5 ਕਿਸਾਨ ਜਥੇਬੰਦੀਆਂ ਨੇ ਰੋਕੀਆਂ 10 ਥਾਵਾਂ ਤੇ ਰੇਲਾਂ,,,

Advertisement
Advertisement
Spread information

ਅਨੁਭਵ ਦੂਬੇ , ਚੰਡੀਗੜ੍ਹ 10 ਮਾਰਚ 2024

    5 ਕਿਸਾਨ ਜਥੇਬੰਦੀਆਂ ਭਾਕਿਯੂ ਏਕਤਾ (ਉਗਰਾਹਾਂ), ਭਾਕਿਯੂ ਏਕਤਾ ਡਕੌਂਦਾ (ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਦਰਸ਼ਨਪਾਲ), ਭਾਕਿਯੂ ਮਾਲਵਾ (ਹੀਰਕੇ) ਅਤੇ ਭਾਕਿਯੂ ਦੁਆਬਾ (ਸੰਘਾ) ਵੱਲੋਂ ਤਾਲਮੇਲਵੇਂ ਸੰਘਰਸ਼ ਵਜੋਂ ਅੱਜ 10 ਥਾਵਾਂ ‘ਤੇ ਪੰਜਾਬ ਭਰ ਵਿੱਚ 12 ਤੋਂ 4 ਵਜੇ ਤੱਕ ਰੇਲਾਂ ਰੋਕੀਆਂ ਗਈਆਂ। ਅੱਜ ਇੱਥੇ ਜਾਰੀ ਕੀਤੇ ਗਏ ਸਾਂਝੇ ਬਿਆਨ ਰਾਹੀਂ ਜਥੇਬੰਦੀਆਂ ਦੇ ਮੁੱਖ ਆਗੂਆਂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਡਾ: ਦਰਸ਼ਨਪਾਲ, ਮਲੂਕ ਸਿੰਘ ਹੀਰਕੇ ਅਤੇ ਹਰਬੰਸ ਸਿੰਘ ਸੰਘਾ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਜੰਕਸ਼ਨ,ਮਾਨਸਾ, ਬਰਨਾਲਾ, ਸੰਗਰੂਰ, ਹੁਸ਼ਿਆਰਪੁਰ,ਵੱਲਾ ਫਾਟਕ (ਅੰਮ੍ਰਿਤਸਰ), ਪਟਿਆਲਾ ਛਾਉਣੀ, ਜਗਰਾਓਂ, ਅਜੀਤਵਾਲ (ਮੋਗਾ), ਮੰਡੀ ਅਹਿਮਦਗੜ੍ਹ (ਲੁਧਿਆਣਾ) ਅਤੇ ਜਲਾਲਾਬਾਦ ਪੱਛਮੀ (ਫਾਜ਼ਿਲਕਾ) ਵਿਖੇ ਕੁੱਲ ਮਿਲਾ ਕੇ ਸੈਂਕੜਿਆਂ ਦੀ ਤਾਦਾਦ ਵਿੱਚ ਔਰਤਾਂ ਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ ਹਜ਼ਾਰਾਂ ਕਿਸਾਨ-ਮਜ਼ਦੂਰ ਸ਼ਾਮਲ ਹੋਏ।                     ਵੱਖ ਵੱਖ ਥਾਵਾਂ ‘ਤੇ ਸੰਬੋਧਨਕਰਤਾ ਬੁਲਾਰਿਆਂ ਨੇ ਦੋਸ਼ ਲਾਇਆ ਕਿ ਮੋਦੀ ਦੀ ਭਾਜਪਾ ਸਰਕਾਰ ਦੁਆਰਾ ਸ਼ੰਭੂ ਤੇ ਖਨੌਰੀ ਬਾਡਰਾਂ ਉੱਤੇ ਲਾਠੀਆਂ, ਗੋਲੀਆਂ ਤੇ ਗੈਸ-ਬੰਬਾਂ ਦੇ ਜ਼ੋਰ ਕਿਸਾਨਾਂ ਨੂੰ ਜਾਨੋਂ ਮਾਰ ਕੇ, ਉਨ੍ਹਾਂ ਦਾ ਜਨਤਕ ਸੰਘਰਸ਼ ਦਾ ਜਮਹੂਰੀ ਹੱਕ ਖੋਹਿਆ ਗਿਆ, ਜਿਸ ਵਿਰੁੱਧ ਸਖ਼ਤ ਰੋਸ ਵਜੋਂ ਇਹ ਅੰਦੋਲਨ ਕਰਨਾ ਪਿਆ ਹੈ। ਬੁਲਾਰਿਆਂ ਨੇ ਸਾਰੀਆਂ ਫਸਲਾਂ ਦੀ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ, ਕਿਸਾਨਾਂ-ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਸਰਵਜਨਿਕ ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼ ਦੇਣ ਵਰਗੀਆਂ ਮੋਦੀ ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਕੇ ਮੁੱਕਰੀਆਂ ਸਮੂਹ ਕਿਸਾਨੀ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੰਗ ਕੀਤੀ।              ਇਸਤੋਂ ਇਲਾਵਾ ਭਾਰਤ ਨੂੰ ਸੰਸਾਰ ਵਪਾਰ ਸੰਸਥਾ ਤੋਂ ਬਾਹਰ ਲਿਆਉਣ, ਸ਼ੁਭਕਰਨ ਸਿੰਘ ਦਾ ਕਤਲ ਕਰਨ ਅਤੇ ਪ੍ਰੀਤਪਾਲ ਸਿੰਘ ਦੀਆਂ ਲੱਤਾਂ/ਜਬਾੜ੍ਹੇ ਤੋੜਨ ਲਈ ਜ਼ਿੰਮੇਵਾਰ ਕੇਂਦਰ ਤੇ ਹਰਿਆਣਾ ਦੇ ਗ੍ਰਹਿ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਰੁੱਧ ਕਤਲ ਕੇਸ ਦਰਜ਼ ਕਰ ਕੇ ਮੰਤਰੀ ਮੰਡਲਾਂ ਵਿੱਚੋਂ ਬਰਖ਼ਾਸਤ ਕਰਨ, ਕਾਲੇ ਕਾਨੂੰਨਾਂ ਵਿਰੁੱਧ ਜੇਤੂ ਦਿੱਲੀ ਘੋਲ਼ ਅਤੇ ਮੌਜੂਦਾ ਘੋਲ਼ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ਼ ਦੇਣ ਅਤੇ ਰਾਜਧਾਨੀ ਦਿੱਲੀ ਵਿੱਚ ਕਿਸਾਨਾਂ ਦਾ ਜਨਤਕ ਸੰਘਰਸ਼ ਕਰਨ ਦਾ ਜਮਹੂਰੀ ਹੱਕ ਬਹਾਲ ਕਰਨ ਦੀਆਂ ਭਖਦੀਆਂ ਮੰਗਾਂ ਉੱਤੇ ਵੀ ਬਰਾਬਰ ਜ਼ੋਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਭਾਜਪਾ ਹਕੂਮਤ ਵੱਲੋਂ ਮੜ੍ਹੀਆਂ ਜਾ ਰਹੀਆਂ ਸੰਸਾਰ ਵਪਾਰ ਸੰਸਥਾ ਦੀਆਂ ਸਾਮਰਾਜੀ ਨੀਤੀਆਂ ਕਿਸਾਨਾਂ ਸਮੇਤ ਮੁਲਾਜ਼ਮਾਂ, ਠੇਕਾ ਕਾਮਿਆਂ ਅਤੇ ਸਨਅਤੀ/ਪੇਂਡੂ ਮਜ਼ਦੂਰਾਂ ਆਦਿ ਸਮੂਹ ਕਿਰਤੀਆਂ ਦੀ ਅੰਨ੍ਹੀ ਆਰਥਿਕ ਲੁੱਟ ਤੇ ਸਮਾਜਿਕ ਵਿਤਕਰੇਬਾਜ਼ੀ ਨੂੰ ਸਿਖਰੀਂ ਚਾੜ੍ਹਨ ਵਾਲੀਆਂ ਸਾਬਤ ਹੋ ਰਹੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਜੇਤੂ ਦਿੱਲੀ ਘੋਲ਼ ਤੋਂ ਪਹਿਲਾਂ ਦੇ ਅਰਸੇ ਵਾਂਗ ਸਮੂਹ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਘੱਟੋ ਘੱਟ ਪ੍ਰੋਗਰਾਮ ਉੱਪਰ ਇੱਕਜੁੱਟਤਾ ਵਾਲ਼ਾ ਅਤੇ ਵਿਸ਼ਾਲ ਤੋਂ ਵਿਸ਼ਾਲ ਲਾਮਬੰਦੀਆਂ ਵਾਲ਼ਾ ਮਹੌਲ ਸਿਰਜਣ ਦੀ ਲੋੜ ਇਸ ਮੌਕੇ ਸਿਰ ਚੜ੍ਹ ਕੇ ਕੂਕ ਰਹੀ ਹੈ, ਜਿਸ ਖ਼ਾਤਰ ਜਥੇਬੰਦੀਆਂ ਵੱਲੋਂ ਲਗਾਤਾਰ ਯਤਨ ਜੁਟਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 14 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਵੱਲੋਂ ਕੀਤੀ ਜਾਣ ਵਾਲੀ ਮੁਲਕ ਪੱਧਰੀ ਕਿਸਾਨ-ਮਜ਼ਦੂਰ ਮਹਾਂਪੰਚਾਇਤ ਦੀਆਂ ਜ਼ੋਰਦਾਰ ਤਿਆਰੀਆਂ ਵੀ ਪਿੰਡ ਪਿੰਡ ਮੀਟਿੰਗਾਂ, ਰੈਲੀਆਂ, ਝੰਡਾ ਮਾਰਚਾਂ ਅਤੇ ਨੁੱਕੜ ਨਾਟਕਾਂ ਰਾਹੀਂ ਕੀਤੀਆਂ ਜਾ ਰਹੀਆਂ ਹਨ। ਇਸ ਅਹਿਮ ਅੰਦੋਲਨ ਵਿੱਚ ਵੀ ਉਨ੍ਹਾਂ ਵੱਲੋਂ ਪੰਜਾਬ ਭਰ ਦੇ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਕਿਰਤੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦਾ ਜ਼ੋਰਦਾਰ ਸੱਦਾ ਦਿੱਤਾ ਗਿਆ। ਹੋਰ ਬੁਲਾਰਿਆਂ ਵਿੱਚ ਝੰਡਾ ਸਿੰਘ ਜੇਠੂਕੇ, ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਮਹਿਮਾ, ਗੁਰਬਿੰਦਰ ਸਿੰਘ ਬੱਲ੍ਹੋ, ਹਰਿੰਦਰ ਕੌਰ ਬਿੰਦੂ, ਅੰਮ੍ਰਿਤਪਾਲ ਕੌਰ ਫਰੀਦਕੋਟ ਅਤੇ ਚਰਨਜੀਤ ਕੌਰ ਧੂੜੀਆਂ ਸਮੇਤ ਜ਼ਿਲ੍ਹਾ ਬਲਾਕ ਪੱਧਰੇ ਆਗੂ ਸ਼ਾਮਲ ਸਨ।

Advertisement
Advertisement
error: Content is protected !!