ਏ.ਕੇ. ਧੀਮਾਨ, ਸ੍ਰੀ ਫਤਹਿਗੜ੍ਹ ਸਾਹਿਬ, 1 ਫਰਵਰੀ 2024
ਲੋਕ ਸਭਾ ਹਲਕਾ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਸ਼ੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਅੱਜ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਾਕ ਧੂਰੀ ‘ਚ ਸ਼ੁਰੂ ਹੋਣ ਵਾਲੇ ਰੇਲ ਰੋਕੋ ਅੰਦੋਲਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਤਲਾਣੀਆਂ ਵਾਲੇ ਕਿਲਾ ਹਰਨਾਮ ਸਿੰਘ ਵਿਖੇ ਹੀ ਨਜਰਬੰਦ ਕਰ ਲਿਆ ਹੈ। ਇਸ ਮੌਕੇ ਮਾਨ ਤੋਂ ਇਲਾਵਾ ਉਨ੍ਹਾਂ ਦੇ ਹੋਰ ਸਾਥੀ ਆਗੂ ਵੀ ਮਾਨ ਦੇ ਘਰ ਵਿੱਚ ਮੌਜੂਦ ਹਨ। ਪੁਲਿਸ ਨੇ ਤੜਕਸਾਰ ਹੀ ਕਿਲਾ ਹਰਨਾਮ ਸਿੰਘ ਨੂੰ ਚੁਫੇਰਿਉਂ ਘੇਰਾ ਪਾ ਕੇ ਪੁਲਿਸ ਛਾਉਣੀ ਵਿੱਚ ਬਦਲ ਦਿੱਤਾ ਸੀ। ਸਾਂਸਦ ਮਾਨ ਦੀ ਘਰ ਵਿੱਚ ਨਜਰਬੰਦੀ ਨੇ ਸਰਕਾਰ ਦਾ ਰੁੱਖ ਸਪੱਸ਼ਟ ਕਰ ਦਿੱਤਾ ਹੈ ਕਿ ਸੂਬਾ ਸਰਕਾਰ ਦੇ ਹੁਕਮਾਂ ਤੇ ਪੁਲਿਸ ਭਾਨਾ ਸਿੱਧੂ ਦੀ ਰਿਹਾਈ ਦੇ ਮੁੱਦੇ ਤੇ ਫਿਲਹਾਲ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਹੈ। ਸਰਦਾਰ ਮਾਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਘਰ ਵਿੱਚ ਨਜਰਬੰਦ ਕੀਤੇ ਜਾਣ ਦੀ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸਿਮਰਨਜੀਤ ਸਿੰਘ ਮਾਨ ਦੇ ਨਿੱਜੀ ਸਕੱਤਰ ਇਕਬਾਲ ਸਿੰਘ ਨੇ ਕਿਹਾ ਕਿ ਇਹ ਸਭ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਹੈ, ਸਰਕਾਰ ਰੇਲ ਰੋਕੋ ਅੰਦੋਲਨ ਤੋਂ ਡਰ ਗਈ ਹੈ। ਉਨ੍ਹਾਂ ਇਸ ਨਜਰਬੰਦੀ ਨੂੰ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ ਹੈ।