ਅਸ਼ੋਕ ਵਰਮਾ ,ਬਠਿੰਡਾ 6 ਦਸੰਬਰ 2023
ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਪਹਿਲਕਦਮੀ ਤਹਿਤ ਗੁਆਂਢੀ ਸੂਬੇ ਹਰਿਆਣਾ ਤੋਂ ਬਠਿੰਡਾ ਜਿਲ੍ਹੇ ’ਚ ਆਕੇ ਵਿਕਦੀ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਰੋਕਣ ਲਈ ਬਠਿੰਡਾ ਪੁਲਿਸ ਨੇ ਮੁਸਤੈਦੀ ਦਿਖਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਗਲਵਾਰ ਨੂੰ ਅਫਸਰਾਂ ਨੂੰ ਦਿੱਤਾ ਗਿਆ ਸੰਦੇਸ਼ ਹੁਣ ਐਸਐਸਪੀ ਨੇ ਥਾਣਾ ਇੰਚਾਰਜਾਂ ਅਤੇ ਨਾਕਾ ਪਾਰਟੀਆਂ ਤੱਕ ਪੁੱਜਦਾ ਕਰ ਦਿੱਤਾ ਹੈ। ਤਾਹੀਂਓਂ ਇਸ ਨਵੇਂ ਪ੍ਰੋਗਰਾਮ ਤਹਿਤ ਜਿਲ੍ਹਾ ਪੁਲਿਸ ਨੇ ਤਲਵੰਡੀ ਇਲਾਕੇ ’ਚ ਹਰਿਆਣਾ ਨਾਲ ਲੱਗਦੀ ਸਰਹੱਦ ਤੇ ਪੈਂਦੀਆਂ 16 ਥਾਵਾਂ ’ਤੇ ਕਰੜੀ ਨਾਕਾਬੰਦੀ ਕੀਤੀ ਹੈ । ਇੰਨ੍ਹਾਂ ਨਾਕਿਆਂ ਤੇ ਤਾਇਨਾਤ ਕੀਤੇ 164 ਪੁਲਿਸ ਮੁਲਾਜਮਾਂ ਦੀ ਸੁਪਰਵੀਜ਼ਨ ਦਾ ਜਿੰਮਾ ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਹਵਾਲੇ ਕੀਤਾ ਗਿਆ ਹੈ।
ਬੁੱਧਵਾਰ ਨੂੰ ਵੱਡੇ ਤੜਕੇ ਐਸ ਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਸਰਗਰਮੀ ਦਿਖਾਈ ਹੈ ਤਾਂ ਜੋ ਸ਼ਰਾਬ ਅਤੇ ਨਸ਼ੇ ਦੇ ਵਗਦੇ ਹੜ੍ਹ ਤੋਂ ਇਲਾਵਾ ਮਾੜੇ ਅਨਸਰਾਂ ਨੂੰ ਬਠਿੰਡਾ ਜਿਲ੍ਹੇ ’ਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਬਠਿੰਡਾ ਪੁਲਿਸ ਵੱਲੋਂ ਅਪਰੇਸ਼ਨ ਸੀਲ-5 ਤਹਿਤ ਸੜਕਾਂ ਤੇ ਆਉਣ ਜਾਣ ਵਾਲੀਆਂ ਸ਼ੱਕੀ ਕਿਸਮ ਦੀਆਂ ਗੱਡੀਆਂ, ਸ਼ੱਕ ਦੇ ਘੇਰੇ ’ਚ ਆਉਣ ਵਾਲੇ ਲੋਕਾਂ ਦੀ ਚੈਕਿੰਗ ਦਾ ਕੰਮ ਵੀ ਹੋਰ ਤੇਜ ਕਰ ਦਿੱਤਾ ਗਿਆ ਹੈ। ਪੁਲਿਸ ਦੀ ਰਣਨੀਤੀ ਇਹ ਹੈ ਕਿ ਬਾਹਰ ਤੋਂ ਆਉਣ ਵਾਲੇ ਅਪਰਾਧਿਕ ਅਨਸਰਾਂ ਨੂੰ ਘੇਰ ਕੇ ਕਾਬੂ ਕੀਤਾ ਜਾਵੇ। ਇਸ ਦੇ ਨਾਲ ਹੀ ਜਿਲ੍ਹੇ ’ਚ ਵਾਰਦਾਤਾਂ ਕਰਕੇ ਗੁਆਂਢੀ ਸੂਬਿਆਂ ਨੂੰ ਭੱਜਣ ਲਈ ਵਰਤੀਆਂ ਜਾਣ ਵਾਲੀਆਂ ਚੋਰ ਮੋਰੀਆਂ ਵੀ ਸਖਤ ਪਹਿਰੇ ਰਾਹੀਂ ਬੰਦ ਕੀਤੀਆਂ ਗਈਆਂ ਹਨ।
ਸੂਤਰਾਂ ਮੁਤਾਬਕ ਖੁਫੀਆ ਵਿਭਾਗ ਦੀ ਰਿਪੋਰਟ ਦੇ ਤੱਥ ਹਨ ਕਿ ਇਕੱਲਾ ਤਲਵੰਡੀ ਸਾਬੋ ਹੀ ਨਹੀਂ ਹਰਿਆਣਾ ’ਚ ਲੱਗੇ ਨਸ਼ਿਆਂ ਦੇ ਢੇਰ ਸਮੁੱਚੀ ਮਾਲਵਾ ਪੱਟੀ ’ਚ ਤਬਾਹੀ ਮਚਾਉਣ ਲੱਗੇ ਹੋਏ ਹਨ। ਤਖਤ ਸ੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਵੀ ਨਸ਼ਿਆਂ ਦੇ ਪਸਾਰੇ ਤੋਂ ਬਚ ਨਹੀਂ ਸਕੀ ਹੈ। ਗੰਭੀਰ ਪਹਿਲੂ ਇਹ ਵੀ ਹੈ ਕਿ ਅੱਲ੍ਹੜ ਉਮਰ ਦੇ ਮੁੰਡੇ ਕੁੜੀਆਂ ਵੀ ਨਸ਼ਿਆਂ ਅਤੇ ਸ਼ਰਾਬ ਦੀ ਮਾਰ ਹੇਠ ਆਏ ਹੋਏ ਹਨ। ਸੂਤਰ ਦੱਸਦੇ ਹਨ ਕਿ ਨਸ਼ਿਆਂ ਅਤੇ ਹਰਿਆਣਾ ਦੀ ਬਣੀ ਸ਼ਰਾਬ ਦੀ ਹੋਮ ਡਲਿਵਰੀ ਵੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਬਠਿੰਡਾ ਜ਼ਿਲ੍ਹੇ ’ਚ ਮੈਡੀਕਲ ਨਸ਼ਿਆਂ ਅਤੇ ਸ਼ਰਾਬ ਦਾ ਵਧੇਰੇ ਪਸਾਰਾ ਹੈ ਜਦੋਂ ਕਿ ਗੁਆਂਢੀ ਰਾਜਾਂ ਨਾਲ ਲੱਗਦੇ ਜਿਲ੍ਹੇ ਦੇ ਪਿੰਡਾਂ ’ਚ ਚਿੱਟੇ ਵਰਗੇ ਭਿਆਨਕ ਨਸ਼ੇ ਨੇ ਵੀ ਹੱਲਾ ਬੋਲ ਰੱਖਿਆ ਹੈ।
ਅਜਿਹੀਆਂ ਪ੍ਰਸਥਿਤੀਆਂ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸ਼ਨ ਦੀ ਬਠਿੰਡਾ ਜਿਲ੍ਹੇ ਵਿੱਚ ਚੂੜੀ ਕਸੀ ਗਈ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲੀਸ ਵੱਲੋਂ ਰਾਜ ਨੂੰ ਨਸ਼ਿਆਂ ਦੀ ਤਬਾਹੀ ਤੋਂ ਬਚਾਉਣ ਲਈ ਬਣਾਏ ਗਏ ਐਕਸ਼ਨ ਪਲਾਨ ਵਿੱਚ ਵੀ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਨਸ਼ੇ ਦੇ ਕਾਰੋਬਾਰ ਨੇ ਸਮਾਜਿਕ ਤੇ ਆਰਥਿਕ ਸਥਿਤੀ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਹੈ। ਐਕਸ਼ਨ ਪਲਾਨ ਮੁਤਾਬਕ ਨਸ਼ਿਆਂ ਕਾਰਨ ਨਵੀਂ ਪੌਂਦ ਦੀ ਬਰਬਾਦੀ ਦੇ ਮਾਮਲੇ ਵਿੱਚ ਪੰਜਾਬ ‘ਤੇ ਸਭ ਤੋਂ ਵੱਧ ਖਤਰਾ ਮੰਡਰਾਅ ਰਿਹਾ ਹੈ। ਮਹੱਤਵਪੂਰਨਤੱਥ ਇਹ ਵੀ ਹੈ ਕਿ ਨਸ਼ਿਆਂ ਦੇ ਆਦੀ ਨੌਜਵਾਨਾਂ ਵੱਲੋਂ ਪੰਜਾਬ ’ਚ ਛੇੜਛਾੜ, ਲੁੱਟਾਂ ਖੋਹਾਂ, ਚੋਰੀਆਂ ਅਤੇ ਕਤਲ ਜਿਹੇ ਅਪਰਾਧਾਂ ਦੀ ਇਕ ਤਰ੍ਹਾਂ ਨਾਲ ਹਨ੍ਹੇਰੀ ਲਿਆਂਦੀ ਹੋਈ ਹੈ । ਜਿਸ ਨੂੰ ਸਰਕਾਰ ਨੇ ਹੁਣ ਕਾਫੀ ਗੰਭੀਰਤਾ ਨਾਲ ਲਿਆ ਹੈ।
ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਮੰਨਿਆ ਕਿ ਅਜਿਹੀਆਂ ਘਟਨਾਵਾਂ ਨਸ਼ੇੜੀਆਂ ਅਤੇ ਗਲੈਮਰ ਦੀ ਜਿੰਦਗੀ ਜਿਉਣ ਦੀ ਇੱਛਾ ਰੱਖਣ ਵਾਲੇ ਨੌਜਾਵਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਬੁਰਾਈ ਦਿਨ ਬ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਦੱਸਣਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਪੁਲਿਸ ਨੇ ਬਠਿੰਡਾ ਜਿਲ੍ਹੇ ’ਚ ਅੰਤਰਰਾਜੀ ਨਾਕਿਆਂ ਨੂੰ ਸੁੰਨਾ ਛੱਡਿਆ ਹੋਇਆ ਜਾਂ ਫਿਰ ਨਫਰੀ ਘਟਾਈ ਹੋਈ ਸੀ । ਜਿਸ ਕਰਕੇ ਨਸ਼ਾ ਤੇ ਸ਼ਰਾਬ ਤਸਕਰਾਂ ਨੂੰ ਮੌਜਾਂ ਲੱਗੀਆਂ ਹੋਈਆਂ ਸਨ। ਕਈ ਕੱਚੇ ਰਾਹ ਵੀ ਹਨ ਜਿੰਨ੍ਹਾਂ ਨੂੰ ਪੁਲਿਸ ਪ੍ਰਸ਼ਾਸ਼ਨ ਨੇ ਅਵੇਸਲੇਪਣ ਕਾਰਨ ਨਸ਼ਾ ਤਸਕਰਾਂ ਲਈ ਸਵਰਗ ਬਣਾਇਆ ਹੋਇਆ ਸੀ। ਦੱਸਣਯੋਗ ਹੈ ਕਿ ਪੁਲਿਸ ਮੁਲਾਜਮਾਂ ਤੇ ਮਾੜੇ ਅਨਸਰਾਂ ਦੀ ਕਥਿਤ ਪੁਸਤਪਨਾਹੀਂ ਕਰਨ ਦੇ ਦੋਸ਼ ਵੀ ਲੱਗਦੇ ਰਹੇ ਹਨ।
ਪੁਲਿਸ ਨਤੀਜੇ ਦਿਖਾਏ: ਮੰਚ ਆਗੂ
ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸੇਵਾਮੁਕਤ ਪ੍ਰਿੰਸੀਪਲ ਬੱਗਾ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਪੁਲਿਸ ਦੀ ਨਸ਼ਿਆਂ ਖਿਲਾਫ ਪਹਿਲਕਦਮੀ ਚੰਗੀ ਹੈ ਜਿਸ ਨੂੰ ਲਗਾਤਾਰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਤਰਾਰਜੀ ਸੀਮਾ ਰਾਹੀਂ ਹੁੰਦੀ ਤਸਕਰੀ ਨੂੰ ਰੋਕਣ ਲਈ ਜਰੂਰਤ ਪੈਣ ਤੇ ਪੁਲਿਸ ਨਫਰੀ ਹੋਰ ਵੀ ਵਧਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿ ਦੁੱਧ ਮਿਲੇ ਨਾਂ ਮਿਲੇ ਮੈਡੀਕਲ ਸਟੋਰ ਆਮ ਹਨ ਜਿਸ ਕਰਕੇ ਅਸਾਨੀ ਨਾਲ ਮਿਲ ਜਾਣ ਕਾਰਨ ਨੌਜੁਆਨ ਨਸ਼ੀਲੀਆਂ ਗੋਲੀਆਂ ਦੀ ਚਾਟ ਤੇ ਲੱਗਦੇ ਹਨ ਜਿਸ ਨੂੰ ਸਖਤੀ ਨਾਲ ਰੋਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੂਰਮਿਆਂ ਅਤੇ ਗੁਰੂਆਂ ਪੀਰਾਂ ਦੀ ਧਰਤੀ ਤੇ ਨਸ਼ਿਆਂ ਦੀ ਵਰਤੋਂ ਸਮਾਜ ਲਈ ਸ਼ਰਮ ਵਾਲੀ ਗੱਲ ਹੈ ਇਸ ਲਈ ਹੁਣ ਪੰਜਾਬ ਪੁਲਿਸ ਰੋਲ ਮਾਡਲ ਬਣ ਕੇ ਦਿਖਾਏ।
ਚੋਰ ਮੋਰੀਆਂ ਕੀਤੀਆਂ ਬੰਦ :ਐਸ.ਐਸ.ਪੀ.
ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਜਿਲ੍ਹੇ ਦੀਆਂ ਲਿੰਕ ਸੜਕਾਂ ਅਤੇ ਰਸਤਿਆਂ ਨੂੰ ਵਿਉਂਤਬੰਦੀ ਨਾਲ ਲਕਾਬੰਦੀ ਅਧੀਨ ਲਿਆਂਦਾ ਗਿਆ ਹੈ ਕਿਉਂਕ ਅਪਰਾਧਿਕ ਅਨਸਰ ਵਾਰਦਾਤ ਕਰਨ ਉਪਰੰਤ ਅਜਿਹੇ ਰਾਹਾਂ ਦਾ ਸਹਾਰਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਨੇ 16 ਅੰਤਰਰਾਜੀ ਨਾਕੇ ਲਾਏ ਹਨ ਜਿੰਨ੍ਹਾਂ ਤੇ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਡਿਊਟੀ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ , ਜਿਸ ਲਈ ਜੀਰੋ ਟਾਲਰੈਂਸ ਨੀਤੀ ਅਪਣਾਈ ਜਾਏਗੀ। ਉਨ੍ਹਾਂ ਕਿਹਾ ਕਿ ਨਸ਼ਾ ਵੇਚਣ ਜਾਂ ਫਿਰ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ।