ਅਸ਼ੋਕ ਵਰਮਾ , ਬਠਿੰਡਾ 14 ਜਨਵਰੀ 2024
ਅਵਾਰਾ ਕੁੱਤਿਆਂ ਦੀ ਹਕੂਮਤ ਦੇ ਇਹ ਤੱਥ ਕਾਫੀ ਪ੍ਰੇਸ਼ਾਨ ਕਰਨ ਵਾਲੇ ਹਨ । ਹਰ ਦਿਨ ਕੁੱਤਿਆਂ ਵੱਲੋਂ ਔਸਤਨ ਇੱਕ ਬੰਦੇ ਨੂੰ ਵੱਢਿਆ ਜਾ ਰਿਹਾ ਹੈ। ਇੱਥੇ ਹੀ ਬੱਸ ਨਹੀਂ ਦਿਨੋ ਦਿਨ ਅਵਾਰਾ ਕੁੱਤਿਆਂ ਦਾ ਕਹਿਰ ਵਧਦਾ ਦਿਖਾਈ ਦੇ ਰਿਹਾ ਹੈ। ਕੁੱਤੇ ਕਾਫੀ ਖੂੰਖਾਰ ਹੋ ਗਏ ਹਨ ਤੇ ਲੋਕਾਂ ਨੂੰ ਲਗਾਤਾਰ ਨਿਸ਼ਾਨਾ ਵੀ ਬਣਾਾ ਰਹੇ ਹਨ । ਗ੍ਰਾਹਕ ਜਾਗੋ ਸੰਸਥਾ ਵੱਲੋਂ ਇਸ ਮਾਮਲੇ ‘ਚ ਸੂਚਨਾ ਦੇ ਅਧਿਕਾਰ ਕਾਨੂੰਨ 2005 ਤਹਿਤ ਸਾਹਮਣੇ ਲਿਆਂਦੇ ਤੱਥ ਨਵੀਂ ਤਸਵੀਰ ਦਿਖਾਉਂਦੇ ਹਨ ਜੋ ਕਿ ਹੈਰਾਨ ਕਰ ਦੇਣ ਵਾਲੀ ਗ੍ਰਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਹਾਸਲ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬਠਿੰਡਾ ‘ਚ ਪਿਛਲੇ ਤਿੰਨ ਸਾਲਾਂ ਦੌਰਾਨ ਕੁੱਤਿਆਂ ਵੱਲੋਂ ਵੱਢਣ ਦੇ 1231 ਮਾਮਲੇ ਸਾਹਮਣੇ ਆਏ ਹਨ । ਜਿੰਨ੍ਹਾਂ ਦੀ ਸਲਾਨਾ ਔਸਤ ਗਿਣਤੀ 410 ਬਣਦੀ ਹੈ।
ਗ੍ਰਾਹਕ ਜਾਗੋ ਆਗੂ ਅਨੁਸਾਰ ਇਹ ਅੰਕੜਾ ਸਿਰਫ ਸਰਕਾਰੀ ਸਿਵਲ ਹਸਪਤਾਲ ਦਾ ਹੈ । ਜਦੋਂਕਿ ਪ੍ਰਾਈਵੇਟ ਹਸਪਤਾਲਾਂ ’ਚ ਕੁੱਤਿਆਂ ਵੱਲੋਂ ਵੱਢਣ ਦਾ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਗ੍ਰਾਹਕ ਜਾਗੋ ਆਗੂ ਨੇ ਅੱਜ ਇਹ ਤੱਥ ਮੀਡੀਆ ਲਈ ਜਾਰੀ ਕੀਤੇ ਹਨ। ਜਿੰਨ੍ਹਾਂ ਨੂੰ ਆਮ ਆਦਮੀ ਲਈ ਕਾਫੀ ਗੰਭੀਰ ਅਤੇ ਦੁਖਦਾਈ ਮੰਨਿਆ ਜਾ ਰਿਹਾ ਹੈ। ਸੂਚਨਾ ਅਨੁਸਾਰ ਸਾਲ 2021 ਦੌਰਾਨ 157 ਵਿਅਕਤੀਆਂ ਨੇ ਸਿਵਲ ਹਸਪਤਾਲ ’ਚ ਕੁੱਤਿਆਂ ਵੱਲੋਂ ਵੱਢਣ ਉਪਰੰਤ ਇਲਾਜ਼ ਕਰਵਾਇਆ ਸੀ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਸ ਸਾਲ ਦੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੁੱਤਿਆਂ ਵੱਲੋਂ ਵੱਢੇ ਜਾਣ ਨੂੰ ਲੈਕੇ ਸੁੱਖ ਸਾਂਦ ਰਹੀ ਸੀ। ਸੂਚਨਾ ’ਚ ਦੱਸਿਆ ਹੈ ਕਿ ਸਾਲ 2022 ਵਿੱਚ ਇਹ ਅੰਕੜਾ ਵਧਕੇ ਕਰੀਬ ਦੁੱਗਣਾ 303 ਤੱਕ ਪੁੱਜ ਗਿਆ।
ਸਾਲ 2022 ਦੇ ਨਵੰਬਰ ਅਤੇ ਦਸੰਬਰ ਮਹੀਨੇ ’ਚ ਕੁੱਤਿਆਂ ਵੱਲੋਂ ਵੱਢੇ ਜਾਣ ਦਾ ਕੋਈ ਕੇਸ ਨਹੀਂ ਆਇਆ । ਕੁੱਤਿਆਂ ਵੱਲੋਂ ਵੱਢਣ ਦੇ ਮਾਮਲੇ ’ਚ ਸਾਲ 2023 ਕਾਫੀ ਗੰਭੀਰ ਤੱਥਾਂ ਵਾਲਾ ਰਿਹਾ ਜਿਸ ਦੀ 15 ਨਵੰਬਰ ਤੱਕ ਦੇ 11 ਮਹੀਨਿਆਂ ਦੌਰਾਨ ਕੁੱਤਿਆਂ ਵੱਲੋਂ ਵੱਢੇ ਜਾਣ ਵਾਲਿਆਂ ਦੀ ਗਿਣਤੀ ਢਾਈ ਗੁਣਾ ਤੋਂ ਵੀ ਜਿਆਦਾ ਵਧਕੇ 771 ਹੋ ਗਈ। ਨਵੰਬਰ ਮਹੀਨਾ ਤਾਂ ਕੁੱਤਿਆਂ ਦੇ ਕਹਿਰ ਵਾਲਾ ਸਾਬਤ ਹੋਇਆ ਜਿਸ ਦੌਰਾਨ ਸਿਵਲ ਹਸਪਤਾਲ ’ਚ 106 ਵਿਅਕਤੀਆਂ ਨੂੰ ਇਸ ਕੁੱਤੇਖਾਣੀ ਸਬੰਧੀ ਇਲਾਜ਼ ਕਰਵਾਉਣਾ ਪਿਆ ਸੀ। ਸਤੰਬਰ ਅਤੇ ਅਪ੍ਰੈਲ 2023 ’ਚ ਕੁੱਤਿਆਂ ਵੱਲੋਂ ਵੱਢਣ ਦੇ ਕ੍ਰਮਵਾਰ 92 ਅਤੇ 82 ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਸਪਸ਼ਟ ਹੈ ਕਿ ਅਵਾਰਾ ਕੁੱਤਿਆਂ ਦੇ ਮਾਮਲੇ ’ਚ ਦਾਅਵਿਆਂ ਦੇ ਬਾਵਜੂਦ ਤਸਵੀਰ ਕਾਫੀ ਭਿਆਨਕ ਹੁੰਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਕੁੱਤਿਆਂ ਦੀ ਗਿਣਤੀ ਇਸ ਕਰਕੇ ਵਧੀ ਹੈ ਕਿ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਹੈ । ਸਾਲ 2016 ’ਚ ਇੱਕ ਸਰਵੇ ਦੌਰਾਨ ਸ਼ਹਿਰ ’ਚ 8570 ਕੁੱਤੇ ਸਨ ਜਦੋਂਕਿ ਸਾਲ 2020 ਦੌਰਾਨ ਬਠਿੰਡਾ ’ਚ ਕੁੱਤੇ ਅਤੇ ਕੁੱਤੀਆਂ ਦੀ ਗਿਣਤੀ4900 ਸੀ। ਸੂਤਰ ਦੱਸਦੇ ਹਨ ਕਿ ਇਕੱਲੇ ਬਠਿੰਡਾ ’ਚ ਹਰ ਮਹੀਨੇ ਇਸ ਗਿਣਤੀ ਵਿੱਚ ਸੌ ਦਾ ਵਾਧਾ ਹੋ ਰਿਹਾ ਹੈ ਜੋਕਿ ਚਿੰਤਾਜਨਕ ਹੈ। ਦਾਅਵਾ ਹੈ ਕਿ ਸਾਲ 2023 ਦੇ ਛੇ ਮਹੀਨਿਆਂ ਦੌਰਾਨ ਕਰੀਬ ਸਾਢੇ ਤਿੰਨ ਹਜ਼ਾਰ ਕੁੱਤਿਆਂ ਦੀ ਨਸਬੰਦੀ ਕੀਤੀ ਗਈ ਹੈ। ਦਿਲਚਸਪ ਇਹ ਵੀ ਹੈ ਕਿ ਇਸ ਅਰਸੇ ਦੌਰਾਨ ਕੁੱਤਿਆਂ ਵੱਲੋਂ ਵੱਢਣ ਦੇ ਜਿਆਦਾ ਮਾਮਲੇ ਰਿਪੋਰਟ ਹੋਏ ਹਨ। ਇਸ ਮਾਮਲੇ ਸਬੰਧੀ ਨਗਰ ਨਿਗਮ ਦਾ ਪੱਖ ਜਾਨਣ ਲਈ ਸੰਪਰਕ ਕਰਨ ਤੇ ਕਮਿਸ਼ਨਰ ਰਾਹੁਲ ਸਿੰਧੂ ਨੇ ਫੋਨ ਨਹੀਂ ਚੁੱਕਿਆ।
ਵੱਡੇ ਵੀ ਬਣ ਚੁੱਕੇ ਕੁੱਤਿਆਂ ਦਾ ਸ਼ਿਕਾਰ
ਸੁਰੱਖਿਆ ਲਈ ਗੰਨਮੈਨ ਸਾਏ ਵਾਂਗ ਨਾਲ ਚੱਲਦੇ ਹੋਣ ਦੇ ਬਾਵਜੂਦ ਅਵਾਰਾ ਕੁੱਤਿਆਂ ਨੇ ਸਾਲ 2017 ’ਚ ਤੱਤਕਾਲੀ ਐਸਐਸਪੀ ਨਵੀਨ ਸਿੰਗਲਾ ਨੂੰ ਵੱਢ ਲਿਆ ਸੀ। ਕੁੱਤੇ ਵੱਲੋਂ ਕੱਟਣ ਪਿੱਛੋਂ ਸਾਹਿਬ ਦਾ ਪਾਰਾ ਐਨਾ ਚੜ੍ਹ ਗਿਆ ਕਿ ਗੰਨਮੈਨਾਂ ਨੂੰ ਮਿਨਤਾਂ ਤਰਲੇ ਕਰਕੇ ਜਾਨ ਛੁਡਾਉਣੀ ਪਈ ਸੀ। ਇਵੇਂ ਹੀ ਮੇਅਰ ਬਲਵੰਤ ਰਾਏ ਨਾਥ ਨੂੰ ਵੀ ਕੁੱਤੇ ਨੇ ਕੱਟ ਲਿਆ ਸੀ। ਦੋਵਾਂ ਨੂੰ ਆਪਣੇ ਬਚਾਓ ਲਈ ਟੀਕੇ ਵੀ ਲੁਆਉਣੇ ਪਏ ਸਨ। ਵੱਡੀ ਗੱਲ ਹੈ ਕਿ ਕੁੱਤਿਆਂ ਦੇ ਇਸ ਕਾਰੇ ਕਾਰਨ ਨਗਰ ਨਿਗਮ ਨੂੰ ਆਮ ਲੋਕਾਂ ਦੀ ਤਿੱਖੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ।
ਦਿਨ-ਬ-ਦਿਨ ਸਥਿਤੀ ਗੰਭੀਰ:ਸੰਜੀਵ ਗੋਇਲ
ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਇੰਨ੍ਹਾਂ ਅਵਾਰਾ ਕੁੱਤਿਆ ਨੇ ਤਰਥੱਲੀ ਮਚਾ ਰੱਖੀ ਹੈ । ਉਨ੍ਹਾਂ ਆਖਿਆ ਕਿ ਇਹ ਕੁੱਤੇ ਆਮ ਲੋਕਾਂ ‘ਤੇ ਹਮਲਾ ਕਰ ਦਿੰਦੇ ਹਨ ਅਤੇ ਪਿਛਲੇ ਤਿੰਨ ਵਰਿ੍ਹਆਂ ਦੌਰਾਨ ਸੈਂਕੜੇ ਲੋਕਾਂ ਨੂੰ ਜ਼ਖਮੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ 50 ਵਾਰਡਾਂ ਚੋਂ ਇੱਕ ਵੀ ਅਜਿਹਾ ਨਹੀਂ ਜਿੱਥੇ ਕੁੱਤਿਆਂ ਦਾ ਦਬਦਬਾ ਨਾਂ ਹੋਵੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਸਰਕਾਰ ਨੂੰ ਵੀ ਸੰਜੀਦਗੀ ਦਿਖਾਉਣੀ ਚਾਹੀਦੀ ਹੈ।
ਅਵਾਰਾ ਕੁੱਤੇ ਮੁਸੀਬਤ ਬਣੇ: ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਬਠਿੰਡਾ ਦੇ ਗਲੀ ਮੁਹੱਲਿਆਂ ’ਚ ਖਤਰਨਾਕ ਕੁੱਤੇ ਹਕੂਮਤ ਕਰਦੇ ਹਨ ਇਹ ਗੱਲ ਕੋਈ ਲੁਕੀ ਛੁਪੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਵਾਰਾ ਕੁੱਤਿਆਂ ਦੇ ਕੱਟੇ ਲੋਕ ਟੀਕੇ ਲਵਾਉਣ ਅਤੇ ਬਿਨਾਂ ਕਸੂਰੋਂ ਦੁੱਖ ਸਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਔਰਤਾਂ ਅਤੇ ਸਕੂਲੀ ਬੱਚਿਆਂ ਲਈ ਅਵਾਰਾ ਕੁੱਤੇ ਮੁਸੀਬਤ ਬਣੇ ਹੋਏ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ।