ਸੋਨੀ ਪਨੇਸਰ ਬਰਨਾਲਾ 23 ਜੂਨ 2020
ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਕੇਂਦਰੀ ਹਕੂਮਤ ਵੱਲੋਂ ਕਰੋਨਾ ਸੰਕਟ ਨੂੰ ਠੱਲਣ ਦੇ ਬਹਾਨੇ ਹੇਠ ਆਮ ਲੋਕਾਈ ਉੱਪਰ ਬੋਲੇ ਵਹਿਸ਼ੀ ਹੱਲੇ ਖਿਲਾਫ 8 ਜੁਲਾਈ ਨੂੰ ਸਮੁੱਚੇ ਪੰਜਾਬ ਅੰਦਰ ਜਿਲ੍ਹਾ ਕੇਂਦਰਾਂ ਤੇ ਕੀਤੇ ਜਾ ਰਹੇ ਰੋਹ ਭਰਪੂਰ ਪ੍ਰਦਰਸ਼ਨਾਂ ਦੀ ਕੜੀ ਵਜੋਂ ਬਰਨਾਲਾ ਵਿਖੇ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਤਿਆਰੀ ਲਈ ਇਨਕਲਾਬੀ ਜਥੇਬੰਦੀਆਂ/ਪਾਰਟੀਆਂ ਦੀ ਸਾਂਝੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਕਾ.ਯਸ਼ਪਾਲ ਹੋਰਾਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ‘ਤੇ ਸ਼ਾਮਲ ਹੋਏ ਫਰੰਟ ਦੇ ਸੂਬਾਈ ਆਗੂ ਸਾਥੀ ਨਰਾਇਣ ਦੱਤ ਨੇ ਦੱਸਿਆ ਕਿ ਸੂਬੇ ਭਰ‘ਚ ਜਨਤਕ ਅਤੇ ਸਿਆਸੀ ਇਕੱਠਾਂ ਤੇ ਲਾਈ ਪਾਬੰਦੀ ਖਤਮ ਕਰਾਉਣ, ਕਰੋਨਾ ਸਮੇਂ ਦੌਰਾਨ ਆਮ ਲੋਕਾਂ ਤੇ ਮੜ੍ਹੇ ਕੇਸ ਖਤਮ ਕਰਾਉਣ, ਝੂਠੇ ਦੋਸ਼ਾਂ ਤਹਿਤ ਗਿ੍ਰਫਤਾਰ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਵਕੀਲਾਂ, ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸੰਘਰਸ਼ ਵਿੱਚ ਸ਼ਾਮਿਲ ਵਿਦਿਆਰਥੀ ਕਾਰਕੁਨਾਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕਰਵਾਉਣ, ਯੂ.ਏ.ਪੀ.ਏ,ਅਫਸਪਾ,ਐਨ.ਐਸ.ਏ, ਪੀਐਸਏ ਨਾਂ ਦੇ ਕਾਲੇ ਕਾਨੂੰਨ ਰੱਦ ਕਰਾਉਣ, ਕਿਰਤ ਕਾਨੂੰਨਾਂ‘ਚ ਕੀਤੀਆਂ ਜਾ ਰਹੀਆਂ ਮਜਦੂਰ ਵਿਰੋਧੀ ਸੋਧਾਂ ਵਾਪਸ ਕਰਾਉਣ, ਜਬਰੀ ਥੋਪੇ ਲਾਕਡਾਊਨ ਦੀ ਮਾਰ ਹੇਠ ਆਏ ਮਜਦੂਰਾਂ ਦੇ ਖਾਤਿਆਂ‘ਚ ਮਾਰਚ ਮਹੀਨੇ ਤੋਂ ਦਸ ਹਜਾਰ ਰੁ. ਪ੍ਰਤੀ ਮਹੀਨਾ ਜਮ੍ਹਾਂ ਕਰਨ, ਖੇਤੀ ਖੇਤਰ ਨੂੰ ਤਬਾਹ ਕਰਨ ਲਈ ਲਿਆਂਦੇ ਤਿੰਨੇ ਆਰਡੀਨੈਂਸ ਅਤੇ ਬਿਜਲੀ ਐਕਟ 2020 ਰੱਦ ਕਰਾਉਣ, ਸਿਹਤ ਅਤੇ ਸਿੱਖਿਆ ਦਾ ਸਰਕਾਰੀਕਰਨ ਕਰਾਉਣ ਆਦਿ ਬੁਨਿਆਦੀ ਮੰਗਾਂ ਦੀ ਪ੍ਰਾਪਤੀ ਲਈ ਇਹ ਰੋਹ ਭਰਪੂਰ ਰੋਸ ਪ੍ਰਦਰਸ਼ਨ ਉਲੀਕੇ ਗਏ ਹਨ। ਇਸ ਸਬੰਧੀ ਵਿਚਾਰ ਚਰਚਾ ਵਿੱਚ ਚਰਨਜੀਤ ਕੌਰ, ਅਮਰਜੀਤ ਕੌਰ, ਸੁਖਵਿੰਦਰ ਸਿੰਘ, ਇਕਬਾਲ ਕੌਰ ਉਦਾਸੀ, ਮਮਨੋਹਰ ਲਾਲ, ਗੁਰਪ੍ਰੀਤ ਰੂੜੇਕੇ, ਅਜਮੇਰ ਕਾਲਸਾਂ, ਉਜਾਗਰ ਸਿੰਘ ਬੀਹਲਾ ਅਤੇ ਮਲਕੀਤ ਸਿੰਘ ਬਰਨਾਲਾ ਨੇ ਭਾਗ ਲਿਆ। ਉਪਰੰਤ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 8 ਜੁਲਾਈ ਨੂੰ ਸਵੇਰ 10 ਵਜੇ ਸਿਵਲ ਹਸਪਤਾਲ ਪਾਰਕ ਬਰਨਾਲਾ ਵਿਖੇ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਸਾਧਨਾਂ ਰਾਹੀ ਸਦਰ ਬਜਾਰ ਹੁੰਦਿਆਂ ਕਚੈਹਰੀਆਂ ਤੱਕ ਰੋਹ ਭਰਪੂਰ ਮਾਰਚ ਕੀਤਾ ਜਾਵੇਗਾ। ਪੋਸਟਰ ਲਾਉਣ ਲਈ ਸਾਰੀਆਂ ਜਥੇਬੰਦੀਆਂ ਨੇ ਆਪੋ ਆਪਣੇ ਕੰਮ ਖੇਤਰ ਅਨੁਸਾਰ ਜਿਲ੍ਹੇ ਨੂੰ ਵੰਡਕੇ ਪੋਸਟਰ ਲਾਉਣ ਦਾ ਤਹਿ ਕੀਤਾ। 8 ਜੁਲਾਈ ਨੂੰ ਕੀਤੇ ਜਾਣ ਵਾਲੇ ਰੋਹ ਭਰਪੂਰ ਮਾਰਚ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਮਾਰਚ ਵਿੱਚ ਸਭਨਾਂ ਇਨਸਾਫਪਸੰਦ ਜਥੇਬੰਦੀਆਂ/ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।