ਅਸ਼ੋਕ ਵਰਮਾ , ਬਠਿੰਡਾ 8 ਮਾਰਚ 2024
ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਵੱਲੋਂ 162 ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਇੱਕ ਡੇਰਾ ਸ਼ਰਧਾਲੂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਸਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ। ਬਠਿੰਡਾ ’ਚ ਇਹ 109 ਵਾਂ ਸ਼ਰੀਰਦਾਨ ਹੈ ਜਿਸ ਨੂੰ ਦਾਨ ਕਰਨ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ। ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਸ਼ਿਮਲਾ ਰਾਣੀ ਇੰਸਾਂ (70) ਗਲੀ ਨੰ.5/1, ਹਜੂਰਾ ਕਪੂਰਾ ਕਲੋਨੀ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਸਦੇ ਪਤੀ ਈਸ਼ਰ ਰਾਮ ਇੰਸਾਂ ਸੇਵਾਦਾਰ ਬਿਜਲੀ ਸੰਮਤੀ, ਬੇਟੇ ਬਲਵੀਰ ਚੰਦ ਸ਼ਰਮਾ ਇੰਸਾਂ, ਜਗਸੀਰ ਚੰਦ ਸ਼ਰਮਾ ਇੰਸਾਂ, ਬੇਟੀ ਸਰੋਜ ਇੰਸਾਂ, ਜਵਾਈ ਵਿਕਾਸ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਐਫ.ਐਚ.ਮੈਡੀਕਲ ਕਾਲਜ, ਆਗਰਾ (ਉੱਤਰ ਪ੍ਰਦੇਸ਼) ਨੂੰ ਸੌਂਪਿਆ।
ਇਸ ਮੌਕੇ ਮਾਤਾ ਸ਼ਿਮਲਾ ਰਾਣੀ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਸ਼ਿਮਲਾ ਰਾਣੀ ਇੰਸਾਂ ਤੇਰਾ ਨਾਮ ਰਹੇਗਾ, ਸਰੀਰਦਾਨ ਮਹਾਂਦਾਨ, ਅੱਖਾਂ ਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਮ੍ਰਿਤਕ ਦੀ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ 85 ਮੈਂਬਰ ਪੰਜਾਬ ਲਾਜਪਤ ਰਾਏ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਕੁਲਵੰਤ ਕੌਰ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਮਾਤਾ ਸ਼ਿਮਲਾ ਰਾਣੀ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਮਾਤਾ ਜੀ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮਾਤਾ ਸ਼ਿਮਲਾ ਰਾਣੀ ਲਗਭਗ 40 ਸਾਲ ਪਹਿਲਾਂ ਡੇਰਾ ਸੱਚਾ ਸੌਦਾ ਨਾਲ ਜੁੜੇ ਸਨ।
ਉਨ੍ਹਾਂ ਦੱਸਿਆ ਕਿ ਸਰੀਰਦਾਨ ਤੋਂ ਪਹਿਲਾਂ ਮਾਤਾ ਜੀ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਦੋ ਹਨ੍ਹੇਰੀਆਂ ਜ਼ਿੰਦਗੀਆਂ ਨੂੰ ਰੌਸ਼ਨ ਕਰਨਗੀਆਂ। ਇਸ ਮੌਕੇ ਪਰਿਵਾਰਕ ਮੈਂਬਰ ਗੁਰਪ੍ਰੀਤ ਵਿੱਕੀ ਇੰਸਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੇਰੇ ਦਾਦੀ ਜੀ ਦਾ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ ਜਦੋਂਕਿ ਅੱਜ ਉਸੇ ਰਿਵਾਇਤ ਨੂੰ ਅੱਗੇ ਤੋਰਦਿਆਂ ਮੇਰੇ ਤਾਈ ਜੀ ਦਾ ਸਰੀਰਦਾਨ ਕੀਤਾ ਗਿਆ ਹੈ।ਇਸ ਮੌਕੇ ਪ੍ਰੇਮੀ ਸੰਮਤੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ 15 ਮੈਂਬਰ ਅਸ਼ਵਨੀ ਇੰਸਾਂ, ਹਰਦੀਪ ਇੰਸਾਂ, ਭੈਣ ਸੁਖਪਾਲ ਇੰਸਾਂ, ਜ਼ਰੀਨਾ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।