ਫਸਲਾਂ ਦੀ ਵੇਚ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਤੁਰੰਤ ਦੂਰ ਕੀਤਾ ਜਾਵੇ: ਸਿਮਰਨਜੀਤ ਸਿੰਘ ਮਾਨ
ਮੰਡੀਆਂ ਵਿੱਚ ਕੰਮ ਕਰਦੇ ਮਜਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਪੂਰਾ ਹੱਕ ਦਿੱਤਾ ਜਾਵੇ: ਸਿਮਰਨਜੀਤ ਸਿੰਘ ਮਾਨ
ਸਮੱਸਿਆਵਾਂ ਦੇ ਹੱਲ ਲਈ ਮੌਕੇ ‘ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਲਿਖਿਆ ਪੱਤਰ
ਰਘਵੀਰ ਹੈਪੀ, ਬਰਨਾਲਾ/ਮਹਿਲ ਕਲਾਂ, 26 ਅਪ੍ਰੈਲ 2024
: ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਛੀਨੀਵਾਲ ਕਲਾਂ, ਮੂੰਮ, ਟੱਲੇਵਾਲ, ਬੀਰਲਾ, ਚੰਨਣਵਾਲ, ਚੁਹਾਣਕੇ, ਕਲਾਲਾ ਸਮੇਤ ਜ਼ਿਲ੍ਹੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਮੰਡੀਆਂ ਵਿੱਚ ਫਸਲਾਂ ਦੀ ਵੇਚ ਖਰੀਦ ਵਿੱਚ ਆ ਰਹੀਆਂ ਮੁਸ਼ਕਿਲਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਮੌਕੇ ‘ਤੇ ਹੀ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਪੱਤਰ ਲਿਖਿਆ |
ਵੱਖ-ਵੱਖ ਅਨਾਜ ਮੰਡੀਆਂ ਵਿੱਚ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨਾਲ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਸੀਜਨ ਤੋਂ ਪਹਿਲਾਂ ਪ੍ਰਬੰਧ ਪੁਖਤਾ ਨਾ ਕੀਤੇ ਜਾਣ ਕਰਕੇ ਕਿਸਾਨਾਂ, ਮਜਦੂਰਾਂ ਅਤੇ ਆੜਤੀਆਂ ਨੂੰ ਮੰਡੀਆਂ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਖਰੀਦ ਏਜੰਸੀਆਂ ਵੱਲੋਂ ਫ਼ਸਲ ਖਰੀਦਣ ਦੀ ਚਾਲ ਮੱਠੀ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਕਈ-ਕਈ ਦਿਨ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ | ਇਸ ਤੋਂ ਇਲਾਵਾ ਸਮੇਂ ਸਿਰ ਲਿਫਟਿੰਗ ਨਾ ਹੋਣ ਕਰਕੇ ਮੰਡੀਆਂ ਵਿੱਚ ਅਨਾਜ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਫ਼ਸਲਾਂ ਨੂੰ ਖਰਾਬ ਮੌਸਮ ਤੋਂ ਬਚਾਉਣ ਲਈ ਵੀ ਪੁਖਤਾ ਪ੍ਰਬੰਧ ਨਹੀਂ ਹਨ | ਕਈ ਮੰਡੀਆਂ ਵਿੱਚ ਤਾਂ ਸ਼ੁੱਧ ਠੰਡੇ ਪਾਣੀ ਅਤੇ ਪਖਾਨਿਆਂ ਤੱਕ ਦੀ ਸਹੂਲਤ ਵੀ ਉਪਲੱਬਧ ਨਹੀਂ ਹੈ | ਕਈ ਮੰਡੀਆਂ ਵਿੱਚ ਬਾਰਦਾਨੇ ਦੀ ਘਾਟ ਕਰਕੇ ਕੰਮ ਦੀ ਚਾਲ ਠੰਡੀ ਪਈ ਹੈ |
ਸ. ਮਾਨ ਨੇ ਦੱਸਿਆ ਕਿ ਮੰਡੀਆਂ ਵਿੱਚ ਕੰਮ ਕਰਦੇ ਮਜਦੂਰਾਂ ਨੂੰ ਵੀ ਉਨ੍ਹਾਂ ਦਾ ਪੂਰਾ ਹੱਕ ਨਹੀਂ ਦਿੱਤਾ ਜਾਂਦਾ | ਮਜਦੂਰਾਂ ਦੇ ਦੱਸਣ ਮੁਤਾਬਿਕ ਝਰਾਈ ਤੇ ਭਰਾਈ ਪ੍ਰਤੀ ਬੋਰੀ 12 ਰੁਪਏ ਰੇਟ ਸਰਕਾਰ ਵੱਲੋਂ ਤੈਅ ਹੈ ਪਰ ਮਜਦੂਰਾਂ ਨੂੰ ਸਿਰਫ 8 ਤੋਂ 9 ਰੁਪਏ ਹੀ ਪ੍ਰਤੀ ਬੋਰੀ ਦਿੱਤਾ ਜਾਂਦਾ ਹੈ, ਬਾਕੀ ਉਨ੍ਹਾਂ ਦੀ ਮਿਹਨਤ ਵੱਡੇ ਠੇਕੇਦਾਰ ਹੜ੍ਹੱਪ ਕਰ ਜਾਂਦੇ ਹਨ | ਸ. ਮਾਨ ਨੇ ਕਿਹਾ ਕਿ ਮੰਡੀਆਂ ਵਿੱਚ ਮਜਦੂਰੀ ਦਾ ਕੰਮ ਸਖਤ ਮਿਹਨਤ ਵਾਲਾ ਹੈ | ਇਸ ਲਈ ਮਜਦੂਰਾਂ ਨੂੰ ਪੂਰਾ ਹੱਕ ਮਿਲਣਾ ਚਾਹੀਦਾ ਹੈ | ਸ. ਮਾਨ ਨੇ ਮਜਦੂਰਾਂ ਦੀ ਲੇਬਰ ਪ੍ਰਤੀ ਬੋਰੀ 12 ਰੁਪਏ ਤੋਂ ਵਧਾ ਕੇ 20 ਰੁਪਏ ਕਰਨ ਦੀ ਪੈਰਵੀ ਵੀ ਕੀਤੀ |
ਸ. ਮਾਨ ਨੇ ਦੱਸਿਆ ਕਿ ਵੱਖ-ਵੱਖ ਮੰਡੀਆਂ ਵਿੱਚ ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾ ਬਾਰੇ ਪੱਤਰ ਲਿਖ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਵੱਲੋਂ ਸਾਰੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਦਾ ਭਰੋਸਾ ਦੁਆਇਆ ਗਿਆ ਹੈ | ਸ. ਮਾਨ ਨੇ ਕਿਹਾ ਕਿ ਸੱਤਾ ਹਾਸਲ ਹੋਣ ਉਪਰੰਤ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ | ਇਨ੍ਹਾਂ ਸਰਕਾਰਾਂ ਨੂੰ ਭੁੱਲੇ ਹੋਏ ਵਾਅਦੇ ਯਾਦ ਕਰਵਾਉਣ, ਆਪਣੇ ਹੱਕਾਂ ਦੀ ਪ੍ਰਾਪਤੀ, ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦਾ ਸਾਥ ਦਿਓ | ਇਸ ਮੌਕੇ ਜ਼ਿਲ੍ਹਾ ਬਰਨਾਲਾ ਦੀ ਸਮੁੱਚੀ ਜਥੇਬੰਦੀ ਹਾਜਰ ਸੀ |