ਹਰਿੰਦਰ ਨਿੱਕਾ, ਬਰਨਾਲਾ 12 ਮਾਰਚ 2024
ਲੰਘੀ ਕੱਲ੍ਹ ਜਿਲ੍ਹੇ ਦੇ ਭੱਠਲਾਂ-ਹਰੀਗੜ੍ਹ ਲਿੰਕ ਰੋਡ ਤੋਂ ਫੋਰਡ ਫੀਗੋ ਕਾਰ ‘ਚ ਸਵਾਰ ਹੋ ਕੇ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਨ ਅਤੇ ਆਮ ਆਦਮੀ ਪਾਰਟੀ ਦੇ ਸਿਰਕੱਢ ਆਗੂ ਨਿਰਭੈ ਸਿੰਘ ਭੱਠਲ ਨੂੰ ਪੰਜ ਛੇ ਅਣਪਛਾਤਿਆਂ ਨੇ ਘੇਰ ਲਿਆ। ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਦੋਵਾਂ ਜਣਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਏ। ਗੰਭੀਰ ਜਖਮੀ ਨਿਰਭੈ ਸਿੰਘ ਭੱਠਲ ਨੂੰ ਧਨੌਲਾ ਹਸਪਤਾਲ ਦੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਹੀ ਫਰੀਦਕੋਟ ਹਸਪਤਾਲ ਰੈਫਰ ਕਰ ਦਿੱਤਾ। ਪੁਲਿਸ ਨੇ ਅਣਪਛਤਿਆਂ ਖਿਲਾਫ ਇਰਾਦਾ ਕਤਲ ਆਦਿ ਜੁਰਮਾਂ ਤਹਿਤ ਕੇਸ ਦਰਜ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨਿਰਭੈ ਸਿੰਘ ਉਰਫ ਨਵਜੋਤ ਪੁੱਤਰ ਫਤਿਹ ਸਿੰਘ ਵਾਸੀ ਲਾਲੂ ਪੱਤੀ ਭੱਠਲ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਜੱਸੀ ਵਾਸੀ ਧੌਲਾ ਦੀ ਕਾਰ ਨੰਬਰ PB-19 V-3394 ਮਾਰਕਾ ਫੀਗੋ ਪਰ ਸਵਾਰ ਹੋ ਕਰ ਟੂਰਨਾਮੈਟ ਖਤਮ ਹੋਣ ਬਾਅਦ ਰਾਜਵਾੜਾ ਢਾਬਾ ਤੇ ਰੋਟੀ ਖਾਣ ਲਈ ਭੱਠਲਾਂ ਤੋਂ ਹਰੀਗੜ ਲਿੰਕ ਰੋਡ ਪਰ ਜਾ ਰਹੇ ਸਨ। ਗੱਡੀ ਨੂੰ ਜੱਸੀ ਚਲਾ ਰਿਹਾ ਸੀ ਤਾਂ ਜਦੋਂ ਉਹ ਕੱਸੀ ਪੁੱਲ ਭੱਠਲਾਂ ਤੋਂ ਹਰੀਗੜ ਵਿਚਕਾਰ ਪਹੁੰਚੇ ਤਾਂ 2 ਮੋਟਰਸਾਇਕਲ ਜਿੰਂਨ੍ਹਾਂ ਪਰ 5/6 ਵਿਅਕਤੀ ਸਵਾਰ ਸਨ । ਉਨਾਂ ਮੋਟਰਸਾਇਕਲ ਅੱਗੇ ਲਗਾ ਕੇ ਸਾਡੀ ਗੱਡੀ ਨੂੰ ਘੇਰ ਲਿਆ । ਉਨ੍ਹਾਂ ਦੇ ਹੱਥਾਂ ਵਿੱਚ ਤੇਜ ਹਥਿਆਰ ਤੇ ਰਾਡਾਂ ਸਨ। ਜਿੰਨ੍ਹਾਂ ਉਤਰਨ ਸਾਰ ਹੀ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਅਤੇ ਸਾਡੀ ਕਾਫੀ ਕੁੱਟਮਾਰ ਕੀਤੀ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲ਼ਾ ਦਾਖਿਲ ਕਰਵਾਇਆ ਗਿਆ। ਜਿੱਥੋਂ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕਰ ਸਰਕਾਰੀ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ । ਕੁੱਟਮਾਰ ਕਿਉਂ ਕੀਤੀ ਗਈ, ਇਸ ਦੀ ਵਜ੍ਹਾ ਰੰਜਸ ਮੁਦਈ ਨੂੰ ਕੁਝ ਵੀ ਪਤਾ ਨਹੀਂ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਜਸਵੀਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 307, 341, 323, 506, 427, 148, 149 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਲਈ ਯਤਨ ਤੇਜ ਕਰ ਦਿੱਤੇ ਹਨ। ਜਲਦ ਹੀ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।