ਜੌੜੀਆਂ-ਚੱਕੀਆਂ ਮੁਹੱਲਾ ਬਰਨਾਲਾ ਵਿੱਚ ਭਾਕਿਯੂ ਏਕਤਾ (ਡਕੌਂਦਾ) ਟਾਵਰ ਲਾਉਣ ਦੀ ਇਜਾਜ਼ਤ ਨਹੀਂ ਦੇਵੇਗੀ – ਹਰਮੰਡਲ ਜੋਧਪੁਰ
ਪਲੇਅ ਵੇਅ ਸਕੂਲ ਦੀ ਛੱਤ ਉੱਪਰ ਲੱਗ ਰਹੇ ਏਅਰਟੈੱਲ ਦਾ ਟਾਵਰ ਬੱਚਿਆਂ/ ਮੁਹੱਲਾ ਨਿਵਾਸੀਆਂ ਦੀ ਸਿਹਤ ਉੱਪਰ ਪਾਊ ਮਾੜਾ ਪ੍ਰਭਾਵ – ਰਜਿੰਦਰ ਪਾਲ
ਹਰਿੰਦਰ ਨਿੱਕਾ, ਬਰਨਾਲਾ 16 ਮਾਰਚ 2024
ਜੌੜੀਆਂ ਚੱਕੀਆਂ ਮੁਹੱਲਾ ਸ਼ਹਿਰ ਬਰਨਾਲਾ ਦੇ ਘੁੱਗ ਵਸਦੀ ਵਸੋਂ ਵਿੱਚ ਵਪਾਰਕ ਘਰਾਣੇ ਅੰਨ੍ਹੇ ਮੁਨਾਫ਼ੇ ਦੀ ਹੋੜ ਵਿੱਚ ਜ਼ਿੰਦਗੀ ਨੂੰ ਦਾਅ ਤੇ ਲਾ ਰਹੇ ਹਨ। ਇਸ ਦੀ ਮਿਸਾਲ ਹੈ ਕਿ ਏਅਰਟੈੱਲ ਕੰਪਨੀ ਇੱਕ ਪਲੇਅ ਵੇਅ ਸਕੂਲ ਦੀ ਛੱਤ ਉੱਪਰ ਮੁਹੱਲਾ ਨਿਵਾਸੀਆਂ ਦੇ ਇਤਰਾਜ ਅੱਖੋਂ-ਪਰੋਖੇ ਕਰਕੇ ਅਤੇ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਲਾਏ ਗਏ ਮੋਬਾਈਲ ਟਾਵਰ ਲੋਕਾਈ ਦੀ ਜਾਨ ਦਾ ਖੌਅ ਬਣ ਰਹੇ ਹਨ। ਜੌੜੀਆਂ-ਚੱਕੀਆਂ ਮੁਹੱਲੇ ਵਿੱਚ ਭਾਰਤ ਭੂਸ਼ਨ ਨਾਂ ਦੇ ਵਿਅਕਤੀ ਵੱਲੋਂ ਲਾਏ ਜਾ ਰਹੇ ਮੋਬਾਈਲ ਟਾਵਰ , ਮੁਹੱਲਾ ਨਿਵਾਸੀਆਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਹਾਲਾਂ ਕਿ ਮੁਹੱਲਾ ਨਿਵਾਸੀਆਂ ਨੇ ਆਪਣੀ ਇਹ ਸਮੱਸਿਆ ਪੁਲਿਸ ਅਤੇ ਕੈਬਨਿਟ ਮੰਤਰੀ ਮੀਤ ਹੇਅਰ ਦੇ ਵੀ ਲਿਖਤੀ ਰੂਪ ਵਿੱਚ ਧਿਆਨ ਵਿੱਚ ਲਿਆਂਦੀ ਸੀ। ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ। ਪੀੜਤ ਲੋਕਾਂ ਵੱਲੋਂ ਆਪਣੀ ਇਹ ਸਮੱਸਿਆ ਭਾਕਿਯੂ ਏਕਤਾ (ਡਕੌਂਦਾ) ਦੇ ਸੰਧੂ ਪੱਤੀ ਬਰਨਾਲਾ ਇਕਾਈ ਦੇ ਪ੍ਰਧਾਨ ਗਮਦੂਰ ਸਿੰਘ ਦੇ ਧਿਆਨ ਵਿੱਚ ਲਿਆਂਦੀ ਗਈ । ਇਕਾਈ ਆਗੂਆਂ ਨੇ ਇਸ ਗੈਰਕਾਨੂੰਨੀ ਮੋਬਾਈਲ ਟਾਵਰ ਰੋਕਣ ਲਈ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਦੇ ਸਹਿਯੋਗ ਨਾਲ ਮੁਹੱਲਾ ਨਿਵਾਸੀਆਂ ਦਾ ਇਕੱਠ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਮੰਡਲ ਸਿੰਘ ਜੋਧਪੁਰ ਦੀ ਅਗਵਾਈ ਵਿੱਚ ਕੀਤਾ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਬਰਨਾਲਾ ਬਲਾਕ ਦੇ ਆਗੂ ਸਤਨਾਮ ਸਿੰਘ ਬਰਨਾਲਾ, ਬਲਵੰਤ ਸਿੰਘ ਠੀਕਰੀਵਾਲਾ, ਹਰਪਾਲ ਸਿੰਘ ਹੰਢਿਆਇਆ ਅਤੇ ਡਾ ਰਜਿੰਦਰ ਪਾਲ ਨੇ ਮੋਬਾਇਲ ਟਾਵਰ ਦੇ ਵਸੋਂ ਵਿੱਚ ਲੱਗਣ ਨਾਲ ਮਨੁੱਖੀ ਸਿਹਤ ਉੱਤੇ ਪੈਣ ਵਾਲੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ। ਆਗੂਆਂ ਨੇ ਮੁਹੱਲਾ ਨਿਵਾਸੀਆਂ ਨੂੰ ਇਸ ਧੱਕੇਸ਼ਾਹੀ ਦਾ ਜਥੇਬੰਦਕ ਢੰਗ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ। ਇਕੱਠੇ ਹੋਏ ਲੋਕਾਂ ਨੇ ਫ਼ੈਸਲਾ ਕੀਤਾ ਕਿ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਕਿਸੇ ਵਪਾਰਕ ਘਰਾਣੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਆਗੂਆਂ ਨੇ ਟਾਵਰ ਦੀ ਉਸਾਰੀ ਕਰਵਾ ਰਹੇ ਮਾਲਕ ਨੂੰ ਆਪਣੇ ਸੌੜੇ ਮੁਨਾਫ਼ਿਆਂ ਲਈ ਉਸਾਰੇ ਜਾ ਰਹੇ ਟਾਵਰ ਨੂੰ ਰੋਕਣ ਦੀ ਚਿਤਾਵਨੀ ਦਿੱਤੀ। ਭਾਰੀ ਲੋਕ ਰੋਹ ਦੇ ਚਲਦਿਆਂ ਭਾਵੇਂ ਇੱਕ ਵਾਰ ਟਾਵਰ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ। ਪਰ ਆਉਣ ਵਾਲੇ ਸਮੇਂ ਵਿੱਚ ਜੇਕਰ ਅਜਿਹੀ ਹਰਕਤ ਕੀਤੀ ਗਈ ਤਾਂ ਜਥੇਬੰਦਕ ਢੰਗ ਨਾਲ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਇਹ ਵੀ ਕਿਹਾ ਕਿ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਵਿਖਾਵਾ ਕਰਨ ਵਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ, ਅਜਿਹੇ ਵਪਾਰਕ ਘਰਾਣਿਆਂ ਦੇ ਹਿੱਤਾਂ ਅੱਗੇ ਨਤਮਸਤਕ ਹੁੰਦਾ ਰਹਿੰਦਾ ਹੈ। ਆਗੂਆਂ ਨੇ ਮੁਹੱਲਾ ਨਿਵਾਸੀਆਂ ਨੂੰ ਆਪਣੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਜਥੇਬੰਦਕ ਅਦਾਰੇ ਨਾਲ ਜੁੜਨ ਦੀ ਅਪੀਲ ਕੀਤੀ। ਇਸ ਸਮੇਂ ਗੁਰਮੀਤ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਠੀਕਰੀਵਾਲਾ, ਸੁਖਦੇਵ ਸਿੰਘ, ਜਸਪ੍ਰੀਤ ਸਿੰਘ, ਸੁਖਦਰਸ਼ਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।