ਅਸ਼ੋਕ ਵਰਮਾ , ਬਠਿੰਡਾ 10 ਮਾਰਚ 2024
ਜਿਲ੍ਹੇ ਦੇ ਥਾਣਾ ਸੰਗਤ ਅਧੀਨ ਪੈਂਦੇ ਪਿੰਡ ਪਥਰਾਲਾ ’ਚ 27-28 ਫਰਵਰੀ ਦੀ ਦਰਮਿਆਨੀ ਰਾਤ ਨੂੰ ਲਖਵਿੰਦਰ ਕੌਰ ਪਤਨੀ ਅਜੈਬ ਸਿੰਘ ਦੇ ਸੱਟਾਂ ਮਾਰ ਕੇ ਅਲਮਾਰੀ ਚੋਂ ਸੋਨੇ ਦੀ ਮਰਦਾਨਾ ਮੁੰਦਰੀ, ਇੱਕ ਜੋੜੀ ਰਿੰਗ , ਇੱਕ ਜੋੜੀ ਕਾਂਟੇ ,ਚਾਂਦੀਆਂ ਦੀਆਂ ਝਾਂਜਰਾਂ ਅਤੇ ਚਾਂਦੀ ਦੀ ਚੂੜੀ ਤੋਂ ਇਲਾਵਾ 20 ਹਜ਼ਾਰ ਦੀ ਨਕਦੀ ਅਤੇ ਬਿਨਾਂ ਸਿੰਮ ਵਾਲਾ ਮੋਬਾਇਲ ਫੋਨ ਲੁੱਟਣ ਦਾ ਮਾਮਲਾ ਥਾਣਾ ਸੰਗਤ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਸਬੰਧ ’ਚ ਲਵਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਗੁਰਮੇਲ ਸਿੰਘ ਤੇ ਮਲਕੀਤ ਸਿੰਘ ਉਰਫ ਲੱਬੀ ਪੁੱਤਰ ਬੇਅੰਤ ਸਿੰਘ ਵਾਸੀਆਨ ਪਥਰਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁੱਟ ਦੇ ਇਸ ਮਾਮਲੇ ਦਾ ਹੈਰਾਨ ਕਰ ਦੇਣ ਵਾਲਾ ਪਹਿਲੂ ਇਹ ਹੈ ਕਿ ਮਲਕੀਤ ਸਿੰਘ ਉਰਫ ਲੱਬੀ ਨਾਬਾਲਿਗ ਹੈ । ਜਿਸ ਦੇ ਖਿਲਾਫ ਜੁਵੀਨਾਇਲ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
ਡੀਐਸਪੀ ਦਿਹਾਤੀ ਮਨਜੀਤ ਸਿੰਘ ਅਤੇ ਮੁੱਖ ਥਾਣਾ ਅਫਸਰ ਸੰਦੀਪ ਸਿੰਘ ਭਾਟੀ ਨੇ ਦੱਸਿਆ ਕਿ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ ਹੀਰਾ ਪੁੱਤਰ ਗੁਰਮੇਲ ਸਿੰਘ, ਮਲਕੀਤ ਸਿੰਘ ਉਰਫ ਲੱਬੀ ਪੁੱਤਰ ਬੇਅੰਤ ਸਿੰਘ ਵਾਸੀਆਨ ਪਥਰਾਲਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਪੁੱਤਰ ਕਾਕਾ ਸਿੰਘ ਵਾਸੀ ਤੁੰਗਵਾਲੀ ਖਿਲਾਫ ਤਫਤੀਸ਼ ਤੋਂ ਬਾਅਦ 9 ਮਾਰਚ ਨੂੰ ਥਾਣਾ ਸੰਗਤ ’ਚ ਧਾਰਾ 458,394,398,323,506,34 ਆਈਪੀਸੀ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਡੀ.ਐੱਸ.ਪੀ ਦਿਹਾਤੀ ਬਠਿੰਡਾ ਨੇ ਦੱਸਿਆ ਕਿ ਪੁਲਿਸ ਨੇ ਲੁੱਟਿਆ ਹੋਇਆ ਸਮਾਨ ਅਤੇ ਵਾਰਦਾਤ ਲਈ ਵਰਤਿਆ ਡੰਡਾ ਅਤੇ ਕਾਪਾ ਵੀ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਲਵਪ੍ਰੀਤ ਸਿੰਘ ਉਰਫ ਹੀਰਾ ਅਤੇ ਗੁਰਪ੍ਰੀਤ ਸਿੰਘ ਉਰਫ ਨਿੱਕੂ ਨੂੰ ਮਿਤੀ 11 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ।