ਹਰਿੰਦਰ ਨਿੱਕਾ, ਪਟਿਆਲਾ 26 ਅਪ੍ਰੈਲ 2024
ਵਰਕ ਪਰਮਿਟ ‘ਤੇ ਵਿਦੇਸ਼ ਭੇਜਣ ਦੇ ਨਾਂ ਉੱਤੇ ਇੰਮੀਗ੍ਰੇਸ਼ਨ ਵਾਲਿਆਂ ਵੱਲੋਂ ਕੀਤੀ ਠੱਗੀ ਤੋਂ ਪ੍ਰੇਸ਼ਾਨ ਇੱਕ ਵਿਅਕਤੀ ਨੇ ਭਾਖੜਾ ਨਹਿਰ ‘ਚ ਛਾਲ ਮਾਰ ਕੇ,ਕੁੱਝ ਦਿਨ ਪਹਿਲਾਂ ਆਪਣੀ ਜਾਨ ਦੇ ਦਿੱਤੀ। ਪਰੰਤੂ ਮ੍ਰਿਤਕ ਦੇ ਪਰਿਵਾਰ ਨੂੰ ਇਸ ਬਾਰੇ, ਉਦੋਂ ਪਤਾ ਲੱਗਿਆ,ਜਦੋਂ ਉਨ੍ਹਾਂ ਦੇ ਘਰ ਇੱਕ ਕੋਰੀਅਰ ਆਇਆ ਤੇ ਵਿੱਚੋਂ ਨਿੱਕਲਿਆ ਸੁਸਾਈਡ ਨੋਟ । ਪੁਲਿਸ ਨੇ ਸੁਸਾਈਡ ਨੋਟ ਦੇ ਅਧਾਰ ਪਰ, ਤਿੰਨ ਜਣਿਆਂ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਇਹ ਮਾਮਲਾ ਸਮਾਣਾ ਸਿਟੀ ਖੇਤਰ ਵਿਖੇ ਵਾਪਿਰਆ। ਜਦੋਂਕਿ ਸਾਰੇ ਦੋਸ਼ੀ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਮੁਦਈ ਵੀ ਮੂਲ ਤੌਰ ਤੇ ਜਲੰਧਰ ਦਾ ਹੀ ਰਹਿਣ ਵਾਲਾ ਹੈ,ਪਰੰਤੂ ਇੱਨ੍ਹੀਂ ਦਿਨੀਂ, ਉਹ ਸਮਾਣਾ ਦੀ ਇੱਕ ਧਾਗਾ ਫੈਕਟਰੀ ਵਿੱਚ ਕੰਮ ਕਰਦਾ ਹੈ।
ਥਾਣਾ ਸਿਟੀ ਸਮਾਣਾ ਵਿਖੇ ਦਰਜ ਹੋਈ ਐਫ.ਆਈ.ਆਰ. ‘ਚ ਹਰਸ਼ ਕੁਮਾਰ ਪੁੱਤਰ ਬਲਜਿੰਦਰ ਕੁਮਾਰ ਵਾਸੀ ਜਲੰਧਰ ਹਾਲ ਆਬਾਦ ਸ੍ਰੀ ਮਹਾਦੇਵ ਧਾਗਾ ਫੈਕਟਰੀ ਸਮਾਣਾ ਨੇ ਲਿਖਵਾਇਆ ਕਿ ਮਿਤੀ 23 ਅਪਰੈਲ 2024 ਨੁੰ ਮੁਦਈ ਦਾ ਪਿਤਾ ਬਲਜਿੰਦਰ ਕੁਮਾਰ, ਜੋ ਕਿ ਕੰਮ ਦੇ ਸਿਲਸਿਲੇ ਵਿੱਚ ਪਾਨੀਪਤ ਗਿਆ ਸੀ। ਪਰ ਉਹ ਮੁੜ ਕੇ ਘਰ ਵਾਪਿਸ ਨਹੀ ਆਇਆ। ਮੁਦਈ ਅਨੁਸਾਰ 25 ਅਪਰੈਲ ਨੂੰ ਇੱਕ ਕੋਰੀਅਰ ਰਾਹੀ ਬੰਦ ਲਿਫਾਫਾ,, ਉਨ੍ਹਾਂ ਕੋਲ ਆਇਆ। ਜਿਸ ਵਿੱਚੋਂ ਮੁਦਈ ਦੇ ਪਿਤਾ ਵੱਲੋਂ ਲਿਖਿਆ ਇੱਕ ਸੁਸਾਇਡ ਨੋਟ ਨਿੱਕਲਿਆ। ਸੁਸਾਈਡ ਨੋਟ ਵਿੱਚ ਲਿਖਿਆ ਗਿਆ ਸੀ ਕਿ ਦੀਪਕ, ਪ੍ਰਦੀਪ ਬੈਂਸਰ ਵੀਜਾ ਓਵਰਸੀਜ ਸ਼ਾਸਤਰੀ ਮਾਰਕਿਟ ਜਲੰਧਰ ਵਾਲੇ ਅਤੇ ਕਰੈਡਿਟ ਕਾਰਡ ਦੀ ਪੇਮੈਂਟ ਵਾਲੇ ਰੋਕੀ ਨੇ ਉਸ (ਬਲਜਿੰਦਰ ਕੁਮਾਰ) ਨੂੰ ਵਰਕ ਪਰਮਿਟ ਪਰ ਨਿਊਜੀਲੈਂਡ ਭੇਜਣ ਦਾ ਝਾਂਸਾ ਦੇ ਕੇ 1 ਲੱਖ 60 ਹਜ਼ਾਰ ਰੁਪਏ ਲੈ ਲਏ। ਪਰ ਬਾਅਦ ਵਿੱਚ ਨਾ ਤਾਂ ਦੋਸ਼ੀਆਂ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ। ਜਿਸ ਕਾਰਣ ਦੋਸ਼ੀਆਂ ਤੋ ਤੰਗ ਆ ਕੇ ਉਸ ਨੇ ਭਾਖੜਾ ਨਹਿਰ ਸਮਾਣਾ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ । ਪੁਲਿਸ ਨੇ ਮ੍ਰਿਤਕ ਦੇ ਪੁੱਤਰ ਹਰਸ਼ ਕੁਮਾਰ ਦੇ ਬਿਆਨ ਉੱਤੇ ਉਕਤ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 306 IPC ਤਹਿਤ ਥਾਣਾ ਸਿਟੀ ਸਮਾਣਾ ਵਿਖੇ ਕੇਸ ਦਰਜ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।