ਹਰਿੰਦਰ ਨਿੱਕਾ, ਬਰਨਾਲਾ 8 ਅਪ੍ਰੈਲ 2024
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਦੀ ਨਸ਼ਿਆਂ ਨੂੰ ਨੱਥ ਪਾਉਣ ਲਈ ਮੁਸਤੈਦ ਹੋਈ ਪੁਲਿਸ ਨੇ ਪੰਜ ਜਣਿਆਂ ਨੂੰ ਕਾਬੂ ਕਰਕੇ, ਉਨ੍ਹਾਂ ਦੇ ਕਬਜੇ ਵਿੱਚੋਂ ਨਸ਼ੀਲੀਆਂ ਗੋਲੀਆਂ , ਚਿੱਟਾ ਅਤੇ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਚਾਰ ਵੱਖ ਵੱਖ ਥਾਣਿਆਂ ਵਿੱਚ ਪੰਜ ਮੁਕੱਦਮਿਆਂ ਵਿੱਚ 6 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ।
ਥਾਣਾ ਰੂੜੇਕੇ ਵਿਖੇ ਤਾਇਨਾਤ ਏ.ਐਸ.ਆਈ. ਰਣਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਤਲਾਸ਼ ਵਿੱਚ ਪੱਖੋ ਕਲਾਂ ਤੋਂ ਕਰੀਬ ਦੋ ਕਿਲੋਮੀਟਰ ਅੱਗੇ ਸੀ ਤਾਂ ਇਸੇ ਦੌਰਾਨ ਜੀਸਾ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਪੱਖੋ ਕਲਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਹੱਥ ਵਿੱਚੋਂ ਕਾਲਾ ਲਿਫਾਫਾ ਸੁੱਟ ਦਿੱਤਾ। ਜਦੋਂ ਪੁਲਿਸ ਨੇ ਸੁੱਟੇ ਹੋਏ ਲਿਫਾਫੇ ਨੂੰ ਚੈਕ ਕੀਤਾ ਤਾਂ ਲਿਫਾਫੇ ਵਿੱਚੋਂ 400 ਨਸੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਸ਼ੀ ਜੀਸਾ ਸਿੰਘ ਖਿਲਾਫ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ,ਉਸ ਨੂੰ ਗਿਰਫਤਾਰ ਕਰਕੇ,ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।
ਥਾਣਾ ਸਿਟੀ-1 ਬਰਨਾਲਾ ਦੇ ਸ:ਥ: ਜਗਰੂਪ ਸਿੰਘ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਅਗਵਾਈ ਇਮਰਾਨ ਮੁਹੰਮਦ ਪੁੱਤਰ ਅਬਦੁਲ ਵਾਸੀ ਰਾਜਪੁਰਾ, ਜਿਲਾ ਪੂਰਨੀਆ, ਥਾਣਾ ਮਿਰਗੰਜ ਬਿਹਾਰ ਹਾਲ ਅਬਾਦ ਪੱਤੀ ਰੋਡ ਗਲੀ ਨੰਬਰ 2 ਬਰਨਾਲਾ, ਬਾਹਰੋਂ ਸਸਤੀ ਸਰਾਬ ਲਿਆ ਕੇ ਵੇਚਣ ਦਾ ਆਦੀ ਹੈ। ਭਰੋਸੇਯੋਗ ਸੂਚਨਾ ਹੋਣ ਕਾਰਣ,ਪੁਲਿਸ ਨੇ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ,ਉਸ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਕਬਜੇ ਵਿੱਚੋਂ ਨਜਾਇਜ਼ ਤੌਰ ਤੇ ਰੱਖੀਆਂ 25 ਬੋਤਲਾਂ ਸਰਾਬ ਠੇਕਾ ਦੇਸੀ ਬਰਾਮਦ ਕਰ ਲਈਆਂ। ਦੋਸ਼ੀ ਖਿਲਾਫ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਥਾਣਾ ਭਦੌੜ ਵਿਖੇ ਤਾਇਨਾਤ ਸ:ਥ: ਕੁਲਦੀਪ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਪਿੰਡ ਅਲਕੜਾ ਰੋਡ ਤੇ ਗਸਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਪਾਰਟੀ ਦੀ ਨਜ਼ਰ, CT-100 