ਜਾਇਜ ਅਤੇ ਹੱਕੀ ਮੰਗਾਂ ਦੇ ਹੱਲ ਕਰਨ ਦੀ ਬਜਾਏ ਮੀਟਿੰਗਾਂ ਤੋਂ ਟਾਲਾ ਵੱਟ ਰਿਹਾ ਹੈ ਮੁੱਖ ਮੰਤਰੀ ਪੰਜਾਬ: ਪਰਦੀਪ ਕੁਮਾਰ
ਅਦੀਸ਼ ਗੋਇਲ , ਬਰਨਾਲਾ 19 ਜਨਵਰੀ 2024
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਯੂਨੀਅਨ 21 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਜਬਰਦਸਤ ਢੰਗ ਨਾਲ ਘਿਰਾਉ ਕਰੇਗੀ। ਮੀਡੀਆ ਨੂੰ ਇਹ ਜਾਣਕਾਰੀ ਯੂਨੀਅਨ ਦੇ ਜ਼ਿਲ੍ਹਾ ਬਰਨਾਲਾ, ਦੇ ਪ੍ਰਧਾਨ ਪਰਦੀਪ ਕੁਮਾਰ ਅਤੇ ਸਟੇਟ ਮੀਤ ਪ੍ਰਧਾਨ ਸਿਕੰਦਰ ਸਿੰਘ ਨੇ ਦਿੱਤੀ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਲਾਰੇ ਲੱਪੇ ਅਤੇ ਟਾਲ-ਮਟੋਲ ਦੀ ਨੀਤੀ ਅਤੇ ਕੰਪਿਊਟਰ ਅਧਿਆਪਕਾਂ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਰੋਸ ਵਜੋ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਅਤੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ ਜਿਲ੍ਹਿਆਂ ਵਿੱਚ ਮੁੱਖ ਮੰਤਰੀ ਭਾਲ ਯਾਤਰਾ ਤੋਂ ਬਾਅਦ ਮੋਹਾਲੀ ਵਿਖੇ ਇਕੱਤਰ ਹੋ ਕੇ 21 ਜਨਵਰੀ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਦਾ ਘਿਰਾਓ ਕਰਕੇ ਭਗਵੰਤ ਸਿੰਘ ਮਾਨ ਦੀ ਭਾਲ ਕੀਤੀ ਜਾਵੇਗੀ। ਕਿਉਕਿ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਹੱਲ ਕਰਨ ਦੀ ਬਜਾਏ ਵਾਰ-ਵਾਰ ਮੁੱਖ ਮੰਤਰੀ ਪੰਜਾਬ ਜੱਥੇਬੰਦੀ ਨੂੰ ਮੀਟਿੰਗ ਲਈ ਸਮਾਂ ਦੇਣ ਉਪਰੰਤ ਮੀਟਿੰਗਾਂ ਤੋਂ ਲਗਾਤਾਰ ਟਾਲਾ ਵੱਟ ਰਿਹਾ ਹੈ।
ਪਰਦੀਪ ਕੁਮਾਰ ਨੇ ਪੰਜਾਬ ਸਰਕਾਰ ਤੇ ਦੋਸ਼ ਲਗਾਉਦਿਆਂ ਸਾਂਝੇ ਤੌਰ ਤੇ ਪੈ੍ਰਸ ਨੂੰ ਜਾਣਕਾਰੀ ਦਿੱਤੀ ਕਿ ਬੇਸ਼ੱਕ 2011 ਵਿੱਚ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਨਿਯੁਕਤੀ ਪੱਤਰਾਂ ਅਨੁਸਾਰ ਪੰਜਾਬ ਸਿਵਲ ਸਰਵਿਸ ਸੇਵਾਵਾਂ ਨਿਯਮਾਂ ਤਹਿਤ ਰੈਗੂਲਰ ਕਰ ਦਿੱਤਾ ਪਰ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿੱਚ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀਂ ਕੀਤੇ ਗਏ, ਜਿਸ ਸਬੰਧੀ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ, ਸਬ-ਕਮੇਟੀ ਪੰਜਾਬ ਸਰਕਾਰ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਵੀ ਹੱਲ ਨਹੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਲਗਭਗ 6-7 ਵਾਰ ਮੁੱਖ ਮੰਤਰੀ ਪੰਜਾਬ ਦੇ ਦਫਤਰ ਤੋਂ ਜੱਥੇਬੰਦੀ ਨੂੰ ਮੀਟਿੰਗ ਦੇ ਕੇ ਬਲਾਇਆ ਗਿਆ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰ ਵਾਰ ਜਾਇਜ ਅਤੇ ਹੱਕੀ ਮੰਗਾਂ ਦਾ ਹੱਲ ਕਰਨ ਦੀ ਬਜਾਏ ਮੀਟਿੰਗ ਤੋਂ ਟਾਲਾ ਵੱਟ ਲਿਆ।
ਸਿਕੰਦਰ ਸਿੰਘ ਨੇ ਦੱਸਿਆ ਕਿ ਭਾਵੇਂ 15 ਸਤੰਬਰ 2022 ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ 2 ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ। ਕੰਪਿਊਟਰ ਅਧਿਆਪਕਾਂ ਦੇ ਪੰਜਾਬ ਰਾਜ ਦੇ ਹੋਰਨਾਂ ਸਰਕਾਰੀ ਮੁਲਜਮਾਂ ਵਾਂਗ ਬਣਦੇ ਲਾਭ ਜਿਵੇਂ ਪੰਜਾਬ ਸਿਵਲ ਸਰਵਿਸ ਸੇਵਾ ਨਿਯਮ ਪੂਰਨ ਰੂਪ ਵਿਚ ਲਾਗੂ ਕਰਨਾ, 6ਵਾਂ ਪੇਅ ਕਮਿਸ਼ਨ, ਏ.ਸੀ.ਪੀ., ਨੋਕਰੀ ਦੌਰਾਨ ਮੋਤ ਹੋ ਜਾਣ ਕਰਕੇ ਆਸ਼ਰਿਤਾਂ ਨੂੰ ਸਰਕਾਰੀ ਸੇਵਾ ਵਿੱਚ ਨੌਕਰੀ, ਮੈਡੀਕਲ ਪ੍ਰਤੀਪੂਰਤੀ, ਫੈਮਿਲੀ ਪੈਨਸ਼ਨ, ਛੁੱਟੀਆਂ ਅਤੇ ਹੋਰ ਵਿੱਤੀ ਲਾਭ ਰੋਕ ਰੱਖੇ ਹਨ, ਜਿਨ੍ਹਾਂ ਨੂੰ ਕੰਪਿਊਟਰ ਅਧਿਆਪਕਾਂ ਤੇ ਬਗੈਰ ਦੇਰੀ ਤੁਰੰਤ ਲਾਗੂ ਕੀਤਾ ਜਾਵੇ। ਉਨ੍ਹਾ ਅੱਗੇ ਕਿਹਾ ਕਿ ਜੇਕਰ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨੂੰ ਪ੍ਰਵਾਨ ਨਹੀ ਕਰਦੀ ਤਾਂ ਆਰ-ਪਾਰ ਦਾ ਸੰਘਰਸ਼ ਝੱਲਣ ਲਈ ਪੰਜਾਬ ਸਰਕਾਰ ਤਿਆਰ ਰਹੇ, ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਸਿਕੰਦਰ ਸਿੰਘ, ਪਰਦੀਪ ਕੁਮਾਰ ਪ੍ਰਧਾਨ ਜ਼ਿਲ੍ਹਾ ਬਰਨਾਲਾ, ਜਤਿੰਦਰ ਕੁਮਾਰ ਜਨਰਲ ਸਕੱਤਰ, ਅਵਤਾਰ ਸਿੰਘ ਕੁਤਬਾ ਸੀਨੀਅਰ ਮੀਤ ਪ੍ਰਧਾਨ, ਨਿਰਭੈ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ ਤਪਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮੀਤ ਪ੍ਰਧਾਨ, ਗੁਰਬਿੰਦਰ ਸਿੰਘ ਵਿੱਤ ਸਕੱਤਰ, ਕਿਰਨਦੀਪ ਸਿੰਘ ਸਟੇਜ ਸਕੱਤਰ, ਸੁਖਜੀਤ ਕੌਰ, ਜਸਪਾਲ ਕੌਰ, ਵਿਪੁਲ ਕੁਮਾਰ, ਜਸਵੀਰ ਸਿੰਘ, ਤਰਸੇਮ ਸਿੰਘ, ਧਰਮਪਾਲ, ਰਾਧੇ ਸ਼ਿਆਮ, ਸੁਮਨਦੀਪ ਕੌਰ ਅਤੇ ਹੋਰ ਕੰਪਿਊਟਰ ਅਧਿਆਪਕ ਹਾਜਰ ਸਨ।