ਹਰਿੰਦਰ ਨਿੱਕਾ , ਪਟਿਆਲਾ 26 ਜਨਵਰੀ 2024
ਕਰਨਪ੍ਰੀਤ ਨੇ ਇੱਕ ਨਹੀਂ, ਦੋ ਨਹੀਂ, ਸਗੋਂ ਤਿੰਨ ਵਿਆਹ ਤਾਂ ਕਰਵਾ ਲਏ, ਪਰ ਆਖਿਰ ਵਿੱਚ ਉਹ ਤਲਾਕ ਲਏ ਤੋਂ ਬਿਨਾਂ ਵਿਆਹ ਕਰਵਾਉਣ ਦੇ ਜੁਰਮ ਵਿੱਚ ਫਸ ਹੀ ਗਿਆ । ਪੁਲਿਸ ਨੇ ਕਰਨਪ੍ਰੀਤ ਸਿੰਘ ਦੀ ਤੀਜੀ ਪਤਨੀ ਦੀ ਸ਼ਕਾਇਤ ਪਰ, ਉਸ ਦੇ ਖਿਲਾਫ ਦਾਜ ਦਹੇਜ ਤੋਂ ਇਲਾਵਾ ਬਿਨਾਂ ਤਲਾਕ ਹੋਰ ਵਿਆਹ ਕਰਵਾਉਣ ਦੇ ਦੋਸ਼ ਤਹਿਤ ਪਰਚਾ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੀ ਸ਼ਕਾਇਤ ‘ਚ ਰਵਿੰਦਰ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਪਿੰਡ ਨਵਾਂ ਮਹਿਮਦਪੁਰ ਜੱਟਾਂ, ਸੀਲ ਰੋਡ ਬਹਾਦਰਗੜ, ਥਾਣਾ ਸਦਰ ਪਟਿਆਲਾ ਨੇ ਦੋਸ਼ ਲਾਇਆ ਕਿ ਉਸ ਦਾ ਵਿਆਹ ਲੰਘੇ ਵਰ੍ਹੇ 29 ਜਨਵਰੀ ਨੂੰ ਕਰਨਪ੍ਰੀਤ ਸਿੰਘ ਪੁੱਤਰ ਜਗਰਾਜ ਦਾਸ ਵਾਸੀ ਪਿੰਡ ਗੁਜਰਾਂ, ਜਿਲਾ ਸੰਗਰੂਰ ਹਾਲ ਵਾਸੀ ਪ੍ਰੋਫੈਸਰ ਕਲੋਨੀ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ ,ਅਰਬਨ ਅਸਟੇਟ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਦੋਸ਼ੀ, ਸ਼ਕਾਇਤਕਰਤਾ ਨੂੰ ਹੋਰ ਦਾਜ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲੱਗ ਪਿਆ। ਜੋ ਮੁਦਈ ਨੂੰ ਦਿੱਤੇ ਦਾਜ ਦਾ ਸਮਾਨ ਵੀ ਦੋਸ਼ੀਆਂ ਦੇ ਕਬਜੇ ਵਿੱਚ ਹੈ। ਮੁਤਾਬਿਕ ਮੁਦਈ, ਉਸ ਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਕਿ ਦੋਸ਼ੀ ਨੇ ਪਹਿਲਾਂ ਹੀ ਦੋ ਵਿਆਹ ਕਰਵਾਏ ਹੋਏ ਸਨ। ਦੋਸ਼ੀ ਨੇ ਦੂਜੇ ਵਿਆਹ ਤੋਂ ਤਲਾਕ ਲਏ ਬਿਨ੍ਹਾਂ ਹੀ ਮੁਦਈ ਨਾਲ ਤੀਜਾ ਵਿਆਹ ਕਰਵਾ ਲਿਆ। ਅਜਿਹਾ ਪਤਾ ਲੱਗਣ ਤੋਂ ਬਾਅਦ ਮੁਦਈ ਨੇ ਵਿਆਹ ਤੋਂ ਕਰੀਬ ਸੱਤ ਮਹੀਨਿਆਂ ਬਾਅਦ ਹੀ ਦੋਸ਼ੀ ਖਿਲਾਫ ਸ਼ਕਾਇਤ ਦੇ ਦਿੱਤੀ। ਮਾਮਲੇ ਦੀ ਪੜਤਾਲ ਉਪਰੰਤ ਥਾਣਾ ਵੂਮੈਨ ਪਟਿਆਲਾ ਵਿਖੇ ਕਰਨਪ੍ਰੀਤ ਸਿੰਘ ਦੇ ਖਿਲਾਫ ਪੁਲਿਸ ਨੇ ਅਮਾਨਤ ਵਿੱਚ ਖਿਆਨਤ ਕਰਨ, ਪਹਿਲੀ ਪਤਨੀ ਨੂੰ ਤਲਾਕ ਦਿੱਤੇ ਤੋਂ ਬਿਨਾਂ ਵਿਆਹ ਕਰਵਾਉਣ ਅਤੇ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਵਿੱਚ ਅਧੀਨ ਜੁਰਮ 406, 494, 498-A IPC ਤਹਿਤ ਕੇਸ ਦਰਜ ਕਰਕੇ,ਮਾਮਲੇ ਦੀ ਤਫਤੀਸ਼ ਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ।