ਪਾਵਰ ਲਿਫਟਿੰਗ ~ ਹੁਣ ਕੌਮੀ ਪੱਧਰ ਲਈ ਹੋਈ ਆਯੂਸ਼ ਦੀ ਚੋਣ
ਅਸ਼ੋਕ ਵਰਮਾ ,ਧੂਰੀ 14 ਦਸੰਬਰ 2023
ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਧੂਰੀ ਦੇ ਇੱਕ ਮੁੱਛ ਫੁੱਟ ਗੱਭਰੂ ਆਯੂਸ਼ ਵਰਮਾ ਨੇ ਪਾਵਰਲਿਫਟਿੰਗ ਅੰਡਰ 17 ਦੇ 74 ਕਿੱਲੋ ਭਾਰ ਵਰਗ ਦੇ ਸੂਬਾ ਪੱਧਰੀ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ , ਮਾਪਿਆਂ ਅਤੇ ਆਪਣੇ ਸ਼ਹਿਰ ਧੂਰੀ ਦਾ ਨਾਮ ਰੌਸ਼ਨ ਕੀਤਾ ਹੈ। ਆਯੂਸ਼ ਵਰਮਾ ਬਸੰਤ ਵੈਲੀ ਪਬਲਿਕ ਸਕੂਲ ਲੱਡ੍ਹਾ ਜਿਲ੍ਹਾ ਸੰਗਰੂਰ ਦਾ ਵਿਦਿਆਰਥੀ ਹੈ ਜਿਸ ਨੇ ਪੰਜਾਬ ਪੱਧਰ ਦੀ ਜਿੱਤ ਹਾਸਲ ਕਰਨ ਉਪਰੰਤ ਹੁਣ ਕੌਮੀ ਪੱਧਰ ਦੀਆਂ ਖੇਡ੍ਹਾਂ ਵੱਲ ਪੈਰ ਵਧਾ ਲਏ ਹਨ। ਇਸ ਹੋਣਹਾਰ ਖਿਡਾਰੀ ਨੂੰ ਕੌਮੀ ਪੱਧਰ ਤੇ ਹੋਣ ਵਾਲੇ ਮੁਕਾਬਲਿਆਂ ਲਈ ਚੁਣ ਲਿਆ ਗਿਆ ਹੈ। ਆਯੂਸ਼ ਵਰਮਾ ਦੀ ਸਫਲਤਾ ਦਾ ਰਾਹ ਪੰਜਾਬ ਸਕੂਲ ਖੇਡਾਂ ਦੌਰਾਨ ਖੁੱਲ੍ਹਿਆ ਹੈ ਜਿੰਨ੍ਹਾਂ ਤਹਿਤ ਇਹ ਸੂਬਾ ਪੱਧਰੀ ਮੁਕਾਬਲੇ ਫਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ ਸਨ ।
ਇੰਨ੍ਹਾਂ ਖੇਡ੍ਹਾਂ ਦੌਰਾਨ ’ਚ ਵੱਖ ਵੱਖ ਜਿਲਿ੍ਹਆਂ ਦੇ ਕਰੀਬ 250 ਵਿਦਿਆਰਥੀਆਂ ਨੇ ਭਾਗ ਲਿਆ ਸੀ। ਇੱਨ੍ਹਾਂ ਮੁਕਾਬਲਿਆਂ ਦੌਰਾਨ ਆਯੂਸ਼ ਵਰਮਾ ਨੇ ਆਪਣੀ ਖੇਡ੍ਹ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਤੇ ਕਬਜਾ ਜਮਾਕੇ ਖੇਡ ਮਾਹਿਰਾਂ ਨੂੰ ਹੈਰਾਨ ਕਰ ਦਿੱਤਾ। ਆਯੂਸ਼ ਲੰਬੇ ਕੱਦ ਅਤੇ ਪਤਲੇ ਸ਼ਰੀਰ ਵਾਲਾ ਨੌਜਵਾਨ ਹੈ ਜਿਸ ਨੇ ਹੁਣ ਅਗਲੇ ਕੌਮੀ ਪੜਾਅ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਕੂਲ ਪ੍ਰਬੰਧਕਾਂ ਨੇ ਆਯੂਸ਼ ਵਰਮਾ ਨੂੰ ਇਸ ਸਫਲਤਾ ਪ੍ਰਤੀ ਵਧਾਈਆਂ ਦਿੰਦਿਆਂ ਉਸ ਦੇ ਸਿੱਖਿਆ ਅਤੇ ਖੇਡ੍ਹਾਂ ਦੋਵਾਂ ਦੇ ਮਾਮਲੇ ’ਚ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ। ਅੂਯਸ਼ ਦੇ ਮਾਪਿਆਂ ਨੇ ਵੀ ਆਪਣੇ ਪੁੱਤਰ ਦੀ ਸਫਲਤਾ ਪ੍ਰਤੀ ਮਾਣ ਮਹਿਸੂਸ ਕਰਦਿਆਂ ਭਵਿੱਖ ’ਚ ਹੋਣ ਵਾਲੇ ਪਾਵਰਲਿਫਟਿੰਗ ਮੁਕਾਬਲਿਆਂ ਦੌਰਾਨ ਹਰ ਤਰਾਂ ਦਾ ਸਹਿਯੋਗ ਦੇਣ ਦੀ ਹਾਮੀ ਭਰੀ ਅਤੇ ਉਸ ਨੂੰ ਕੌਮੀ ਪੱਧਰ ਜਿੱਤਣ ਲਈ ਹਲਾਸ਼ੇਰੀ ਅਤੇ ਆਸ਼ੀਰਵਾਦ ਦਿੱਤਾ ਹੈ।