ਹਰਿੰਦਰ ਨਿੱਕਾ, ਬਰਨਾਲਾ 9 ਮਾਰਚ 2024
ਰਾਹ ਜਾਂਦੀਆਂ ਕੁੜੀਆਂ ਤੋਂ ਮੋਬਾਇਲ ਖੋਹ ਕੇ ਭੱਜ ਰਹੇ, ਦੋ ਨੌਜਵਾਨ ਰਾਹਗੀਰਾਂ ਦੇ ਅਜਿਹੇ ਹੱਥੇ ਚੜ੍ਹੇ ਕਿ ਲੋਕਾਂ ਨੇ ਦੋਵੇਂ ਝਪਟਮਾਰਾਂ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਦੋਵਾਂ ਜਣਿਆਂ ਦੇ ਖਿਲਾਫ ਕੇਸ ਦਰਜ ਕਰਕੇ,ਉਨ੍ਹਾਂ ਨੂੰ ਗਿਰਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਮਨਵੀਰ ਕੌਰ ਪੁੱਤਰੀ ਜਸਵੀਰ ਸਿੰਘ ਵਾਸੀ ਪੱਤੀ ਮੱਲੀ ਜਟਾਣਾ ਨੇੜੇ ਗੈਸ ਏਜੰਸੀ ਸਹਿਣਾ ਨੇ ਦੱਸਿਆ ਕਿ ਲੰਘੀ ਕੱਲ੍ਹ ਬਾਅਦ ਦੁਪਹਿਰ ਕਰੀਬ ਢਾਈ ਵਜੇ ਉਹ ਆਪਣੀ ਸਹੇਲੀ ਲਵਪ੍ਰੀਤ ਕੌਰ ਪੁੱਤਰੀ ਬਿੱਕਰ ਸਿੰਘ ਵਾਸੀ ਉੱਪਲ ਪੱਤੀ ਸਹਿਣਾ ਨਾਲ ਆਪਣੇ ਪਿੰਡ ਨੂੰ ਜਾਣ ਲਈ ਬੱਸ ਸਟੈਂਡ ਬਰਨਾਲਾ ਨੂੰ ਜਾਣ ਲਈ ਦਾਣਾ ਮੰਡੀ ਵਾਲੀ ਸੜਕ ਤੋਂ ਲੰਘ ਰਹੀ ਸੀ। ਜਦੋਂ ਉਹ ਖੁੱਡੀ ਰੋਡ ਬਰਨਾਲਾ ਤੋਂ ਦਾਣਾ ਮੰਡੀ ਵੱਲ ਨੂੰ ਮੁੜੀਆਂ ਤਾਂ ਸਾਡੇ ਅੱਗੇ ਤੋਂ ਦੋ ਨਾਮਾਲੂਮ ਨੌਜਵਾਨ ਸਕੂਟਰੀ ਪਰ ਆਏ, ਤਾਂ ਸਕੂਟਰੀ ਦੇ ਪਿੱਛੇ ਬੈਠੇ ਨੌਜਵਾਨ ਨੇ ਮੇਰੇ ਹੱਥ ਵਿੱਚ ਫੜ੍ਹਿਆ ਮੇਰਾ ਮੋਬਾਇਲ Realme C2 ਝੱਪਟ ਮਾਰਕੇ ਖੋਹਣ ਦੀ ਕੋਸ਼ਿਸ਼ ਕੀਤੀ ਤੇ ਭੱਜਣ ਲੱਗੇ। ਜਿਨ੍ਹਾਂ ਦੀ ਸਕੂਟਰੀ ਡਿੱਗ ਪਈ, ਓਹਨਾਂ ਨੂੰ ਰਾਹਗੀਰਾਂ ਨੇ ਦਬੋਚ ਲਿਆ । ਜੇਕਰ ਇਨ੍ਹਾਂ ਨਾਮਾਲੂਮ ਨੌਜਵਾਨਾ ਦੀ ਸਕੂਟਰੀ ਨਾ ਡਿੱਗਦੀ ਤਾਂ ਇਹ ਮੁਦਈ ਦਾ ਮੋਬਾਇਲ ਫੋਨ ਖੋਹਕੇ ਭੱਜ ਜਾਂਦੇ।
ਬੱਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਵੱਲੋਂ ਦਬੋਚੇ ਦੋਵੇਂ ਵਿਅਕਤੀਆਂ ਤੋਂ ਬਰਾਮਦ ਸਕੂਟਰੀ ਨੰਬਰੀ PB -19D-2514 ਮਾਰਕਾ ਐਕਟਿਵਾ ਰੰਗ ਸਿਲਵਰ ਦੇ ਚਾਲਕ ਨੇ ਆਪਣੀ ਪਹਿਚਾਣ ਸੁਨੀਲ ਕੁਮਾਰ ਉਰਫ ਰਿੰਕਾ ਪੁੱਤਰ ਦੇਵ ਰਾਜ ਵਾਸੀ ਕਿਲ੍ਹਾ ਮੁਹੱਲਾ ਬਰਨਾਲਾ ਅਤੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਅਰਸ਼ਦੀਪ ਸਿੰਘ ਉਰਫ ਅਰਸ਼ੂ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ 7 ਪ੍ਰੇਮ ਨਗਰ ਬਰਨਾਲਾ ਦੱਸਿਆ । ਮੁਦਈ ਮਨਵੀਰ ਕੌਰ ਵੱਲੋਂ ਦਿੱਤੇ ਬਿਆਨ ਦੀ ਤਾਈਦ ਉਸ ਦੀ ਸਹੇਲੀ ਲਵਪ੍ਰੀਤ ਕੌਰ ਨੇ ਵੀ ਕੀਤੀ। ਪੁਲਿਸ ਨੇ ਦੋਵੇਂ ਨਾਮਜਦ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 379 B/ 511 ਆਈ.ਪੀ.ਸੀ. ਤਹਿਤ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕਰਕੇ,ਕੇਸ ਦੀ ਤਫਤੀਸ਼ ਏ.ਐਸ.ਆਈ. ਸੁਦਾਗਰ ਸਿੰਘ ਨੂੰ ਸੌਂਪ ਦਿੱਤੀ ਹੈ। ਜਿਕਰਯੋਗ ਹੈ ਕਿ ਫੜ੍ਹੇ ਗਏ ਦੋਸ਼ੀਆਂ ਵਿੱਚੋਂ ਇੱਕ ਅਰਸ਼ਦੀਪ ਸਿੰਘ ਅਰਸ਼ੂ ਨੇ ਲੋਕਾਂ ਅੱਗੇ ਆਪਣੀ ਪਹਿਚਾਣ ਰਮਨ ਪੁੱਤਰ ਹਰਵਿੰਦਰ ਸਿੰਘ ਵਾਸੀ ਬਰਨਾਲਾ ਵਜੋਂ ਕਰਵਾ ਕੇ ਹੋਰ ਹੀ ਕਹਾਣੀ ਪੇਸ਼ ਕਰਕੇ, ਖੁਦ ਨੂੰ ਬਚਾਉਣ ਦਾ ਯਤਨ ਕੀਤਾ ਸੀ। ਦੋਵਾਂ ਨੌਜਵਾਨਾਂ ਨੂੰ ਫੜ੍ਹਨ ਵਾਲੇ ਲੋਕਾਂ ਅਨੁਸਾਰ, ਦੋਵੇਂ ਝਪਟਮਾਰਾਂ ਨੇ ਕਾਫੀ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਆਪੋ-ਆਪਣੇ ਵਹੀਕਲ ਪਿੱਛੇ ਲਾ ਕੇ, ਕਾਫੀ ਮੁਸ਼ਕਤ ਨਾਲ ਹੀ ਉਨ੍ਹਾਂ ਨੂੰ ਫੜ੍ਹ ਕੇ,ਪੁਲਿਸ ਦੇ ਸਪੁਰਦ ਕੀਤਾ।