਖੁਦ ਕੋਈ ਰਾਜਸੀ ਲਾਲਸਾ ਤਹਿਤ ਇਹ ਚੋਣ ਨਹੀਂ ਲੜ ਰਹੇ, ਇਹ ਇੱਕੋ ਚੋਣ ਸਮੇਂ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਜਾਵੇਗਾ ਕਿ ਸਰਕਾਰ ਵੱਲੋਂ ਕੀਤੀਆਂ ਜਿਆਦਤੀਆਂ ਦੇ ਬਾਰੇ ਆਮ ਲੋਕਾਂ ਦੀ ਕੀ ਰਾਇ ਹੈ, ਉਨ੍ਹਾਂ ਕਿਹਾ ਕਿ ਬੇਸ਼ੱਕ ਕੁੱਝ ਲੋਕ, ਇਹ ਚੋਣ ਲੜਨ ਦੇ ਐਲਾਨ ਉੱਤੇ ਇਹ ਕਹਿ ਕੇ ਸੁਆਲ ਵੀ ਚੁੱਕ ਰਹੇ ਹਨ ਕਿ ਭਾਈ ਸਾਹਿਬ ਤਾਂ ਹਿੰਦੁਸਤਾਨ ਦੇ ਸੰਵਿਧਾਨ ਨੂੰ ਹੀ ਮੰਨਣ ਤੋਂ ਇਨਕਾਰੀ ਸਨ, ਫਿਰ ਹੁਣ ਉਹ ਉਸੇ ਸੰਵਿਧਾਨ ਦੇ ਤਹਿਤ ਚੋਣ ਕਿਉਂ ਲੜ ਰਹੇ ਹਨ। ਖਾਲਸਾ ਨੇ ਕਿਹਾ ਕਿ ਅਜਿਹੇ ਸਵਾਲ ਬਿਲਕੁਲ ਹੀ ਗਲਤ ਤੇ ਬੇਤੁੱਕੇ ਹੀ ਹਨ , ਮੈਂ ਅਜਿਹੇ ਸਵਾਲ ਕਰਨ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਉਨ੍ਹਾਂ ਦੇ ਖਿਲਾਫ ਕੇਸ ਵੀ ਤਾਂ ਭਾਰਤੀ ਸੰਵਿਧਾਨ ਦੇ ਅਨੁਸਾਰ ਦਰਜ ਹੋਏ ਹਨ, ਅਸੀਂ ਵਕੀਲ ਕੇਸਾਂ ਦੀ ਪੈਰਵੀ ਵੀ ਤਾਂ ਸੰਵਿਧਾਨ ਦੇ ਦਾਇਰੇ ਵਿੱਚ ਰਹਿ ਕੇ ਹੀ ਕਰ ਰਹੇ ਹਾਂ।
32 ਸਾਲ ਪਹਿਲਾਂ ਕੀਤੀ ਗਲਤੀ ਦਾ ਖਾਮਿਆਜ਼ਾ ਹੁਣ ਤੱਕ ਭੁਗਤ ਰਹੀ ਐ ਕੌਮ-
ਸਾਬਕਾ ਐਮ.ਪੀ. ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਸਿੱਖ ਕੌਮ ਵਿੱਚ ਕਮਿਊਨਿਸਟ ਵਿਚਾਰਧਾਰਾ ਵਾਲੇ ਅਖੌਤੀ ਵਿਦਵਾਨਾਂ ਦੀ ਹੋਈ ਘੁਸਪੈਂਠ ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਉਨਾਂ ਕਿਹਾ ਕਿ ਅਜਿਹੇ ਪੰਥਕ ਵਿਦਵਾਨਾਂ ਦੀ ਰਾਇ ਨਾਲ ਹੀ, ਸਿੱਖ ਕੌਮ ਨੇ1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਵਾਇਆ ਸੀ। ਉਸ ਸਮੇਂ ਕੀਤੇ ਬਾਈਕਾਟ ਦਾ ਖਾਮਿਆਜ਼ਾ ਹਾਲੇ ਤੱਕ ਵੀ ਸਿੱਖ ਕੌਮ ਭੁਗਤ ਰਹੀ ਹੈ,ਉਸੇ ਗਲਤੀ ਕਾਰਣ, ਬਾਈਕਾਟ ਤੋਂ ਬਾਅਦ ਹੋਂਦ ਵਿੱਚ ਆਈ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਹੀ ਸਿੱਖ ਨੌਜਵਾਨੀ ਦਾ ਘਾਣ ਹੋਇਆ। ਹੁਣ ਵੀ ਅਜਿਹੇ ਹੀ ਵਿਦਵਾਨ ਭਾਈ ਅਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਅਤੇ ਭਾਈ ਸਾਹਿਬ ਦੇ ਚੋਣ ਲੜਨ ਦੇ ਫੈਸਲੇ ਨੂੰ ਬਿਨਾਂ ਕਿਸੇ ਰਾਇ ਮਸ਼ਵਰੇ ਤੋਂ ਹੀ ਲਿਆ ਫੈਸਲਾ ਦੱਸ ਰਹੇ ਹਨ। ਖਾਲਸਾ ਨੇ ਸਵਾਲ ਕੀਤਾ ਕਿ ਅਜਿਹੇ ਵਿਦਵਾਨ ਇਹ ਵੀ ਨਹੀਂ ਸਮਝ ਰਹੇ ਕਿ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਸਾਹਿਬ ,ਨਾਲ ਕਿਵੇਂ ਰਾਇ ਮਸ਼ਵਰਾ ਸੰਭਵ ਹੋ ਸਕਦਾ ਹੈ, ਉੱਥੇ ਉਨ੍ਹਾਂ ਨੂੰ ਹਰ ਵਿਅਕਤੀ ਮਿਲ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਭਾਈ ਸਾਹਿਬ ਦੇ ਚੋਣ ਮੈਦਾਨ ਵਿੱਚ ਨਿੱਤਰਣ ਦੇ ਐਲਾਨ ਤੋਂ ਬਾਅਦ 13 ਹਜ਼ਾਰ ਲੋਕਾਂ ਦੇ ਕੁਮੈਂਟ ਆਏ, ਜਿੰਨ੍ਹਾਂ ਵਿੱਚ ਸਿਖ ਸੰਗਤ ਨੇ, ਫੈਸਲੇ ਨੂੰ ਦਰੁਸਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕੌਮ ਕੋਲ ਮੌਕਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਦੀ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਭਾਈ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਲਾਏ ਐਨਐਸਏ ਵਰਗੇ ਕਾਨੂੰਨ ਦੇ ਖਿਲਾਫ ਅਵਾਜ ਬੁਲੰਦ ਕਰੇ ਅਤੇ ਭਾਈ ਸਾਹਿਬ ਨੂੰ ਵੱਡਾ ਸਮਰਥਨ ਦੇ ਕੇ, ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਪੱਧਰਾ ਕਰੇ। ਇਸ ਮੌਕੇ ਐਮਪੀ ਖਾਲਸਾ ਦੇ ਰਾਜਸੀ ਸਕੱਤਰ ਅਵਤਾਰ ਸਿੰਘ ਸੰਧੂ, ਐਡਵੋਕੇਟ ਗੁਲਸ਼ਨ ਕੁਮਾਰ ਆਦਿ ਆਗੂ ਵੀ ਹਾਜ਼ਿਰ ਸਨ।