ਡਰੱਗ ਇੰਸਪੈਕਟਰ ਨੇ ਕਿਹਾ, ਜੇ ਦੁਕਾਨ ਖੁੱਲ੍ਹੀ ਤਾਂ ਹਮੇਸ਼ਾ ਲਈ ਕੈਂਸਲ ਹੋਊ ਲਾਈਸੰਸ
ਫਰਮ ਦੇ ਲਾਈਸੰਸ ਮਾਲਿਕਾਂ ਨੂੰ ਪੁਲਿਸ ਨੇ ਨਹੀਂ ਕੀਤਾ ਕੇਸ ਚ,ਨਾਮਜਦ
ਹਰਿੰਦਰ ਨਿੱਕਾ ਬਰਨਾਲਾ 21 ਜੂਨ 2020
ਸਾਈਕੋਟ੍ਰੋਪਿਕ ਨਸ਼ਾ ਤਸਕਰੀ ਦੇ ਕਿੰਗ ਪਿੰਨ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਦੀ ਬੀਰੂ ਰਾਮ ਠਾਕੁਰ ਦਾਸ ਫਰਮ ਦਾ ਲਾਈਸੰਸ ਸਿਹਤ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਨੇ 45 ਦਿਨ ਲਈ ਕੈਂਸਲ ਕਰ ਦਿੱਤਾ ਹੈ। ਇਹ ਕਾਰਵਾਈ ਰਿੰਕੂ ਮਿੱਤਲ ਦੇ ਨਸ਼ੀਲੀਆਂ ਗੋਲੀਆਂ ਦੇ ਵੱਡੇ ਜਖੀਰੇ ਸਮੇਤ ਪੁਲਿਸ ਦੇ ਹੱਥੇ ਚੜ੍ਹ ਜਾਣ ਤੋਂ ਬਾਅਦ ਡਰੱਗ ਇੰਸਪੈਕਟਰ ਦੁਆਰਾ ਫਰਮ ਦੀਆਂ ਕੁਝ ਬੇਨਿਯਮੀਆਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਨੂੰ ਭੇਜੀ ਗਈ ਰਿਪੋਰਟ ਤੋਂ ਬਾਅਦ ਕੀਤੀ ਗਈ ਹੈ। ਸਿਹਤ ਵਿਭਾਗ ਦੇ ਸਹਾਇਕ ਕਮਿਸ਼ਨਰ ਅਤੇ ਡਰੱਗ ਵਿੰਗ ਦੇ ਸੂਬਾਈ ਪ੍ਰਮੁੱਖ ਸੰਜੀਵ ਕੁਮਾਰ ਗਰਗ ਦੁਆਰਾ ਜਾਰੀ ਪੱਤਰ ਅਨੁਸਾਰ ਕੀਤੀ ਗਈ ਹੈ। ਇਸ ਦੀ ਪੁਸ਼ਟੀ ਜਿਲ੍ਹਾ ਡਰੱਗ ਇੰਸਪੈਕਟਰ ਅੰਕਿਤ ਕੁਮਾਰ ਨੇ ਕੀਤੀ। ਡਰੱਗ ਇੰਸਪੈਕਟਰ ਨੇ ਦੱਸਿਆ ਕਿ ਵਿਭਾਗੀ ਹੁਕਮ ਤੋਂ ਬਾਅਦ ਬੀਰੂ ਰਾਮ ਠਾਕੁਰ ਦਾਸ ਫਰਮ ਦੀ ਸਦਰ ਬਜਾਰ ਚ, ਸਥਿਤ ਦੁਕਾਨ ਬੰਦ ਕਰ ਦਿੱਤੀ ਗਈ ਹੈ। ਜੇਕਰ ਫਿਰ ਵੀ ਦੁਕਾਨ ਖੁੱਲ੍ਹਣ ਦੀ ਗੱਲ ਸਾਹਮਣੇ ਆਈ ਤਾਂ ਫਿਰ ਹਮੇਸ਼ਾ ਲਈ ਹੀ ਲਾਈਸੰਸ ਕੈਂਸਲ ਕਰ ਦਿੱਤਾ ਜਾਵੇਗਾ।
ਪ੍ਰੇਮ ਚੰਦ ਅਤੇ ਠਾਕੁਰ ਦਾਸ ਦੇ ਨਾਮ ਤੇ ਹੈ ਫਰਮ ਦਾ ਲਾਈਸੰਸ
ਡਰੱਗ ਇੰਸਪੈਕਟਰ ਨੇ ਦੱਸਿਆ ਬੀਰੂ ਰਾਮ ਠਾਕੁਰ ਦਾਸ ਫਰਮ ਦਾ ਲਾਈਸੰਸ ਪ੍ਰੇਮ ਚੰਦ ਅਤੇ ਠਾਕੁਰ ਦਾਸ ਦੇ ਨਾਮ ਤੇ ਹੈ। ਸੂਤਰਾਂ ਅਨੁਸਾਰ ਠਾਕੁਰ ਦਾਸ ਦਾ ਕਾਰੋਬਾਰ ਦਿੱਲੀ ਵਿਖੇ ਵੱਖਰਾ ਵੀ ਚੱਲ ਰਿਹਾ ਹੈ। ਇੱਥੇ ਦੁਕਾਨ ਦਾ ਕੰਮ ਪ੍ਰੇਮ ਚੰਦ ਤੇ ਉਸਦਾ ਬੇਟਾ ਨਰੇਸ਼ ਕੁਮਾਰ ਉਰਫ ਰਿੰਕੂ ਮਿੱਤਲ ਹੀ ਚਲਾ ਰਿਹਾ ਹੈ।
ਲਾਈਸੰਸ ਮਾਲਿਕਾਂ ਨੂੰ ਪੁਲਿਸ ਨੇ ਬਚਾਇਆ !
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਐਸਐਸਪੀ ਸੰਦੀਪ ਗੋਇਲ ਨੇ ਮਾਮੂਲੀ ਜਿਹੀ ਨਸ਼ੀਲੀਆਂ ਗੋਲੀਆਂ ਦੀ ਰਿਕਵਰੀ ਦੇ ਸਧਾਰਣ ਬਰਨਾਲਾ ਸਿਟੀ 1 ਥਾਣੇ ਚ, ਦਰਜ਼ ਕੇਸ ਦੀ ਤਫਤੀਸ਼ ਦਾ ਦਾਇਰਾ ਵਿਸ਼ਾਲ ਕਰਕੇ ਉਸਨੂੰ ਮਥੁਰਾ ਤੱਕ ਪਹੁੰਚਾ ਦਿੱਤਾ। ਰਿੰਕੂ ਮਿੱਤਲ ਨਾਲ ਜੁੜੇ ਬਰਨਾਲਾ ਸ਼ਹਿਰ ਤੇ ਮਲੋਰਕੋਟਲਾ ਆਦਿ ਸ਼ਹਿਰਾਂ ਦੇ ਹੋਰ ਕੈਮਿਸਟ ਵੀ ਕੇਸ ਚ, ਨਾਮਜਦ ਕਰ ਦਿੱਤੇ। ਡਰੱਗ ਮਨੀ ਦੇ ਕਰੋੜਾਂ ਰੁਪਏ ਅਤੇ ਗੋਲੀਆਂ ਦੇ ਨਸ਼ੀਲੇ ਟੀਕਿਆਂ ਦੇ ਵੱਡੇ ਭੰਡਾਰ ਤੱਕ ਬਰਾਮਦ ਕਰਕੇ ਪੰਜਾਬ ਦੀ ਸਭ ਤੋਂ ਵੱਡੀ ਰਿਕਵਰੀ ਦਾ ਰਿਕਾਰਡ ਕਾਇਮ ਕਰ ਦਿੱਤਾ। ਪਰੰਤੂ ਦੀਵੇ ਥੱਲੇ ਹਨ੍ਹੇਰੇ ਵਾਲੀ ਕਹਾਵਤ ਪੁਲਿਸ ਦੀ ਪੜਤਾਲ ਤੇ ਬਿਲਕੁਲ ਢੁੱਕਦੀ ਹੈ। ਯਾਨੀ ਪੁਲਿਸ ਨੇ ਰਿੰਕੂ ਦੇ ਕਰੀਬੀ ਤਸਕਰਾਂ ਨੂੰ ਬੇਸ਼ੱਕ ਕਾਬੂ ਕਰ ਲਿਆ। ਪਰੰਤੂ ਬੀਰੂ ਰਾਮ ਠਾਕੁਰ ਦਾਸ ਫਰਮ ਦੇ ਲਾਈਸੰਸ ਮਾਲਿਕਾਂ ਨੂੰ ਕੇਸ ਚ, ਹਾਲੇ ਤੱਕ ਨਾਮਜਦ ਨਹੀਂ ਕੀਤਾ ਗਿਆ। ਆਖਿਰ ਕਿਉਂ, ਇਹ ਸਵਾਲ ਹਰ ਕਿਸੇ ਦੇ ਜਿਹਨ ਚ, ਘੁੰਮ ਰਿਹਾ ਹੈ। ਵਰਨਣਯੋਗ ਹੈ ਕਿ ਪੁਲਿਸ ਨੇ ਦੌਰਾਨ ਏ ਤਫਤੀਸ਼ ਫਰਮ ਦੀ ਨਾ ਤਲਾਸ਼ੀ ਲਈ ਸੀ ਅਤੇ ਨਾ ਹੀ ਦੁਕਾਨ ਨੂੰ ਸੀਲ ਕੀਤਾ ਸੀ। ਫਰਮ ਸੰਚਾਲਿਕਾਂ ਤੇ ਲਾਈਸੰਸ ਮਾਲਿਕਾਂ ਤੇ ਪੁਲਿਸ ਦੀ ਸਵੱਲੀ ਨਜ਼ਰ, ਪੁਲਿਸ ਤਫਤੀਸ਼ ਨੂੰ ਕਟਹਿਰੇ ਚ, ਜਰੂਰ ਖੜ੍ਹਾ ਕਰ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਰਿੰਕੂ ਮਿੱਤਲ ਫਰਮ ਚ, ਕੁਆਲੀਫਾਈਡ ਵਿਅਕਤੀ ਦੇ ਤੌਰ ਤੇ ਨੌਕਰੀ ਕਰਦਾ ਦਿਖਾਇਆ ਗਿਆ ਹੈ।