ਅਸ਼ੋਕ ਵਰਮਾ ,ਬਠਿੰਡਾ 19ਜਨਵਰੀ 2024
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ਤਹਿਤ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਭਾਲ ਯਾਤਰਾ ਦੀਆਂ ਮੁਹਾਰਾਂ ਮੋਹਾਲੀ ਵੱਲ ਮੋੜ ਲਈਆਂ ਹਨ ਜਿੱਥੇ 21 ਜਨਵਰੀ ਨੂੰ ਇਹ ਤਲਾਸ਼ ਕਰਨ ਦੇ ਨਾਲ ਨਾਲ ਸੂਬਾ ਪੱਧਰੀ ਰੈਲੀ ਕਰਕੇ ਆਪਣੀਆਂ ਮੰਗਾਂ ਤੇ ਮਸਲਿਆਂ ਨੂੰ ਹੱਲ ਕਰਵਾਉਣ ਲਈ ਅਲਖ ਜਗਾਈ ਜਾਏਗੀ। ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਭਾਲ ਯਾਤਰਾ ਦਾ ਆਰੰਭ ਜੋਨ 1 ਅੰਮ੍ਰਿਤਸਰ, ਜੋਨ 2 ਬਠਿੰਡਾ, ਜੋਨ 3 ਪਠਾਨਕੋਟ, ਜੋਨ 4 ਮੁਕਤਸਰ ਤੋਂ ਨਿਸ਼ਚਿਤ ਕਰਕੇ 21 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਤਲਾਸ਼ ਕਰਨ ਦੀ ਰੂਪਰੇਖਾ ਉਲੀਕੀ ਸੀ।
ਕੰਪਿਊਟਰ ਅਧਿਆਪਕ ਯੂਨੀਅਨ (ਜ਼ਿਲ੍ਹਾ ਬਠਿੰਡਾ) ਪ੍ਰਧਾਨ ਈਸ਼ਰ ਸਿੰਘ , ਸੀਨੀਅਰ ਮੀਤ ਪ੍ਰਧਾਨ ਗੁਰਬਖ਼ਸ ਲਾਲ ਅਤੇ ਲਖਵੀਰ ਸਿੰਘ ਨੇ ਕਿਹਾ ਕਿ ਇਸ ਮੌਕੇ ਸਰਕਾਰ ਤੋਂ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰਨ, ਉਹਨਾਂ ਨੂੰ 6ਵੇਂ ਪੇ ਕਮਿਸ਼ਨ ਦਾ ਲਾਭ ਦੇਣ, ਬਣਦੇ ਅਧਿਕਾਰ ਬਹਾਲ ਕੀਤੇ ਜਾਣ, ਪਿਛਲੇ ਸਮੇਂ ਦੌਰਾਨ ਦੁਨੀਆਂ ਛੱਡ ਗਏ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਬਣਦੀ ਸਹਾਇਤਾ ਵਿੱਤੀ ਸਹਾਇਤਾ ਅਤੇ ਨੌਕਰੀਆਂ ਦੇਣ ਤੋਂ ਇਲਾਵਾ ਹੋਰ ਵੱਖ ਵੱਖ ਮਸਲਿਆਂ ਨੂੰ ਹੱਲ ਕਰਨ ਦੀ ਮੰਗ ਕੀਤੀ ਜਾਏਗੀ।
ਕੰਪਿਊਟਰ ਅਧਿਆਪਕ ਆਗੂਆਂ ਨੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਦਿਵਾਲੀ ਦੇ ਤਿਉਹਾਰ ਮੌਕੇ ਦਿੱਤਾ ਗਿਆ ‘ਦਿਵਾਲੀ ਦਾ ਤੋਹਫਾ’ ਅਸਲ ’ਚ ਉਨ੍ਹਾਂ ਲਈ ਹੁਣ ਜੀਅ ਦਾ ਜੰਜਾਲ ਬਣ ਗਿਆ ਹੈ ਜੋਕਿ ਵਾਅਦਿਆਂ ਦੇ ਬਾਵਜੂਦ 2 ਦਿਵਾਲੀਆਂ ਬੀਤਣ ਅਤੇ ਦਰਜਨਾਂ ਮੀਟਿੰਗਾਂ ਕਰਨ ਮਗਰੋਂ ਵੀ ਉਨ੍ਹਾਂ ਦੀ ਝੋਲੀ ਵਿੱਚ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਾਰ ਬਾਰ ਸਮਾਂ ਦੇ ਕੇ ਮੀਟਿੰਗਾਂ ਮੁਲਤਵੀ ਕੀਤੀਆਂ ਜਾ ਰਹੀਆਂ ਹਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਸਰਕਾਰੀ ਪੱਤਰ ਲਾਗੂ ਕਰਨ ਤੋਂ ਭੱਜ ਗਏ ਹਨ। ਆਗੂਆਂ ਨੇ ਦੱਸਿਆ ਕਿ ਦਫਤਰ ਮੁੱਖ ਮੰਤਰੀ ਪੰਜਾਬ ਅਤੇ ਸਬ ਕਮੇਟੀ, ਪੰਜਾਬ ਸਰਕਾਰ ਨੇ ਪਹਿਲਾਂ 19 ਦਸੰਬਰ ਨੂੰ ਕੰਪਿਊਟਰ ਅਧਿਆਪਕ ਯੂਨੀਅਨ ਨਾਲ ਤੈਅ ਮੀਟਿੰਗ ਮੁਲਤਵੀ ਕੀਤੀ ਅਤੇ ਫਿਰ 4 ਜਨਵਰੀ ਨੂੰ ਰੱਖੀ ਮੀਟਿੰਗ ਨਾਲ ਵੀ ਇਹੋ ਭਾਣਾ ਵਰਤਾਇਆ ਗਿਆ ਹੈ।
ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਜੋਨੀ ਸਿੰਗਲਾ, ਗੁਰਦੀਪ ਸਿੰਘ, ਸੈਫ਼ੀ ਗੋਇਲ, ਸੁਮਿਤ ਗੋਇਲ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ, ਕਮਲਜੀਤ ਸਿੰਘ, ਅੰਸ਼ੁਮਨ ਕਾਂਸਲ, ਸੁਮਨਜੀਤ ਸਿੰਘ ਬਰਾੜ, ਅਨੀਤਾ, ਹਰਜੀਵਨ ਸਿੰਘ, ਸੰਦੀਪ ਕੁਮਾਰ, ਰਾਜਿੰਦਰ ਕੁਮਾਰ, ਸੁਖਜਿੰਦਰ ਸਿੰਘ, ਪ੍ਰਤਿਭਾ ਸ਼ਰਮਾ, ਮੀਨੂ ਗੋਇਲ, ਸ਼ਬਨਮ, ਰਜਨੀ ,ਰਚਨਾ ਵਿਜੈ ਸ਼ਰਮਾ, ਰਵਿੰਦਰ ਪਾਲ ਸਿੰਘ, ਸੁਰਿੰਦਰ ਸ਼ਰਮਾ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਵਤੀਰੇ ਕਾਰਨ ਕੰਪਿਊਟਰ ਅਧਿਆਪਕਾਂ ’ਚ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਸਰਕਾਰ ਕੰਧ ਤੇ ਲਿਖਿਆ ਪੜ੍ਹੇ ਅਤੇ ਮੰਗਾਂ ਮੰਨਕੇ ਆਪਣੇ ਵਾਅਦੇ ਪੂਰੇ ਕਰੇ।