ਡੀਐਸਪੀ ਬਰਾੜ ਤੇ ਡੀਐਸਪੀ ਦਿਉਲ ਪੁਲਿਸ ਪਾਰਟੀ ਸਣੇ ਜਾਂਚ ਲਈ ਪਹੁੰਚੇ
ਡੌਗ ਸੁਕੈਅਡ ਤੇ ਫਿੰਗਰ ਪ੍ਰਿੰਟਸ ਦੀ ਟੀਮ ਨੇ ਸੁਰਾਗ ਲੱਭਣ ਲਈ ਮੋਰਚਾ ਸੰਭਾਲਿਆ
ਮਨੀ ਗਰਗ ਬਰਨਾਲਾ 21 ਜੂਨ 2020
ਗੋਬਿੰਦ ਕਲੋਨੀ ਗਲੀ ਨੰਬਰ 7 ਚ, ਰਹਿੰਦੇ ਧਰਮਪਾਲ ਸ਼ਰਮਾ ਦੇ ਘਰ ਸ਼ਨੀਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਚੋਰ ਲੱਖਾਂ ਰੁਪਏ ਦੇ ਸੋਨੇ, ਚਾਂਦੀ ,ਨਗਦੀ ਅਤੇ ਐਕਟਿਵਾ ਸਕੂਟਰੀ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਚੋਰ ਦੀ ਸ਼ਿਨਾਖਤ ਸ਼ੁਰੂ ਕਰ ਦਿੱਤੀ ਹੈ ਅਤੇ ਡੌਗ ਸੁਕੈਅਡ ਦੀ ਟੀਮ ਵੀ ਚੋਰ ਦੀ ਪੈੜ ਲੱਭਣ ਚ, ਜੁੱਟ ਗਈ ਹੈ। ਸਬ ਡਿਵੀਜਨ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਅਤੇ ਡੀਐਸਪੀ ਰਮਨਿੰਦਰ ਸਿੰਘ ਦਿਉਲ ਨੇ ਦੱਸਿਆ ਕਿ ਪੁਲਿਸ ਨੇ ਚੋਰੀ ਦੀ ਸੂਚਨਾ ਮਿਲਦਿਆਂ ਹੀ ਵਾਰਦਾਤ ਵਾਲੀ ਜਗ੍ਹਾ ਤੇ ਪਹੁੰਚ ਕੇ ਘਟਨਾ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਹਾਲ ਦੀ ਘੜੀ ਪ੍ਰਾਪਤ ਫੁਟੇਜ ਚ, ਇੱਕ ਚੋਰ ਹੀ ਦਿਖਾਈ ਦੇ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਚੋਰ ਨੇ ਚੋਰੀ ਦੀ ਘਟਨਾ ਨੂੰ ਉਸ ਕਮਰੇ ਚ, ਹੀ ਅੰਜਾਮ ਦਿੱਤਾ ਹੈ, ਜਿੱਥੇ ਪਰਿਵਾਰ ਦੇ ਪੰਜ ਜੀਅ ਸੁੱਤੇ ਹੋਏ ਸੀ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਚੋਰ ਨੇ ਕੋਈ ਨਸ਼ੀਲੀ ਚੀਜ਼ ਪਰਿਵਾਰ ਨੂੰ ਸੁੰਘਾ ਕੇ ਹੀ ਚੋਰੀ ਦੀ ਵਾਰਦਾਤ ਨੂੰ ਬੇਖੌਫ ਅੰਜਾਮ ਦਿੱਤਾ ਹੈ। ਮਕਾਨ ਮਾਲਿਕ ਧਰਮਪਾਲ ਸ਼ਰਮਾ ਨੇ ਦੱਸਿਆ ਕਿ ਚੋਰ ਉਸ ਦੇ ਕਮਰੇ ਚ, ਦਾਖਿਲ ਹੋ ਕੇ 8 ਤੋਲੇ ਸੋਨੇ ਅਤੇ 5 ਤੋਲੇ ਚਾਂਦੀ ਦੇ ਗਹਿਣੇ ਤੇ ਕੁਝ ਨਕਦੀ ਚੁਰਾ ਕੇ ਲੈ ਗਿਆ ਅਤੇ ਚੋਰੀ ਕਰਕੇ ਫਰਾਰ ਹੋਣ ਲਈ ਉਹ ਘਰ ਚ, ਖੜੀ ਐਕਟਿਵਾ ਸਕੂਟੀ ਵੀ ਲੈ ਗਿਆ। ਡੀਐਸਪੀ ਬਰਾੜ ਨੇ ਕਿਹਾ ਕਿ ਪੁਲਿਸ ਪੜਤਾਲ ਤੋਂ ਬਾਅਦ ਪਰਿਵਾਰ ਦੇ ਬਿਆਨ ਤੇ ਚੋਰੀ ਦਾ ਕੇਸ ਦਰਜ਼ ਕਰ ਰਹੀ ਹੈ। ਜਲਦੀ ਹੀ ਚੋਰ ਦੀ ਪੈੜ ਲੱਭ ਕੇ ਉਸਨੂੰ ਕਾਬੂ ਕਰ ਲਿਆ ਜਾਵੇਗਾ।