ਲੋਕ ਸਭਾ ਚੋਣ 1998 ਵਿੱਚ ਹੀ ਜਿੱਤਿਆ ਸੀ, ਸੂਬੇ ਦੀ ਸੱਤਾ ਤੇ ਕਾਬਿਜ ਧਿਰ ਦਾ ਐਮ.ਪੀ…
ਹਰਿੰਦਰ ਨਿੱਕਾ, ਬਰਨਾਲਾ 8 ਅਪ੍ਰੈਲ 2024
ਲੋਕ ਸਭਾ ਹਲਕਾ ਸੰਗਰੂਰ ਦੇ ਲੋਕ, ਆਪਣੇ ਸੁਭਾਅ ਦੀ ਵਿਲੱਖਣਤਾ ਕਰਕੇ ਹੀ ਪ੍ਰਸਿੱਧ ਹਨ। ਕੋਈ ਫੰਨੇ ਖਾਂ ਲੀਡਰ ਵੀ ਹਲਕੇ ਦੇ ਲੋਕਾਂ ਦੀ ਨਬਜ਼ ਨੂੰ ਸਹੀ ਢੰਗ ਨਾਲ ਟੋਹ ਨਹੀਂ ਸਕਿਆ। ਹਲਕੇ ਦੇ ਲੋਕਾਂ ਦਾ ਅਰਸ਼ ਤੋਂ ਫਰਸ਼ ‘ਤੇ ਫਰਸ਼ ਤੋਂ ਅਰਸ਼ ਤੱਕ ਪਹੁੰਚਾਉਣ ਦਾ ਵੱਖਰਾ ਹੀ ਇਤਿਹਾਸ ਹੈ। ਜਿਆਦਾਤਰ ਮੌਕਿਆਂ ਤੇ ਇੱਥੋਂ ਦੇ ਲੋਕਾਂ ਦੀ ਸੁਰ ਬਗਾਵਤੀ ਹੀ ਰਹੀ ਹੈ। ਪਤਾ ਹੀ ਨਹੀਂ, ਲੱਗਦਾ ਕਦੋਂ ਤੇ ਕਿਹੜੇ ਲੀਡਰ ਨੂੰ ਪਟਖਣੀ ਦੇਣ ਦਾ ਮਨ ਬਣਾ ਲੈਂਦੇ ਹਨ। ਚੋਣ ਇਤਿਹਾਸ ਦੇ ਝਰੋਖਿਆਂ ਵਿੱਚ ਝਾਤੀ ਮਾਰਦਿਆਂ ਪਤਾ ਲੱਗਦਾ ਹੈ ਕਿ ਇੱਥੋਂ ਦੇ ਲੋਕਾਂ ਨੇ ਹਰ ਲਹਿਰ ਨੂੰ ਪ੍ਰਵਾਨ ਚੜ੍ਹਾਇਆ ਹੈ। ਲੋਕ ਸਭਾ ਹਲਕੇ ਦੀ ਨੁਮਾਇੰਦਗੀ ਹੁਣ ਤੱਕ ਕਾਮਰੇਡਾਂ ਤੋਂ ਲੈ ਕੇ, ਨਰਮ ਅਤੇ ਗਰਮ ਦਲੀਏ ਅਕਾਲੀਆਂ ਸਣੇ, ਕਾਂਗਰਸੀ ਅਤੇ ਲਾਲ -ਨੀਲੇ ਅਤੇ ਬਸੰਤੀ ਰੰਗ ਵਿੱਚ ਰੰਗੀ, ਮਿਲਗੋਭਾ ਸੋਚ ਵਾਲੀ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਕੀਤੀ ਹੈ। ਕਈ ਵਾਰ ਇੱਥੋਂ ਦੇ ਲੋਕ, ਪੰਜਾਬ ਹੀ ਨਹੀਂ, ਪੂਰੇ ਦੇਸ਼ ਤੋਂ ਵੱਖਰੀ ਹੀ ਚੋਣ ਕਰਕੇ, ਸਾਰਿਆਂ ਨੂੰ ਮੂੰਹ ਵਿੱਚ ਉਂਗਲਾਂ ਪਾ ਕੇ,ਸੋਚਣ ਲਈ ਮਜਬੂਰ ਕਰਨ ਵਾਲਾ ਫਤਵਾ ਵੀ ਸੁਣਾਉਂਦੇ ਰਹੇ ਹਨ। 