S.K.M. ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ਤੇ ਕਿਸਾਨ ਜਥੇਬੰਦੀਆਂ, ਮਜਦੂਰ ਜਥੇਬੰਦੀਆਂ ਨੇ ਹੰਡਿਆਇਆ ਚੌਂਕ ਜਾਮ ਕੀਤਾ
ਰਘਵੀਰ ਹੈਪੀ, ਹੰਡਿਆਇਆ 16 ਫਰਵਰੀ 2024
ਸੰਯੁਕਤ ਕਿਸਾਨ ਮੋਰਚੇ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਤੇ ਭਾਰਤ ਬੰਦ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਰਤੀ ਲੋਕ ਸੜਕਾਂ ਤੇ ਉਤਰ ਆਏ। ਇਸ ਮੌਕੇ ਹੰਡਿਆਇਆ ਚੌਂਕ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਮਾਰੂ ਨੀਤੀਆਂ ਅਧੀਨ ਕਿਰਤੀ ਲੋਕਾਂ ਨੂੰ ਦੱਬ ਰਹੀ ਹੈ ਤੇ ਇੱਥੇ ਹਰ ਚੀਜ਼ ਉੱਤੇ ਕਾਰਪੋਰੇਟ ਵੱਡੇ ਘਰਾਣਿਆਂ ਨੂੰ ਕਬਜ਼ਾ ਕਰਵਾ ਰਹੀ ਹੈ, ਜਿਸ ਨਾਲ ਕਿਸਾਨ, ਮਜ਼ਦੂਰ, ਵਪਾਰੀ ,ਆੜ੍ਹਤੀਏ, ਟਰਾਂਸਪੋਰਟਰ, ਦੁਕਾਨਦਾਰ, ਵਿਦਿਆਰਥੀ ,ਆਦਿ ਅਨੇਕਾਂ ਦੇ ਹੱਕ ਖੋਹੇ ਜਾ ਰਹੇ ਹਨ ਇਸ ਮੌਕੇ ਉਹਨਾਂ ਕੇਂਦਰ ਤੋ ਮੰਗ ਕੀਤੀ ਐਮ ਐਸ ਪੀ ਦੀ ਕਾਨੂੰਨੀ ਗਾਰੰਟੀ ਮਿਲੇ,ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ,ਮੁਲਾਜ਼ਮ ਵਰਗ ਲਈ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਕਿਸਾਨਾਂ ਪੈਨਸ਼ਨ ਸਕੀਮ ਦਿੱਤੀ ਜਾਵੇ,ਫਸਲਾਂ ਉਪਰ ਬੀਮਾ ਸਕੀਮ ਲਾਗੂ ਹੋਵੇ , ਕਿਰਤੀ ਲੋਕਾਂ ਨੂੰ ਰੁਜ਼ਗਾਰ ਮਿਲੇ , ਨੌਕਰੀ ਮਿਲਣ ਅਤੇ ਹਰ ਵਰਗ ਨੂੰ ਸਿਹਤ ਸਹੂਲਤਾਂ ਤੇ ਪੜਾਈ ਬਿਲਕੁਲ ਮੁਫਤ ਮਿਲਣੀ ਚਾਹੀਦੀ ਹੈ।
ਇਸ ਮੌਕੇ ਉਹਨਾਂ ਕਿਹਾ ਕਿ ਸਮੁੱਚੇ ਕਿਸਾਨ ਅਤੇ ਵਰਗ ਨੂੰ ਕਰਜੇ ਤੋਂ ਮੁਕਤੀ ਦਿਵਾਉਣੀ ਚਾਹੀਦੀ ਹੈ ਅਤੇ ਫਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਿਲਣੇ ਚਾਹੀਦੇ ਹਨ। ਇਸ ਮੌਕੇ ਸਾਹਿਬ ਸਿੰਘ ਬਡਬਰ, ਰਣ ਸਿੰਘ ਉੱਪਲੀ, ਜਗਰਾਜ ਸਿੰਘ ਰਾਮਾ, ਲਾਭ ਸਿੰਘ ਅਕਲੀਆ, ਕਿਸ਼ੋਰ ਬਾਵਾ, ਗੁਰਮੀਤ ਕੌਰ ਧੌਲਾ,ਗੋਪਾਲ ਕ੍ਰਿਸ਼ਨ ਹਮੀਦੀ, ਸੱਤਪਾਲ ਸਿੰਘ ਬਹਿਣੀਵਾਲ, ਪਰਮਜੀਤ ਕੌਰ ਗੁੰਮਟੀ,ਕਿਰਪਾਲ ਸਿੰਘ, ਪਰਵਿੰਦਰ ਸਿੰਘ, ਸੌਦਾਗਰ ਸਿੰਘ,ਪ੍ਰੇਮ ਕੁਮਾਰ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਧਰਮ ਦੇ ਨਾਮ ਲੋਕਾਂ ਵਿੱਚ ਵੰਡੀਆਂ ਪਾਉਣੀਆਂ ਬੰਦ ਕੀਤੀਆਂ ਜਾਣ ਅਤੇ ਦੇਸ਼ ਦੇ ਕੁਦਰਤੀ ਸਾਧਨਾਂ ਨੂੰ ਕੌੜੀਆਂ ਦੇ ਭਾਅ ਵੇਚਣਾ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਕਿਰਤੀ ਲੋਕਾਂ ਦੀ ਏਕਤਾ ਸਿਰਜ ਕੇ ਕਾਰਪੋਰੇਟ ਘਰਾਣਿਆਂ ਦੀਆਂ ਦਲਾਲ ਸਰਕਾਰਾਂ ਨੂੰ ਵੱਡੀ ਸਿਆਸੀ ਕੀਮਤ ਚੁਕਾਉਣੀ ਪਵੇਗੀ।
ਬੁਲਾਰਿਆਂ ਕਿਹਾ ਕਿ ਮੋਦੀ ਹਕੂਮਤ ਆਰਥਿਕ ਹੱਲੇ ਦੇ ਨਾਲ-ਨਾਲ ਫ਼ਿਰਕੂ ਫਾਸ਼ੀ ਹੱਲਾ ਵੀ ਤੇਜ਼ ਕਰ ਰਹੀ ਹੈ। 18 ਕਰੋੜ ਮੁਸਲਿਮ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਖੋਜਾਰਥੀਆਂ ਨੂੰ ਵੀ ਸਾਲਾਂ ਬੱਧੀ ਸਮੇਂ ਤੋਂ ਦੇਸ਼ ਧ੍ਰੋਹ ਦੇ ਕਥਿਤ ਕੇਸਾਂ ਰਾਹੀਂ ਜੇਲ੍ਹਾਂ ਵਿੱਚ ਸਾਲਾਂ ਬੱਧੀ ਸਮੇਂ ਤੋਂ ਡੱਕਿਆ ਹੋਇਆ ਹੈ। ਇਸ ਲਈ ਮੋਦੀ ਹਕੂਮਤ ਦੇ ਹੱਲੇ ਨੂੰ ਵਿਸ਼ਾਲ ਏਕਾ ਉਸਾਰਨ ਦੀ ਲੋੜ ਤੇ ਜੋਰ ਦਿੱਤਾ। ਸਟੇਜ ਸਕੱਤਰ ਦੇ ਫਰਜ਼ ਬਾਬੂ ਸਿੰਘ ਖੁੱਡੀ ਕਲਾਂ ਨੇ ਬਾਖ਼ੂਬੀ ਨਿਭਾਏ।