ਮੁਲਾਜਮ ਜਥੇਬੰਦੀਆਂ ਨੇ ਕਿਹਾ, ਪੰਜਾਬ ਸਰਕਾਰ ਵੱਲੋਂ ਪੇਸ਼ ਕੀਤਾ ਬਜਟ ਝੂਠ ਦਾ ਪੁਲੰਦਾ
ਸੋਨੀ ਪਨੇਸਰ, ਬਰਨਾਲਾ 7 ਮਾਰਚ 2024
ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਕੀਤੀ ਵਾਅਦਾ ਖ਼ਿਲਾਫੀ ਕਾਰਨ 6 ਤੇ 7 ਮਾਰਚ ਨੂੰ ਜ਼ਿਲ੍ਹਾ ਹੈੱਡ ਕੁਆਟਰਾਂ ‘ਤੇ ਬਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ ਸੀ| ਜਿਸ ਲੜੀ ਤਹਿਤ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ, ਬਰਨਾਲਾ ਵੱਲੋਂ ਅੱਜ ਬਰਨਾਲਾ ਦੇ ਜ਼ਿਲ੍ਹਾ ਖਜ਼ਾਨਾ ਦਫ਼ਤਰ ਦੇ ਸਾਹਮਣੇ ਪੰਜਾਬ ਸਰਕਾਰ ਵੱਲੋਂ ਪੇਸ਼ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ।ਇਸ ਸਬੰਧੀ ਦਰਸ਼ਨ ਚੀਮਾ,ਰਾਜੀਵ ਕੁਮਾਰ,ਰਮੇਸ਼ ਹਮਦਰਦ,ਖੁਸ਼ਮਿੰਦਰਪਾਲ ਹੰਡਿਆਇਆ,ਕਾਮਰੇਡ ਖੁਸ਼ੀਆ ਸਿੰਘ,ਅਨਿਲ ਕੁਮਾਰ, ਜਗਰਾਜ ਰਾਮਾ, ਰਮਨ ਸਿੰਗਲਾ ਨੇ ਦੱਸਿਆ ਕਿ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਮਕ ਰਹੀਆਂ ਹਨ। ਪਰ ਪੰਜਾਬ ਦੀ ਸਰਕਾਰ ਮੰਗਾਂ ਹੱਲ ਕਰਨ ਦੀ ਬਜਾਏ ਸਾਂਝੇ ਫਰੰਟ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਲਈ ਸੁਹਿਰਦ ਨਹੀਂ ਹੈ। ਸਾਂਝਾ ਫਰੰਟ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਹੈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ,ਪੈਨਸ਼ਨਰਾਂ ਤੇ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ,ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਸਕੇਲ ਲਾਗੂ ਕੀਤਾ ਜਾਵੇ,ਡੀ. ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਜਾਣ ਪਰ ਸਰਕਾਰ ਇਸ ਸਬੰਧੀ ਗੱਲਬਾਤ ਤੋਂ ਵੀ ਭੱਜ ਚੁੱਕੀ ਹੈ।ਮੋਹਨ ਸਿੰਘ ਵੇਅਰਹਾਊਸ, ਮਨਮੋਹਨ ਭੱਠਲ, ਮਿਲਖਾ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਵਿੱਚ ਪੰਜਾਬ ਦੇ ਮੁਲਾਜ਼ਮਾਂ,ਪੈਨਸ਼ਨਰਾਂ ਤੇ ਪੂਰੇ ਕਿਰਤੀ ਵਰਗ ਨੂੰ ਪੂਰੀ ਤਰ੍ਹਾਂ ਅੱਖੋ ਪਰੋਖੇ ਕੀਤਾ ਗਿਆ ਹੈ।ਜਿਸ ਕਾਰਨ ਪੰਜਾਬ ਸਰਕਾਰ ਦਾ ਇਹ ਬਜਟ ਨਿਰਾ ਝੂਠ ਦਾ ਪੁਲੰਦਾ ਹੈ।ਇਸ ਮੌਕੇ ਬਲਵਿੰਦਰ ਧਨੇਰ, ਚਮਕੌਰ ਕੈਰੇ, ਅਸ਼ੋਕ ਕੁਮਾਰ,ਹਨੀ ਬਰਨਾਲਾ ਆਦਿ ਆਗੂ ਹਾਜ਼ਰ ਸਨ।