ਅਸ਼ੋਕ ਵਰਮਾ, ਬਠਿੰਡਾ 01 ਦਸੰਬਰ 2023
ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਬਠਿੰਡਾ ਪੁਲਿਸ ਨੂੰ ਲੀਹ ਤੇ ਲਿਆਉਣ ਦੀ ਮੁਹਿੰਮ ਨੂੰ ਜਾਰੀ ਰੱਖਦਿਆਂ ਸਬ ਡਿਵੀਜਨ ਭੁੱਚੋ ਅਧੀਨ ਥਾਣਾ ਨੇਹੀਆਂਵਾਲਾ ਅਤੇ ਪੁਲਿਸ ਚੌਂਕੀ ਗੋਨਿਆਣਾ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਕਾਇਦੇ ਕਾਨੂੰਨਾਂ ਅਨੁਸਾਰ ਕੰਮ ਕਰਨ ਦਾ ਸੁਨੇਹਾਂ ਦਿੱਤਾ । ਇਸ ਮੌਕੇ ਉਨ੍ਹਾਂ ਮੁੱਖ ਥਾਣਾ ਅਫਸਰ ਨੂੰ ਸੀਨੀਅਰ ਅਫਸਰਾਂ ਵੱਲੋਂ ਦਿੱਤੇ ਗਏ ਹੁਕਮ ਆਪਣੇ ਸਟਾਫ ਨੂੰ ਰੋਜਾਨਾ ਦੀ ਹਾਜ਼ਰੀ ਦੌਰਾਨ ਸਮੇਂ ਪੜ੍ਹ੍ਰ ਕੇ ਸੁਨਾਉਣ ਅਤੇ ਇਹਨਾਂ ਹੁਕਮਾਂ ਦੀ ਪਾਲਣਾ ਯਕੀਨੀ ਬਨਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ 6 ਮਹੀਨਿਆਂ ਤੋਂ ਜਿਆਦਾ ਸਮਾਂ ਲੰਬਿਤ ਪਏ ਕੇਸਾਂ ਦਾ ਜਲਦੀ ਨਿਪਟਾਰਾ ਕਰਕੇ ਮਹੀਨਾਵਾਰੀ ਕਰਾਈਮ ਮੀਟਿੰਗ ਵਿੱਚ ਰਿਪੋਰਟ ਪੇਸ਼ ਕਰਨ , ਤਫਤੀਸ਼ ਅਧੀਨ ਮੁਕੱਦਮਿਆਂ ਦਾ ਨਿਪਟਾਰਾ 15 ਦਿਨਾਂ ਵਿੱਚ ਕਰਨ ਅਤੇ ਜਿਹਨਾਂ ਕੇਸਾਂ ਦਾ ਦੋਸ਼ੀ ਅਜੇ ਗ੍ਰਿਫਤਾਰ ਕਰਨੇ ਬਾਕੀ ਹਨ ਉਹਨਾਂ ਨੂੰ 3 ਦਿਨਾਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਐਸਐਸਪੀ ਨੇ ਪੜਤਾਲ ਮੁਕੰਮਲ ਹੋਣ ਵਾਲੇ ਮਾਮਲਿਆਂ ਦਾ ਇੱਕ ਹਫਤੇ ਦੇ ਅੰਦਰ ਅੰਦਰ ਅਦਾਲਤ ਵਿੱਚ ਚਲਾਨ ਪੇਸ਼ ਕਰਨ ਲਈ ਵੀ ਕਿਹਾ। ਉਨ੍ਹਾਂ ਆਖਿਆ ਕਿ ਥਾਣੇ ਵਿੱਚ ਪੈਡਿੰਗ ਪਈਆਂ ਆਦਮਪਤਾ ਅਖਰਾਜ ਰਿਪੋਰਟਾਂ ਦੀ ਸਾਰੀ ਪ੍ਰਕਿਰਿਆ ਮੁਕੰਮਲ ਕਰਕੇ ਤੁਰੰਤ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣ ।
ਉਨ੍ਹਾਂ ਇਤਫਾਕੀਆ ਮੌਤ ਦੀ ਵੀ ਪ੍ਰੀਕ੍ਰਿਆ ਕਰਕੇ ਐੱਸ.ਡੀ.ਐੱਮ ਹਲਕਾ ਪਾਸੋਂ ਮੰਨਜੂਰ ਕਰਵਾਉਣ ਲਈ ਕਿਹਾ। ਇਸ ਦੇ ਨਾਲ ਹੀ ਫੈਸਲਾ ਹੋ ਚੁੱਕੇ ਕੇਸਾਂ ਨਾਲ ਜੁੜੇ ਮਾਲ ਅਤੇ ਅਤੇ ਵਾਹਨਾਂ ਦਾ ਅਦਾਲਤਾਂ ਰਾਹੀਂ ਨਿਪਟਾਰਾ ਕਰਨ ਤੋਂ ਇਲਾਵਾ ਭਗੌੜਿਆਂ ਅਤੇ ਜਮਾਨਤਾਂ ਲੈਕੇ ਫਰਾਰ ਹੋਣ ਵਾਲਿਆਂ ਨੂੰ ਗ੍ਰਿਫਤਾਰ ਅਤੇ ਉਹਨਾਂ ਦੀ ਚੱਲ-ਅਚੱਲ ਸੰਪਤੀ ਤਸਦੀਕ ਕਰਵਾ ਕੇ ਉਹਨਾਂ ਖਿਲਾਫ 83 ਸੀ.ਆਰ.ਪੀ.ਸੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਐਸਐਸਪੀ ਨੇ ਨਸ਼ੇ ਨਾਲ ਪ੍ਰਭਾਵਿਤ ਏਰੀਏ ਵਿੱਚ ਨਸ਼ਿਆਂ ਵਿਰੋਧੀ ਵੱਧ ਤੋਂ ਵੱਧ ਸੈਮੀਨਾਰ ਕਰਵਾ ਕੇ ਜਾਗਰੂਕ ਕਰਨ ਅਤੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਦੇ ਨਾਲ ਹੀ ਲੋਕਲ ਅਤੇ ਸਪੈਸ਼ਲ ਲਾਅ ਬਰਾਮਦਗੀ ਦੇ ਮੁਕੱਦਮਿਆਂ ਨੂੰ ਚੰਗੇਰਾ ਬਣਾਇਆ ਜਾਵੇ।