1952 ਤੋਂ ਲੈ ਕੇ ਹੁਣ ਤੱਕ 4 ਵਾਰ ਅਕਾਲੀ ਦਲ, 4 ਵਾਰ ਕਾਂਗਰਸ, ਦੋ ਵਾਰ ਸੀ.ਪੀ.ਆਈ. , ਇੱਕ ਵਾਰ ਅਕਾਲੀ ਦਲ ਸੰਤ ਫਤਿਹ ਸਿੰਘ, ਇੱਕ ਵਾਰ ਅਕਾਲੀ ਦਲ ਬਾਬਾ, ਦੋ – ਦੋ ਵਾਰ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਅਤੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕੀਤੀ ਹੈ।
ਮੀਤ ਹੇਅਰ ਦੇ ਨਾਂ ਪਹਿਲਾਂ ਵੀ ਐ ਇਤਿਹਾਸ ਬਣਾਉਣ ਤੇ ਤੋੜਨ ਦਾ ਰਿਕਾਰਡ
ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਨਾਂ ਪਹਿਲਾਂ ਵੀ ਚੋਣ ਇਤਿਹਾਸ ਨੂੰ ਤੋੜਣ ਅਤੇ ਬਣਾਉਣ ਦਾ ਰਿਕਾਰਡ ਦਰਜ ਹੋ ਚੁੱਕਾ ਹੈ । ਬਰਨਾਲਾ ਵਿਧਾਨ ਸਭਾ ਚੋਣਾਂ ਦਾ ਲੰਬਾ ਅਰਸਾ ਪੁਰਾਣਾ ਇਹ ਰਿਕਾਰਡ ਚੱਲਿਆ ਆਉਂਦਾ ਸੀ ਕਿ ਇਸ ਸੀਟ ਤੋਂ ਜਿੱਤਣ ਵਾਲਾ ਵਿਧਾਇਕ ਸਾਲ 1992 ਤੋਂ ਬਾਅਦ ਸੱਤਾ ਧਿਰ ਵਿੱਚ ਨਹੀਂ ਸੀ ਬੈਠ ਸਕਿਆ । ਲੋਕਾਂ ਨੂੰ ਅਕਸਰ ਗਿਲਾ ਰਹਿੰਦਾ ਸੀ ਕਿ ਜਿਹੜੀ ਧਿਰ ਦੀ ਸਰਕਾਰ ਪੰਜਾਬ ਵਿੱਚ ਬਣਦੀ ਹੈ, ਉਸ ਪਾਰਟੀ ਦੇ ਉਮੀਦਵਾਰ ਨੂੰ ਇਲਾਕੇ ਦੇ ਲੋਕ ਹਰਾ ਦਿੰਦੇ ਹਨ। ਅਜਿਹਾ ਹੋਣਾ 1997 ਤੋਂ ਸ਼ੁਰੂ ਹੋਇਆ, ਜਦੋਂ ਸਰਕਾਰ ਅਕਾਲੀ ਭਾਜਪਾ ਗੱਠਜੋੜ ਦੀ ਬਣੀ ਤਾਂ ਬਰਨਾਲਾ ਹਲਕੇ ਦੇ ਲੋਕਾਂ ਨੇ ਅਜਾਦ ਤੌਰ ਤੇ ਮਲਕੀਤ ਸਿੰਘ ਕੀਤੂ ਨੂੰ ਵਿਧਾਇਕ ਚੁਣਿਆ। ਫਿਰ ਉਹ ਦੂਜੀ ਵਾਰ 2002 ਵਿੱਚ ਵਿਧਾਇਕ ਬਣੇ ਤਾਂ ਸਰਕਾਰ ਕਾਂਗਰਸ ਪਾਰਟੀ ਦੀ ਬਣ ਗਈ। 2007 ਅਤੇ 2012 ਵਿੱਚ ਬਰਨਾਲਾ ਹਲਕੇ ਦੇ ਲੋਕਾਂ ਨੇ ਕੇਵਲ ਸਿੰਘ ਢਿੱਲੋਂ ਨੂੰ ਦੋ ਵਾਰ ਵਿਧਾਇਕ ਚੁਣਿਆ ਤਾਂ ਸੂਬੇ ਵਿੱਚ ਸਰਕਾਰ ਅਕਾਲੀ ਭਾਜਪਾ ਗੱਠਜੋੜ ਦੀ ਬਣ ਗਈ। ਫਿਰ 2017 ਵਿੱਚ ਸਰਕਾਰ ਕਾਂਗਰਸ ਦੀ ਬਣੀ, ਪਰੰਤੂ ਹਲਕੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਧਾਇਕ ਚੁਣ ਲਿਆ। ਹੁਣ ਹਾਲੀਆ ਲੰਘੀਆਂ ਵਿਧਾਨ ਸਭਾ ਚੋਣਾਂ 2022 ਸਮੇਂ ਲੋਕ ਪੁਰਾਣਾ ਇਤਿਹਾਸ ਦੁਹਰਾਏ ਜਾਣ ਦੀ ਉਮੀਦ ਲਾ ਕੇ, ਇੱਥੋਂ ਮੀਤ ਹੇਅਰ ਦੀ ਹਾਰ ਬਾਰੇ ਕਿਆਸ ਅਰਾਈਆਂ ਲਗਾਉਂਦੇ ਰਹੇ, ਪਰ ਮੀਤ ਹੇਅਰ ਨੇ,ਇਨ੍ਹਾਂ ਕਿਆਸ ਅਰਾਈਆਂ ਨੂੰ ਦਰਕਿਨਾਰ ਕਰਕੇ, 25 ਵਰ੍ਹਿਆਂ ਦਾ ਇਤਿਹਾਸ ਤੋੜਕੇ, ਨਵਾਂ ਹੀ ਇਤਿਹਾਸ ਆਪਣੇ ਨਾਂ ਕਰ ਲਿਆ। ਯਾਨੀ ਉਹ ਸਰਕਾਰੀ ਧਿਰ ਦੇ ਨੁਮਾਇੰਦੇ ਹੀ ਨਹੀਂ,ਸਗੋਂ ਕੈਬਨਿਟ ਵਿੱਚ ਥਾਂ ਵੀ ਬਣਾਉਣ ਵਿੱਚ ਸਫਲ ਹੋ ਗਏ। ਹੁਣ ਫਿਰ ਲੋਕਾਂ ਦੀਆਂ ਨਜ਼ਰਾਂ ਮੀਤ ਹੇਅਰ ਦੀ ਲੋਕ ਸਭਾ ਚੋਣ ‘ਚ ਕਾਰਗੁਜਾਰੀ ਤੇ ਟਿਕੀਆਂ ਹੋਈਆਂ ਹਨ ਕਿ ਉਹ 28 ਵਰ੍ਹਿਆਂ ਦੇ ਪੁਰਾਣੇ ਰਿਕਾਰਡ ਨੂੰ ਤੋੜ ਕੇ, ਲੋਕ ਸਭਾ ਦੀਆਂ ਪੌੜੀਆਂ ਚੜ੍ਹ ਸਕਣਗੇ…!
ਇੰਝ ਵੀ ਤਾਂ ਕਰਦੇ ਰਹੇ ਨੇ ਲੋਕ…
ਲੋਕ ਸਭਾ ਹਲਕਾ ਸੰਗਰੂਰ ਦੇ 1989 ਤੋਂ ਲੈ ਕੇ 2022 ਯਾਨੀ 33 ਵਰ੍ਹਿਆਂ ਤੱਕ ਦੇ ਨਤੀਜਿਆਂ ਵੱਲ ਨਿਗ੍ਹਾ ਫੇਰਦਿਆਂ ਪਤਾ ਲੱਗਦਾ ਹੈ ਕਿ 1984 ਦੇ ਬਲੂ ਸਟਾਰ ਆਪ੍ਰੇਸ਼ਨ ਅਤੇ ਦਿੱਲੀ ਦੰਗਿਆਂ ਤੋਂ ਬਾਅਦ 1989 ਵਿੱਚ ਹੋਈ ਲੋਕ ਸਭਾ ਚੋਣ ਵਿੱਚ ਅੱਧਿਓਂ ਵੱਧ ਪੰਜਾਬ ਵਿੱਚ ਝੁੱਲੀ ਗਰਮ ਸੋਚ ਵਾਲਿਆਂ ਦੀ ਨ੍ਹੇਰੀ ਵਿੱਚ,ਇੱਥੋਂ ਦੇ ਲੋਕਾਂ ਨੇ ਵੀ, ਅਕਾਲੀ ਦਲ ਬਾਬਾ ਦੇ ਉਮੀਦਵਾਰ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਵੱਡੇ ਬਹੁਮਤ ਨਾਲ ਜਿਤਾਇਆ, ਜਿੰਨ੍ਹਾਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ, ਅਕਾਲੀ ਦਲ ਲੌਂਗੋਵਾਲ ਦੇ ਉਮੀਦਵਾਰ ਜਥੇਦਾਰ ਤੋਤਾ ਸਿੰਘ ਨੂੰ ਪਟਖਣੀ ਦੇ ਦਿੱਤੀ ਸੀ। ਫਿਰ 1991 ਦੀ ਲੋਕ ਸਭਾ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਚਰਨ ਸਿੰਘ ਦੱਧਾਹੂਰ ਐਮ.ਪੀ. ਬਣੇ ਸਨ।
ਕਾਂਗਰਸ ਪਾਰਟੀ ਦੀ ਸਰਕਾਰ ਦੇ 1992 ਤੋਂ 1997 ਤੱਕ ਦੇ ਕਾਰਜਕਾਲ ਦੌਰਾਨ ਹੋਈਆਂ ਲੋਕ ਸਭਾ ਚੋਣਾਂ ਸਾਲ 1996 ਵਿੱਚ ਹੋਈਆਂ। ਇਸ ਚੋਣ ਵਿੱਚ ਲੋਕਾਂ ਨੇ ਸਰਕਾਰ ਵਿਰੋਧੀ ਰੁਖ ਅਪਣਾਉਂਦਿਆਂ, ਅਕਾਲੀ ਉਮੀਦਵਾਰ ਸੁਰਜੀਤ ਸਿੰਘ ਬਰਨਾਲਾ ਦੇ ਹੱਕ ਵਿੱਚ ਫਤਵਾ ਦਿੱਤਾ।
ਸਾਲ 1997 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਝੁੱਲੀ ਨ੍ਹੇਰੀ ਦਰਮਿਆਨ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਸਾਲ 1998 ਅਤੇ 1999 ਵਿੱਚ ਲੋਕ ਸਭਾ ਚੋਣ ਹੋਈ। 1998 ਦੀ ਲੋਕ ਸਭਾ ਚੋਣ ਵਿੱਚ ਲੋਕਾਂ ਨੇ ਸਰਕਾਰੀ ਧਿਰ ਨੂੰ ਪ੍ਰਵਾਨ ਕਰਦਿਆਂ ਸੁਰਜੀਤ ਸਿੰਘ ਬਰਨਾਲਾ ਨੂੰ ਜਿਤਾਇਆ ਅਤੇ 1999 ਵਿੱਚ ਹੋਈ ਲੋਕ ਸਭਾ ਚੋਣ ਵਿੱਚ ਲੋਕਾਂ ਨੇ ਸਰਕਾਰ ਵਿਰੋਧੀ ਝੰਡਾ ਚੁਕਦਿਆਂ , ਸਰਕਾਰੀ ਧਿਰ ਦੇ ਉਮੀਦਵਾਰ ਅਤੇ ਕੇਂਦਰੀ ਵਜੀਰ ਸੁਰਜੀਤ ਸਿੰਘ ਬਰਨਾਲਾ ਨੂੰ ਚਿੱਤ ਕਰਕੇ, ਸਿਮਰਨਜੀਤ ਸਿੰਘ ਮਾਨ ਦੇ ਸਿਰ ਐਮ.ਪੀ. ਦਾ ਤਾਜ਼ ਸਜਾ ਦਿੱਤਾ।
ਸਾਲ 2002 ਵਿੱਚ ਪੰਜਾਬ ਦੀ ਸੱਤਾ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ, ਇਸ ਸਰਕਾਰ ਦੇ ਕਰੀਬ ਦੋ ਵਰ੍ਹਿਆਂ ਦੇ ਕਾਰਜਕਾਲ ਦਰਮਿਆਨ ਸਾਲ 2004 ਵਿੱਚ ਲੋਕ ਸਭਾ ਚੋਣ ਹੋਈ, ਹਲਕੇ ਦੇ ਲੋਕਾਂ ਨੇ ਸਰਕਾਰੀ ਧਿਰ ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਨੂੰ ਹਰਾਇਆ ਅਤੇ ਅਕਾਲੀ ਭਾਜਪਾ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਵੱਡੀ ਜਿੱਤ ਦਿਵਾ ਕੇ, ਮੌਜੂਦਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੂੰ ਤਾਂ ਕੱਖੋ ਹੌਲਿਆਂ ਕਰ ਦਿੱਤਾ।
ਸਾਲ 2007 ਵਿੱਚ ਇੱਕ ਵਾਰ ਫਿਰ ਅਕਾਲੀ ਭਾਜਪਾ ਗੱਠਜੋੜ , ਕਾਂਗਰਸ ਨੂੰ ਹਰਾ ਕੇ ਪੰਜਾਬ ਦੀ ਸੱਤਾ ਤੇ ਕਾਬਿਜ ਹੋ ਗਿਆ। ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੇ 2 ਵਰ੍ਹਿਆਂ ਦਰਮਿਆਨ ਹੀ ਸਾਲ 2009 ਵਿੱਚ ਲੋਕ ਸਭਾ ਚੋਣ ਹੋਈ। ਫਿਰ ਲੋਕਾਂ ਨੇ ਸੂਬੇ ਦੀ ਸੱਤਾਧਾਰੀ ਧਿਰ ਅਕਾਲੀ ਭਾਜਪਾ ਦੇ ਉਮੀਦਵਾਰ ਤੇ ਮੌਜੂਦਾ ਐਮ.ਪੀ. ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ, ਜਿੱਤ ਕਾਂਗਰਸੀ ਉਮੀਦਵਾਰ ਵਿਜੈਇੰਦਰ ਸਿੰਗਲਾ ਦੀ ਦੀ ਝੋਲੀ ਪਾ ਦਿੱਤੀ ।
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੂਬੇ ਦੇ ਲੋਕਾਂ ਨੇ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ, ਅਕਾਲੀ ਭਾਜਪਾ ਗੱਠਜੋੜ ਨੂੰ ਲਗਾਤਾਰ ਦੂਜੀ ਵਾਰ ਸੱਤਾ ਦੇ ਕੇ ਨਿਵਾਜਿਆ। ਜਦੋਂਕਿ ਇਸੇ ਸਰਕਾਰ ਦੇ ਦੂਜੇ ਕਾਰਜਕਾਲ ਦੇ ਦੋ ਵਰਿਆਂ ਦੇ ਕਾਰਜਕਾਲ ਦਰਮਿਆਨ ਸਾਲ 2014 ਵਿੱਚ ਹੋਈਆਂ, ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਧਿਰ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਲੋਕਾਂ ਨੇ ਅਜਿਹਾ ਧੋਬੀ ਪਟੜਾ ਮਾਰਿਆ ਕਿ ਰਾਜਸੀ ਤੌਰ ਤੇ ਨਵੇਂ ਚਿਹਰੇ, ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਰਿਕਾਰਡ ਤੋੜ ਲੀਡ ਨਾਲ ਜਿਤਾ ਦਿੱਤਾ।
ਸਾਲ 2017 ਵਿੱਚ ਇੱਕ ਵਾਰ ਫਿਰ ਸੂਬੇ ਦੀ ਸਿਆਸੀ ਫਿਜ਼ਾ ਬਦਲੀ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਸੂਬੇ ਦੀ ਸੱਤਾ ਸੰਭਾਲ ਲਈ। ਇਸ ਸਰਕਾਰ ਦੇ ਦੋ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਹੀ, ਲੋਕਾਂ ਦਾ ਮੋਹ ਫਿਰ ਸੰਤਾਧਾਰੀ ਧਿਰ ਤੋਂ ਭੰਗ ਹੋ ਗਿਆ । ਸਾਲ 2019 ਵਿੱਚ ਹੋਈ ਲੋਕ ਸਭਾ ਚੋਣ ਵਿੱਚ ਹਲਕੇ ਦੇ ਲੋਕਾਂ ਨੇ ਮੌਜੂਦਾ ਐਮ.ਪੀ. ਭਗਵੰਤ ਮਾਨ ਨੂੰ ਹੀ ਜਿੱਤ ਦਾ ਥਾਪੜਾ ਦਿੱਤਾ। ਇਨ੍ਹਾਂ ਲੋਕ ਸਭਾ ਚੋਣਾਂ ਅੰਦਰ ਪੂਰੇ ਦੇਸ਼ ਵਿੱਚੋਂ ਭਗਵੰਤ ਮਾਨ ਹੀ, ਆਮ ਆਦਮੀ ਪਾਰਟੀ ਦਾ ਇਕਲੌਤਾ ਮੈਂਬਰ ਪਾਰਲੀਮੈਂਟ ਬਣਿਆ। ਭਗਵੰਤ ਮਾਨ ਦੀ ਦੂਜੀ ਵਾਰ ਵੱਡੇ ਫਰਕ ਨਾਲ ਜਿੱਤ ਹੋਈ।
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਸਭਾ ਸੰਗਰੂਰ ਦੇ ਸਾਰੇ 9 ਹਲਕਿਆਂ ਵਿੱਚ ਹੀ ਆਪ ਦੀ ਅਜਿਹੀ ਹਨੇਰੀ ਚੱਲੀ ਕਿ ਰਿਵਾਇਤੀ ਪਾਰਟੀਆਂ ਦੇ ਸਾਰੇ ਦਿੱਗਜ ਲੀਡਰ, ਲੋਕਾਂ ਨੇ ਮੂਧੇ ਮੂੰਹ ਸੁੱਟ ਦਿੱਤੇ। ਇਹ ਵੱਡੀ ਜਿੱਤ, ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਸਿਰ ਚੜ੍ਹਕੇ ਬੋਲਣ ਲੱਗੀ ਪਈ। ਪਰੰਤੂ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੋ ਵਾਰ ਵੱਡੇ ਅੰਤਰ ਨਾਲ ਜਿੱਤੀ, ਲੋਕ ਸਭਾ ਸੀਟ ਸੰਗਰੂਰ ਤੋਂ ਕਈ ਵਾਰ ਜਮਾਨਤ ਜਬਤ ਕਰਵਾ ਚੁੱਕੇ ਸਿਮਰਨਜੀਤ ਸਿੰਘ ਮਾਨ ਦੇ ਸਿਰ ਜਿੱਤ ਦਾ ਸਿਹਰਾ ਬੰਨ੍ਹ ਕੇ, ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਭਮੱਕੜਾਂ ਦਾ ਗਰੂਰ ਚਕਨਾਚੂਰ ਕਰ ਦਿੱਤਾ।
ਹੁਣ ਇੱਕ ਵਾਰ ਫਿਰ ਸੱਤਾਧਾਰੀ ਧਿਰ ਦੇ ਦੋ ਵਰ੍ਹਿਆਂ ਦੇ ਕਾਰਜਕਾਲ ਦੌਰਾਨ ਲੋਕ ਸਭਾ 2024 ਦੀ ਚੋਣ ਸਿਰ ਤੇ ਐ, ਮੈਦਾਨ ਸਜ ਰਿਹਾ ਹੈ। ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਉਮੀਦਵਾਰ ਵਜੋਂ ਚੋਣ ਪਿੜ ਵਿੱਚ ਉਤਾਰਿਆ ਹੈ। ਮੌਜੂਦਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਵੀ ਮੈਦਾਨ ਵਿੱਚ ਡਟੇ ਹੋਏ ਹਨ। ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਦਾ ਐਲਾਨ ਕਿਸੇ ਵੀ ਸਮੇਂ ਸੰਭਵ ਹੈ।
ਅਜਿਹੀ ਹਾਲਤ ਵਿੱਚ ਹੋਣ ਵਾਲੇ ਸੰਭਾਵਿਤ ਬਹੁਕੋਣੇ ਮੁਕਾਬਲੇ ਦਰਮਿਆਨ, ਹਲਕੇ ਦੇ ਲੋਕ ਨੀਂਝ ਲਾ ਕੇ, ਸੂਬੇ ਅਤੇ ਦੇਸ਼ ਪੱਧਰ ਤੇ ਬਣ ਰਹੇ ਸਾਰੇ ਰਾਜਸੀ ਹਾਲਤ ਨੂੰ ਗੁਹ ਨਾਲ ਵੇਖ ਰਹੇ ਹਨ । ਭਗਵੰਤ ਮਾਨ ਸਰਕਾਰ ਦੀ ਦੋ ਸਾਲ ਦੀ ਕਾਰਗੁਜਾਰੀ ਅਤੇ ਸੌਂਕਣਾਂ ਵਾਂਗ ਨਿੱਤ, ਮਿਹਣੋ-ਮਿਹਣੀ ਹੁੰਦੇ ਲੀਡਰਾਂ ‘ਚ ਹੁੰਦੀ ਤਕਰਾਰ ਦੇ ਚਲਦਿਆਂ ਲੋਕਾਂ ਦੇ ਵਿਚਾਰ, ਮਨੋ-ਮਨੀਂ ਉਸਲਵੱਟੇ ਲੈ ਰਹੇ ਹਨ। ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਚੋਣ ਸਮੇਂ (ਦੀਪ ਸਿੱਧੂ ਅਤੇ ਸਿੱਧੂ ਮੂਸੇਵਾਲਾ) ਨੂੰ ਇਨਸਾਫ ਦਿਵਾਉਣ ਦੇ ਕੀਤੇ ਵਾਅਦਿਆਂ ਨੂੰ ਲੋਕਾਂ ਨੇ ਹਾਲੇ ਹਕੀਕਤ ਦੀ ਕਸੌਟੀ ਤੇ ਪਰਖਣਾ ਵੀ ਹੈ। ਇਹ ਗੱਲ ਸਮੇਂ ਦੇ ਗਰਭ ਵਿੱਚ ਪਲ ਰਹੀ ਹੈ ਕਿ, ਕੀ ਹਲਕੇ ਦੇ ਲੋਕ ਸੂਬੇ ਦੀ ਸੱਤਾਧਾਰੀ ਧਿਰ ਭਗਵੰਤ ਮਾਨ ਸਰਕਾਰ ਨੂੰ ਸ਼ਾਬਾਸ਼ ਦੇ ਕੇ ਉਨਾਂ ਦਾ ਮਾਣ ਵਧਾਉਣਗੇ ਜਾਂ ਮੌਜੂਦਾ ਐਮ.ਪੀ. ਸਿਮਰਨਜੀਤ ਮਾਨ ਦਾ ਮਾਣ ਰੱਖਣਗੇ, ਜਾਂ ਫਿਰ ਆਪਣੇ ਸੁਭਾਅ ਅਨੁਸਾਰ ਕਿਸੇ ਨਵੇਂ ਲੀਡਰ ਨੂੰ ਅਜਮਾਉਣਗੇ।