ਅਸ਼ੋਕ ਵਰਮਾ , ਬਠਿੰਡਾ 24 ਜਨਵਰੀ 2024
ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਕੌਮੀ ਬਾਲੜੀ ਦਿਵਸ ਮੌਕੇ ਸਥਾਨਕ ਕਿਲ੍ਹਾ ਰੋਡ ਤੇ ਸਥਿਤ ਹੋਲੀ ਚਾਇਲਡ ਸਕੂਲ ਵਿਖੇ ਬੱਚਿਆਂ ਦਾ ਡਰਾਇੰਗ ਅਤੇ ਕਵਿਤਾ ਗਾਇਨ ਦਾ ਮੁਕਬਾਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਰਜਨੀ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਮੁੰਡੇ ਅਤੇ ਕੁੜੀ ਵਿਚ ਫਰਕ ਨਹੀਂ ਕਰਨਾ ਚਾਹੀਦਾ। ਅੱਜ ਲੜਕੀਆਂ ਲੜਕਿਆਂ ਨਾਲੋਂ ਘੱਟ ਨਹੀਂ ਹਰ ਖੇਤਰ ਵਿਚ ਨਾਰੀ ਸ਼ਕਤੀ ਅੱਗੇ ਵਧ ਰਹੀ ਹੈ। ਉਨ੍ਹਾਂ ਕੌਮੀ ਬਾਲੜੀ ਦਿਵਸ ਦੀ ਵਧਾਈ ਦਿੰਦਿਆਂ ਯੂਥ ਵਲੰਟੀਅਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਯੂਥ ਆਗੂ ਅੰਕਿਤਾ ਨੇ ਕਿਹਾ ਕਿ ‘ਕਲੀਓਂ ਕੋ ਖਿਲ ਜਾਨੇ ਦੋ, ਮੀਠੀ ਖ਼ੁਸ਼ਬੂ ਫੈਲਾਨੇ ਦੋ, ਬੰਦ ਕਰੋ ਉਨਕੀ ਹੱਤਿਆ ਅਬ, ਜੀਵਨ ਜਯੋਤੀ ਜਲਾਨੇ ਦੋ’ ਇਹ ਕਿਸੇ ਗੀਤ ਦੀਆਂ ਸਤਰਾਂ ਨਹੀਂ ਸਗੋਂ ਉਹਨਾਂ ਮਾਪਿਆਂ ਦੀ ਮਾੜੀ ਮਾਨਸਿਕਤਾ ਨੂੰ ਝੰਜੋੜਨ ਵਾਲੇ ਸ਼ਬਦ ਹਨ ਜਿਹੜੇ ਆਪਣੇ ਘਰ ਵਿੱਚ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਸਭ ਤੋਂ ਵੱਡਾ ਪਾਪ ਹੈ ਪ੍ਰੰਤੂ ਫਿਰ ਵੀ ਲੋਕ ਇਸ ਪਾਪ ਨੂੰ ਅੰਜਾਮ ਦੇ ਰਹੇ ਹਨ। ਉਹਨਾਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ, ਸਾਨੂੰ ਹੁਣੇ ਹੀ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਜਿਸ ਦੇ ਭਿਆਨਕ ਸਿੱਟੇ ਨਿਕਲਣਗੇ।
ਉਹਨਾਂ ਕਿਹਾ ਕਿ ਲੜਕਾ ਲੜਕੀ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ ਅੱਜ ਹਰ ਖੇਤਰ ਵਿਚ ਲੜਕੀਆਂ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ, ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਸਗੋਂ ਦੋ ਕਦਮ ਅੱਗੇ ਹਨ। ਇਸ ਮੌਕੇ ਕਰਵਾਏ ਡਰਾਇੰਗ ਕੰਪੀਟੀਸ਼ਨ ਵਿਚ ਅੰਸ਼ ਨੇ ਪਹਿਲਾ, ਧਵਨੀ ਨੇ ਦੂਜਾ ਅਤੇ ਮਿਸ਼ਟੀ ਨੇ ਤੀਜਾ ਸਥਾਨ ਹਾਸਿਲ ਕੀਤਾ, ਇਸੇ ਤਰਾਂ ਕਵਿਤਾ ਮੁਕਾਬਲੇ ਵਿਚ ਮਾਹੀ ਨੇ ਪਹਿਲਾ, ਅਨਮੋਲ ਨੇ ਦੂਜਾ ਅਤੇ ਭਾਵਿਕਾ ਨੇ ਤੀਜਾ ਸਥਾਨ ਹਾਸਿਲ ਕੀਤਾ। ਮੁੱਖ ਮਹਿਮਾਨ ਮੈਡਮ ਰਜਨੀ ਅਰੋੜਾ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਸਮਾਗਮ ਦੀ ਸਮਾਪਤੀ ਨੇ ਯੂਥ ਵਲੰਟੀਅਰਾਂ ਨੇ ਮੁੱਖ ਮਹਿਮਾਨ ਮੈਡਮ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ। ਇਸ ਮੌਕੇ ਯੂਥ ਵਲੰਟੀਅਰਾਂ ਸੁਨੀਤਾ, ਭਾਵਿਆ, ਸ਼ਿਵਾਨੀ, ਗਿੰਨੀ, ਪ੍ਰਿਅੰਕਾ ਅਤੇ ਹੋਰ ਵਲੰਟੀਅਰਾਂ ਸ਼ਾਮਲ ਸਨ।