ਮੀਟਿੰਗ ਬੇਸਿੱਟਾ ਰਹੀ ਤਾਂ 15 ਮਾਰਚ ਤੋ ਪੱਕਾ ਮੋਰਚਾ
ਹਰਪ੍ਰੀਤ ਬਬਲੀ , ਸੰਗਰੂਰ 8 ਮਾਰਚ 2024
ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਦੀ ਸਥਾਨਕ ਕੋਠੀ ਦਾ ਘਿਰਾਓ ਕਰਨ ਲਈ ਪਹੁੰਚੇ ਬੇਰੁਜ਼ਗਾਰ ਸਾਂਝਾਂ ਮੋਰਚਾ ਦੇ ਬੇਰੁਜ਼ਗਾਰਾਂ ਨਾਲ ਮੁੜ ਧੱਕਾਮੁੱਕੀ ਹੋਈ ਅਤੇ ਕੁਝ ਮਹਿਲਾਵਾਂ ਦੀਆਂ ਚੁੰਨੀਆਂ ਵੀ ਲੱਥੀਆਂ ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ,ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਤੋ ਇਕੱਠੇ ਹੋਕੇ ਆਪਣੇ ਰੁਜ਼ਗਾਰ ਦੀ ਮੰਗ ਲੈਕੇ ਮੁੱਖ ਮੰਤਰੀ ਦੀ ਕੋਠੀ ਜਾ ਰਹੇ ਬੇਰੁਜ਼ਗਾਰਾਂ ਨੂੰ ਪੁਲਿਸ ਰੋਕਾਂ ਕੋਲ ਰੋਕਣਾ ਚਾਹਿਆ ਤਾਂ ਇਸ ਦੌਰਾਨ ਧੱਕਾਮੁੱਕੀ ਹੋ ਗਈ। ਇਸ ਮੌਕੇ ਕੁਝ ਬੇਰੁਜ਼ਗਾਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਬੇਰੁਜ਼ਗਾਰਾਂ ਨੂੰ ਹੁੱਜਾਂ ਮਾਰੀਆਂ ਗਈਆਂ।
ਮੋਰਚੇ ਦੇ ਆਗੂਆਂ ਨੇ ਦੋਸ਼ ਲਾਇਆ ਕਿ 25 ਫਰਵਰੀ ਦੇ ਪ੍ਰਦਰਸ਼ਨ ਮੌਕੇ ਬੇਰੁਜ਼ਗਾਰਾਂ ਨੂੰ 6 ਮਾਰਚ ਲਈ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਖੇ ਮੀਟਿੰਗ ਕਰਵਾਉਣ ਦੀ ਪੱਤ੍ਰਕਾ ਦਿੱਤੀ ਸੀ।ਪ੍ਰੰਤੂ ਮੀਟਿੰਗ ਨਾ ਹੋਣ ਦੇ ਰੋਸ ਵਿੱਚ ਬੇਰੁਜ਼ਗਾਰਾਂ ਨੇ ਮੁੜ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਕੋਸ਼ਿਸ਼ ਕੀਤੀ।
ਲੰਬੀ ਕਸ਼ਮਕਸ਼ ਮਗਰੋ ਬੇਰੁਜ਼ਗਾਰਾਂ ਨੂੰ 14 ਮਾਰਚ ਲਈ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ। ਬੇਰੁਜ਼ਗਾਰਾਂ ਨੇ ਕਿਹਾ ਕਿ ਜੇਕਰ ਮੀਟਿੰਗ ਰੱਦ ਜਾਂ ਬੇਸਿੱਟਾ ਹੋਈ ਤਾਂ 15 ਮਾਰਚ ਨੂੰ ਮੁੱਖ ਮੰਤਰੀ ਦੀ ਸਥਾਨਕ ਕੋਠੀ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਸੰਦੀਪ ਮੋਫ਼ਰ,ਕੁਲਦੀਪ ਭੁਤਾਲ, ਸੁਖਪਾਲ ਖ਼ਾਨ, ਜਗਸੀਰ ਜਲੂਰ,ਸੰਦੀਪ ਧੌਲਾ,ਸਮਨ ਮਾਲੇਰਕੋਟਲਾ, ਮੁਹੰਮਦ ਆਸਿਫ਼ ,ਜਗਤਾਰ ਟੋਡਰਵਾਲ, ਸੁਖਪਾਲ ਬਰਨਾਲਾ, ਰਣਬੀਰ ਨਦਾਮਪੁਰ, ਵੀਰਪਾਲ ਕੌਰ ਬਠਿੰਡਾ,ਮੁਨੀਸ਼ ਫਾਜ਼ਿਲਕਾ,ਵਰਿੰਦਰ ਸਿੰਘ ਡਕੌਂਦਾ,ਲਲਿਤਾ ਪਟਿਆਲਾ,ਸੁਖਵਿੰਦਰ ਕੁਮਾਰ ਮਲੋਟ, ਕਰਮਜੀਤ ਕੌਰ, ਨਿੱਕਾ ਛੰਨਾ, ਰਿੰਕੂ ਸਿੰਘ, ਪਰਮਜੀਤ ਕੌਰ, ਅਨੀਤਾ ਭੀਖੀ ,ਹਰਜਿੰਦਰ ਕੌਰ, ਨੀਲੋਵਾਲ, ਅਮਨਦੀਪ ਕੌਰ ਭਾਈ ਕੀ ਪਸੋਰ, ਰਮਨਦੀਪ ਕੌਰ ਖੰਗੂੜਾ,ਸੁਖਵੀਰ ਕੌਰ ਲਹਿਰਾ ਆਦਿ ਹਾਜ਼ਰ ਸਨ।