ਨੰਬਰ PB 36 H 5707 ਮੋਟਰਸਾਈਕਲ ਕੋਲ ਖੜ੍ਹੇ ਇੱਕ ਵਿਅਕਤੀ ਉੱਤੇ ਪਈ, ਉਹ ਆਪਣੇ ਹੱਥ ਵਿੱਚ ਫੜ੍ਹੇ ਲਿਫਾਫੇ ਦੀ ਫਰੋਲਾ-ਫਰਾਲੀ ਕਰ ਰਿਹਾ ਸੀ। ਜਿਸ ਦੀ ਤਲਾਸੀ ਕਰਨ ਤੇ ਲਿਫਾਫੇ ਵਿੱਚੋਂ 460 ਨਸੀਲੀਆਂ ਖੁੱਲੀਆਂ ਗੋਲੀਆਂ ਬਰਾਮਦ ਹੋਈਆਂ। ਦੋਸ਼ੀ ਦੀ ਪਹਿਚਾਣ ਹਰਵਿੰਦਰ ਸਿੰਘ ਘਾਰੂ ਉਰਫ ਘੋਨਾ ਪੁੱਤਰ ਸਰਬਨ ਸਿੰਘ ਵਾਸੀ ਗਾਜੀਆਣਾ ਦੇ ਤੌਰ ਪਰ ਹੋਈ। ਪੁਲਿਸ ਨੇ ਦੋਸ਼ੀ ਖਿਲਾਫ ਕੇਸ ਦਰਜ ਕਰਕੇ,ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ।
ਥਾਣਾ ਸਹਿਣਾ ਦੇ ਸ:ਥ: ਜਸਵਿੰਦਰ ਕੁਮਾਰ ਨੂੰ ਮੁਖਬਰ ਖਾਸ ਤੋਂ ਇਤਲਾਹ ਮਿਲੀ ਕਿ ਬੇਅੰਤ ਸਿੰਘ ਉਰਫ ਅੰਤਾ ਪੁੱਤਰ ਸੁਖਚੈਨ ਸਿੰਘ ਅਤੇ ਕੁਲਦੀਪ ਸਿੰਘ ਉਰਫ ਕੀਪਾ ਪੁੱਤਰ ਸਰਬਨ ਸਿੰਘ ਦੋਵੇਂ ਵਾਸੀ ਸਹਿਣਾ, ਨਸੀਲਾ ਪਾਊਡਰ (ਹੈਰੋਇਨ/ਚਿੱਟਾ) ਵੇਚਣ ਦੇ ਆਦੀ ਹਨ। ਇਹ ਦੋਵੇਂ ਜਣੇ ਅੱਜ ਵੀ ਨਸੀਲਾ ਪਾਊਡਰ ਵੇਚਣ ਦੀ ਤਾਕ ਵਿੱਚ ਹਨ। ਪੁਲਿਸ ਨੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਦੋਸ਼ੀਆਂ ਦੇ ਕਬਜੇ ‘ਚੋਂ 70 ਗਰਾਮ ਨਸ਼ੀਲਾ ਪਾਊਡਰ (ਹੈਰੋਇਨ/ਚਿੱਟਾ) ਵੀ ਬ੍ਰਾਮਦ ਕਰਵਾਇਆ ਗਿਆ।
ਜਿਲ੍ਹਾ ਜੇਲ੍ਹ ਬਰਨਾਲਾ ਦੇ ਸੁਪਰਡੈਟ ਵੱਲੋਂ ਭੇਜੇ ਪੱਤਰ ਨੰਬਰ 755 ਮਿਤੀ 29-02-2024 ਦੇ ਅਧਾਰ ਪਰ, ਪੁਲਿਸ ਨੇ ਥਾਣਾ ਸਿਟੀ-1 ਬਰਨਾਲਾ ‘ਚ ਹਵਾਲਾਤੀ ਹਰਜਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਸਹਿਣਾ ਖਿਲਾਫ ਅਧੀਨ ਜੁਰਮ 21 / 61 / 85 ND&PS ACT & 52 A Prison Act ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਵਾਲਾਤੀ ਉੱਤੇ ਦੋਸ਼ ਹੈ ਕਿ ਜੇਲ੍ਹ ਵਾਰਡਰ ਕੁਲਿਵੰਦਰ ਸਿੰਘ 29 ਫਰਵਰੀ 2024 ਨੂੰ ਆਪਣੀ ਡਿਉਟੀ ਤੇ ਸੀ ਤਾਂ ਯੂਟੀ ਬੈਰਕ ਦੀ ਤਲਾਸੀ ਦੌਰਾਨ ਹਵਾਲਾਤੀ ਹਰਜਿੰਦਰ ਸਿੰਘ ਉਕਤ ਪਾਸੋਂ ਨਸ਼ੀਲਾ ਜਾਪਦਾ, ਪੀਚ ਰੰਗ ਦਾ ਪਾਉਡਰ ਜਿਸ ਦਾ ਔਸਤਨ ਵਜਨ 1.16 ਗ੍ਰਾਮ ਬ੍ਰਾਮਦ ਹੋਇਆ ਸੀ । ਪੁਲਿਸ ਨੇ ਨਾਮਜ਼ ਦੋਸ਼ੀ ਖਿਲਾਫ ਕੇਸ ਦਰਜੇ ਕਰਕੇ,ਮਾਮਲੇ ਦੀ ਤਫਤੀਸ਼ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਇੰੰਚਾਰਜ ਸ:ਥ: ਚਰਨਜੀਤ ਸਿੰਘ ਨੂੰ ਸੌਂਪੀ ਗਈ ਹੈ। ਤਫਤੀਸ਼ ਅਧਿਕਾਰੀ ਸ:ਥ: ਚਰਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਮੁਕੱਦਮਾਂ ਵਿੱਚ ਗਿਰਫਤਾਰ ਕਰਕੇ,ਪੁੱਛਗਿੱਛ ਕੀਤੀ ਜਾਵੇਗਾ। ਪੁੱਛਗਿੱਛ ਦੇ ਅਧਾਰ ਪਰ, ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।