ਅਸ਼ੋਕ ਵਰਮਾ, ਬਠਿੰਡਾ 24 ਜਨਵਰੀ 2024
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਬੇਅਦਬੀ ਦੇ ਬਹਾਨੇ ਕਤਲ ਕਰਨ ਵਾਲੇ ਰਮਨਦੀਪ ਸਿੰਘ ਮੰਗੂ ਮੱਠ ਉੱਪਰ ਕਤਲ ਦਾ ਕੇਸ ਦਰਜ ਕਰਨ ਅਤੇ ਪੰਜਾਬ ਅੰਦਰ ਲਿੰਚਿਗ ਅਤੇ ਕੱਟੜਤਾ ਦੀ ਮਾਨਸfਕਤਾ ਸਿਰਜਣ ਵਾਲੀਆਂ ਅਤੇ ਲੋਕਾਂ ਦਾ ਧਿਆਨ ਬੁਨਿਆਦੀ ਮੁੱਦਿਆਂ ਤੋਂ ਭੜਕਾਉਣ ਵਾਲੀਆਂ ਅਤੇ ਲੋਕਾਈ ਦੀ ਭਾਈਚਾਰਕ ਸਾਂਝ ਨੂੰ ਸੰਨ੍ਹ ਲਾਉਣ ਲਈ ਯਤਨਸ਼ੀਲ ਅਸਲ ਤਾਕਤਾਂ ਨੂੰ ਨੰਗਿਆਂ ਕਰਨ ,ਪੰਜਾਬ ਦੀ ਸਾਂਝੀ ਵਿਰਾਸਤ ਉੱਪਰ ਪਹਿਰਾ ਦੇਣ ਦਾ ਸੱਦਾ ਦਿੱਤਾ ਹੈ। ਇਹ ਖੁਲਾਸਾ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰਧਾਨ ਪ੍ਰੋ ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਫਗਵਾੜਾ ਦੇ ਗੁਰਦਵਾਰਾ ਛੇਵੀਂ ਪਾਤਸ਼ਾਹੀ ਵਿਖੇ 16 ਜਨਵਰੀ 2024 ਨੂੰ ਬੇਅਦਬੀ ਬਹਾਨੇ ਇੱਕ ਯਤੀਮ,ਗਰੀਬ ਵਿਕਾਸ ਕਪੂਰ ਵਿਅਕਤੀ ਦੇ ਕਤਲ ਬਾਰੇ ਤੱਥ ਖੋਜ ਰਿਪੋਰਟ ਜਾਰੀ ਕਰਦਿਆਂ ਕੀਤਾ ਹੈ। ਇਹ ਰਿਪੋਰਟ ਪ੍ਰੋ ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ, ਨਰਭਿੰਦਰ, ਐਡਵੋਕੇਟ ਐਨ ਕੇ ਜੀਤ, ਬੂਟਾ ਸਿੰਘ ਅਤੇ ਐਡਵੋਕੇਟ ਸੁਦੀਪ ਸਿੰਘ ਅਧਾਰਤ ਤੱਥ ਖੋਜ ਕਮੇਟੀ ਨੇ ਤਿਆਰ ਕੀਤੀ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਰਿਪੋਰਟ ਵਿੱਚ ਕਤਲ ਦੀ ਇਸ ਘਟਨਾ ਨੂੰ ਸ੍ਰੀ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਪੂਰਬ ਸੰਧਿਆ ਅਤੇ ਜਲੰਧਰ ਵਿਖੇ 16 ਜਨਵਰੀ ਨੂੰ ਹੋ ਜਾਣ ਜਾ ਰਹੀ ਸੰਯੁਕਤ ਕਿਸਾਨ ਮੋਰਚੇ ਦੀ ਦੇਸ਼ ਪੱਧਰੀ ਕਨਵੈਨਸ਼ਨ ਮੌਕੇ ਅੰਜਾਮ ਦਿੱਤਾ ਗਿਆ ਹੈ ਤਾਂ ਇਸ ਘਟਨਾ ਦੀ ਸਾਜਿਸ਼ ਵਿੱਚ ਹੋਰ ਤਾਕਤਾਂ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ।
ਆਗੂਆਂ ਨੇ ਕਿਹਾ ਕਿ ਰਮਨਦੀਪ ਸਿੰਘ ਮੰਗੂ ਮੱਠ ਦਾ ਝੂਠ ਸਾਹਮਣੇ ਆ ਗਿਆ ਹੈ, ਜਦੋਂ ਉਹ ਇੱਕ ਪਾਸੇ ਆਤਮ ਰੱਖਿਆ ਲਈ ਕੀਤੇ ਵਾਰ ਵਿੱਚ ਵਿਕਾਸ ਕਪੂਰ ਦੀ ਜਾਨ ਚਲੀ ਜਾਣ ਦੀ ਗੱਲ ਕਰਦਾ ਹੈ, ਜਦੋਂ ਕਿ ਵੀਡੀਓ ਰਾਹੀ ਕਹਿੰਦਾ ਹੈ ਕਿ “ਬੰਦਾ ਬੇਅਦਬੀ ਕਰਨ ਆਇਆ ਸੀ ਮੈਂ ਮਾਰਤਾ।ਵੀਡੀਓ ਵਿੱਚ ਵਿਕਾਸ ਕਪੂਰ ਉਸ ਨੂੰ ਕਿਸੇ ਸੁੱਖੀ ਵੱਲੋਂ ਬੇਅਦਬੀ ਲਈ ਰਕਮ ਦੇਣ ਦੀ ਗੱਲ ਬਾਰੇ ਰਮਨਦੀਪ ਸਿੰਘ ਮੰਗੂ ਮੱਠ ਨੂੰ ਪਤਾ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਰਿਪੋਰਟ ਅਨੁਸਾਰ ਇਹ ਆਪਾ ਚਮਕਾਉਣ ਲਈ ਅਤੇ ਵਿਦੇਸ਼ੀ ਸ਼ਰਧਾਲੂਆਂ ਤੋਂ ਪੈਸਾ ਹਾਸਲ ਕਰਨ ਲਈ ਵੀਡੀਓ ਪਾਉਣ ਦਾ ਆਦੀ ਹੈ ਅਤੇ ਇਹ ਕਤਲ ਵੀ ਇਸੇ ਮਕਸਦ ਲਈ ਕੀਤਾ ਗਿਆ ਹੈ। ਰਮਨਦੀਪ ਸਿੰਘ ਮੰਗੂ ਮੱਠ ਜਿਸ ਦਾ ਪਿਛੋਕੜ ਅਪਰਾਧੀ ਹੈ ਅਤੇ ਪੁਲਿਸ ਮੁਤਾਬਕ ੳਸਦੀ ਰਹਿਣੀ ਸਹਿਣੀ ਉਸ ਦੇ ਆਮਦਨ ਸਰੋਤਾਂ ਨਾਲ ਮੇਲ ਨਹੀਂ ਖਾਂਦੇ ਅਤੇ ਉਸ ਦੇ ਡੋਪ ਟੈਸਟ ਵਿੱਚ ਉਹ ਨਸ਼ਿਆਂ ਦਾ ਆਦੀ ਹੋਣਾ ਵੀ ਪਾਇਆ ਗਿਆ ਹੈ। ਪੁਲੀਸ ਨੇ ਘਟਨਾ ਸਥਾਨ ਉਪਰ ਪਹੁੰਚਣ ਦੀ ਦੇਰੀ ਕਰਕੇ ਅਤੇ ਐਸਜੀਪੀਸੀ ਦੇ ਪ੍ਰਬੰਧਕਾਂ ਨੇ ਬੇਅਦਬੀ ਦੇ ਸ਼ੱਕੀ ਵਿਅਕਤੀ ਵਿਕਾਸ ਕਪੂਰ ਦੀ ਸੁਰੱਖਿਆ ਦੀ ਜੁੰਮੇਵਾਰੀ ਨਹੀਂ ਨਿਭਾਈ । ਪਿਛਲੇ ਸਮੇਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ ਵਿੱਚ ਗਰੀਬ ਅਤੇ ਬਹੁਤੇ ਮਾਨਸਿਕ ਰੋਗੀ ਕਿਸਮ ਦੇ ਵਿਅਕਤੀਆਂ ਉਪਰ ਲਾ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਇਹ ਕਿਸੇ ਸਧਾਰਨ ਮਨੁੱਖ ਦੇ ਮਨ ‘ਚੋਂ ਉੱਠੇ ਵਲਵਲਿਆਂ ਤਹਿਤ ਭਾਵਨਾਵਾਂ ਭੜਕਣ ਦੇ ਮਾਮਲੇ ਨਹੀਂ ਹਨ ਬਲਕਿ ਸਾਜ਼ਿਸ਼ ਤਹਿਤ ਅਜਿਹੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਘਟਨਾਵਾਂ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਨੰਗੇ ਕਰਨ ਅਤੇ ਉਨ੍ਹਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕਰਨ ਦੀ ਲੋੜ ਹੈ। ਮੁੱਠੀ ਭਰ ਲੋਕ ਬੇਅਦਬੀ ਦੀਆਂ ਵਾਰਦਾਤਾਂ ਸਮੇਂ ਸੋਧਾ ਲਾਉਣ ਦੀ ਮਾਨਸਿਕਤਾ ਨੂੰ ਹੱਲਾ ਸ਼ੇਰੀ ਦੇ ਰਹੇ ਹਨ ਅਤੇ ਦੇਸ਼ ਭਰ ਅੰਦਰ ਭੜਕਾਈ ਜਾ ਰਹੀ ਫਿਰਕੂ ਪਾਲਾਬੰਦੀ ਦੀ ਸਿਆਸਤ ਨੂੰ ਪੱਠੇ ਪਾ ਰਹੇ ਹਨ। ਮੁਲਕ ਅੰਦਰ ਗਊ ਰੱਖਿਆ ਦੇ ਨਾਂ ਹੇਠ ਭਗਵਾ ਫਿਰਕਾਪ੍ਰਸਤਾਂ ਵੱਲੋਂ ਪਹਿਲੂ ਖਾਨ ਵਰਗੀਆਂ ਮਾਬ ਲਿੰਚਿੰਗ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਸਭਾ ਨੇ ਪੰਜਾਬ ਦੇ ਸਮੂਹ ਜਮਹੂਰੀ ਤੇ ਇਨਸਾਫ਼ ਪਸੰਦ ਲੋਕਾਂ ਨੂੰ ਲੋਕਾਂ ਦੇ ਬੁਨਿਆਦੀ ਮੁੱਦਿਆਂ ਤੋਂ ਧਿਆਨ ਭਟਕਾਉਣ ਅਤੇ ਦੇਸ਼ ਭਰ ਵਿੱਚ ਫਿਰਕੂ ਜਨੂੰਨੀ ਪਾਲਾਬੰਦੀ ਕਰਨ ਵਾਲੀਆਂ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਪੰਜਾਬੀਅਤ ਦੀ ਸਾਂਝੀ ਵਿਰਾਸਤ ਉੱਪਰ ਦੇਣ ਦਾ ਸੱਦਾ ਦਿੱਤਾ ਹੈ।