ਮਾਤਾ ਜੰਗੀਰ ਕੌਰ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ ਭਲ੍ਹਕੇ,,,,
ਗਗਨ ਹਰਗੁਣ , ਬਰਨਾਲਾ 2 ਦਸੰਬਰ 2023
ਬੀਤੀ 23 ਨਵੰਬਰ ਦੀ ਰਾਤ ਨੂੰ ਮਾਤਾ ਜੰਗੀਰ ਕੌਰ ਭਾਵੇਂ ਹਮੇਸ਼ਾ ਲਈ ਸੌਂ ਗਏ ਹਨ ਪਰ ਉਹਨਾਂ ਦੀ ਮਮਤਾ ਅਤੇ ਮੋਹ ਦੀ ਗੂੜ੍ਹੀ ਛਾਂ ਮਾਣਨ ਵਾਲਿਆਂ ਦੇ ਚੇਤਿਆਂ ਵਿੱਚ ਉਹ ਸਦਾ ਵੱਸਦੇ ਰਹਿਣਗੇ । ਮਾਤਾ ਜੰਗੀਰ ਕੌਰ 20 ਜੁਲਾਈ 1937 ਨੂੰ ਪਿਤਾ ਸ੍ਰ. ਪੂਰਨ ਸਿੰਘ ਅਤੇ ਮਾਤਾ ਹਰਨਾਮ ਕੌਰ ਜੀ ਦੇ ਘਰ ਪਿੰਡ ਲੱਖਾ ਜਿਲ੍ਹਾ ਲੁਧਿਆਣਾ ਵਿਖੇ ਪੈਦਾ ਹੋਏ। ਮਾਤਾ ਜੰਗੀਰ ਕੌਰ ਦਾ ਵਿਆਹ ਉਸ ਸਮੇਂ ਦੇ ਰਿਵਾਜ਼ ਅਨੁਸਾਰ 20 ਸਾਲ ਦੀ ਉਮਰ ਵਿੱਚ ਦੱਧਾਹੂਰ ਦੇ ਸਰਦਾਰ ਹਰਨੇਕ ਸਿੰਘ ਨਾਲ ਹੋਇਆ। ਗ਼ਰੀਬੀ ਨਾਲ਼ ਜੂਝਦਿਆਂ ਸਬਰ ਤੇ ਸੰਤੋਖ ਨਾਲ਼ ਸ੍ਰ. ਹਰਨੇਕ ਸਿੰਘ ਦੇ ਮੋਢੇ ਨਾਲ ਮੋਢਾ ਲਾਕੇ ਤਿੰਨ ਪੁੱਤਰਾਂ , ਚਾਰ ਪੁੱਤਰੀਆਂ ਦੇ ਪਲਨਪੋਸ਼ਣ ਤੋਂ ਲੈਕੇ ਸਾਰੀ ਕਬੀਲਦਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਇਆ ਅਤੇ ਆਪਣੇ ਬੱਚਿਆਂ ਨੂੰ ਚੰਗੀਆਂ ਸਿੱਖਿਆਵਾਂ ਦੇਕੇ ਆਪਣੇ ਪੈਰਾਂ ਤੇ ਖੜ੍ਹਾ ਕੀਤਾ ਅਤੇ ਉਹਨਾਂ ਨੂੰ ਸਮਾਜ ਦੇ ਇੱਜ਼ਤਦਾਰ ਵਸਨੀਕ ਬਣਾਇਆ।
ਉਹਨਾਂ ਦਾ ਜੀਵਨ ਸੰਘਰਸ਼ ਅਤੇ ਮੁਸ਼ਕਿਲਾਂ ਵਿੱਚ ਵੀ ਹੀ ਹੌਂਸਲਾ ਕਾਇਮ ਰੱਖਣ ਦੀ ਉੱਚਤਮ ਮਿਸਾਲ ਹੈ। ਸਮੇਂ ਸਮੇਂ ਆਈਆਂ ਅਤਿ ਦੀਆਂ ਮੁਸ਼ਕਲ ਘੜੀਆਂ ਵਿੱਚ ਵੀ ਮਾਤਾ ਜੰਗੀਰ ਕੌਰ ਨੇ ਹੌਂਸਲਾ ਨਹੀਂ ਹਾਰਿਆ ਸਗੋਂ ਪ੍ਰਮਾਤਮਾ ਦੇ ਭਾਣੇ ਨੂੰ ਸਹਿਜ ਕਰ ਕੇ ਸਵੀਕਾਰ ਕੀਤਾ। ਆਪਣੇ ਸਿਰੜੀ ਸੁਭਾਅ ਕਾਰਣ, ਸੂਗਰ ਦੀ ਬਿਮਾਰੀ ਨਾਲ ਜੂਝਦਿਆਂ ਵੀ, ਆਪਣੇ ਅੰਤਲੇ ਸਮੇੱ ਤੱਕ ਕਾਰਜਸ਼ੀਲ ਰਹੇ ਅਤੇ ਮੂਲ ਨਾਲੋਂ ਵਿਆਜ ਪਿਆਰਾ ਦੇ ਅਖਾਣ ਅਨੁਸਾਰ ਆਪਣੇ ਪੋਤੇ ਪੋਤੀਆਂ ਦੀ ਪਿਆਰੀ ਦਾਦੀ ਮਾਂ ਅਤੇ ਦੋਹਤੇ ਦੋਹਤੀਆਂ ਦੀ ਨਾਨੀ ਮਾਂ ਬਣ ਕੇ, ਉਹਨਾਂ ਪ੍ਰਤੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ । ਮਾਤਾ ਜੰਗੀਰ ਕੌਰ ਸਮਾਜਿਕ ਰਿਸ਼ਤਿਆਂ ਨੂੰ ਬਹੁਤ ਮਹੱਤਵ ਦਿੰਦੇ ਸਨ ਅਤੇ ਗੁਰਬਾਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਨ। ਹਮਦਰਦੀ, ਪਿਆਰ ਅਤੇ ਲੋੜਵੰਦਾਂ ਦੇ ਮਦਦਗਾਰ ਦੀ ਭਾਵਨਾ ਨਾਲ ਉਹ ਭਰਪੂਰ ਸਨ। ਓਹਨਾਂ ਦੇ ਇਹਨਾਂ ਗੁਣਾਂ ਦੀ ਛਾਪ ਉਹਨਾਂ ਦੇ ਪੁੱਤਰਾਂ , ਧੀਆਂ ਵਿੱਚ ਵੀ ਦਿਖਾਈ ਦਿੰਦੀ ਹੈ ਜਿਸ ਸਦਕਾ ਮਾਤਾ ਜੀ ਦੇ ਵੱਡੇ ਸਪੁੱਤਰ ਸ੍ਰ. ਜੋਗਾ ਸਿੰਘ ਦਾ ਜਗਰਾਉਂ ਸ਼ਹਿਰ ਵਿੱਚ ਬਿਜਲੀ ਦਾ ਆਪਣਾ ਵੱਡਾ ਕਾਰੋਬਾਰ ਹੈ। ਜਿੱਥੇ ਵਿਚਕਰਾਲੇ ਪੁੱਤਰ ਸ੍ਰ. ਰਣ ਸਿੰਘ ਨਗਰ ਨਿਗਮ ਲੁਧਿਆਣਾ ਵਿੱਚ ਪੱਕੇ ਮੁਲਾਜ਼ਮ ਹਨ, ਉੱਥੇ ਨਾਲ਼ ਹੀ ਸਭ ਤੋਂ ਛੋਟੇ ਸਪੁੱਤਰ ਸ੍ਰ. ਸਰਦੂਲ ਸਿੰਘ ਨਗਰ ਨਿਗਮ ਲੁਧਿਆਣਾ ਵਿੱਚ ਬਤੌਰ ਜੇ.ਈ ਆਪਣੀਆ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੇ ਪੁੱਤਰਾਂ ਵਿੱਚ ਸਮਾਜ ਸੇਵਾ ਪ੍ਰਤੀ ਝੁਕਾਅ ਮਾਤਾ ਜੀ ਦੀ ਬਦੌਲਤ ਹੀ ਹੈ ਜੋ ਮਿਹਨਤ ਮੁਸ਼ਕੱਤ ਕਰਦਿਆਂ ਵੀ ਸਮਾਜ ਸੇਵਾ ਪ੍ਰਤੀ ਆਪਣੇ ਫਰਜ਼ ਨਿਭਾਅ ਰਹੇ ਹਨ। ਮਾਤਾ ਜੰਗੀਰ ਕੌਰ ਸਬਰ- ਸੰਤੋਖ,ਨਿਮਰਤਾ, ਸਹਿਣਸ਼ੀਲਤਾ ਅਤੇ ਸਾਦਗੀ ਦੀ ਮੂਰਤ ਸਨ।
ਅੱਜ ਭਾਵੇਂ ਮਾਤਾ ਜੀ ਰੂਪੀ ਗੂੜ੍ਹੀ ਛਾਂ ਸਾਡੇ ਸਿਰਾਂ ਤੋਂ ਉੱਠ ਚੁੱਕੀ ਹੈ ਪਰ ਉਹਨਾਂ ਦੀਆਂ ਪ੍ਰੇਰਣਾਮਈ ਜੀਵਨ ਸੂਝਾਂ ਜੋ ਉਹ ਸਮੇਂ ਸਮੇਂ ਸਿਰ ਸਾਰਿਆਂ ਨਾਲ ਸਾਂਝੀਆਂ ਕਰਦੇ ਰਹੇ, ਹਮੇਸ਼ਾ ਅਸ਼ੀਰਵਾਦ ਬਣ ਕੇ, ਸਾਡੀ ਅਗਵਾਈ ਕਰਦੀਆਂ ਰਹਿਣਗੀਆਂ। ਉਹਨਾਂ ਦੀ ਅੰਤਿਮ ਅਰਦਾਸ ਮੌਕੇ ਅਸੀਂ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ। ਮਾਤਾ ਜੰਗੀਰ ਕੌਰ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ 03 ਦਸੰਬਰ ਦਿਨ ਐਤਵਾਰ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਾਬਾ ਜਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12 ਤੋਂ ਡੇਢ ਵਜੇ ਤੱਕ ਹੋਵੇਗੀ।