ਸਕੂਲਾਂ ‘ਚ ਬਸਤਿਆਂ ਦਾ ਭਾਰ ਦਾ ਨਿਰੀਖਣ ਕਰਨ ਲਈ ਪ੍ਰਸ਼ਾਸਨਿਕ ਟੀਮ ਵੱਲੋਂ ਸਕੂਲਾਂ ਦਾ ਦੌਰਾ

Advertisement
Spread information

ਰਿਚਾ ਨਾਂਗਪਾਲ, ਪਟਿਆਲਾ, 24 ਨਵੰਬਰ 2023


   ਸਕੂਲ ਬੈਗ ਨੀਤੀ 2020 ਮੁਤਾਬਕ ਸਕੂਲੀ ਬੱਚਿਆਂ ਦੇ ਬਸਤਿਆਂ ਦਾ ਭਾਰ ਘਟਾਉਣ ਲਈ ਜ਼ਿਲ੍ਹੇ ਦੇ ਸਾਰੇ ਸਕੂਲ ਮੁਖੀਆਂ ਨਾਲ ਬੈਠਕ ਕਰਕੇ ਰਾਸ਼ਟਰੀ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਦਾਇਤਾਂ ਦਾ ਪਾਲਣ ਯਕੀਨੀ ਬਣਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕੀਤਾ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲ੍ਹੇ ਦੇ ਸਕੂਲਾਂ ਵਿੱਚ ਬੱਚਿਆਂ ਦੇ ਬਸਤਿਆਂ ਦੇ ਭਾਰ ਦਾ ਅਨੁਮਾਨ ਲਗਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਨਵਿੰਦਰ ਕੌਰ ਭੁੱਲਰ ਦੀ ਅਗਵਾਈ ਹੇਠ ਇੱਕ ਟੀਮ ਦਾ ਵੀ ਗਠਨ ਕੀਤਾ ਹੈ, ਜਿਸ ਵੱਲੋਂ ਅੱਜ ਕੁਝ ਸਕੂਲਾਂ ਦਾ ਦੌਰਾ ਕਰਕੇ ਬੱਚਿਆਂ ਦੇ ਬਸਤਿਆਂ ਦੇ ਭਾਰ ਦਾ ਜਾਇਜ਼ਾ ਲਿਆ ਗਿਆ ਹੈ।
      ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲ ਬੈਗ ਨੀਤੀ ਮੁਤਾਬਕ ਇਹ ਲਾਜਮੀ ਹੈ ਕਿ ਪਹਿਲੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਬਸਤਿਆਂ ਦਾ ਭਾਰ ਵਿਦਿਆਰਥੀਆਂ ਦੇ ਆਪਣੇ ਭਾਰ ਦੇ 10 ਫੀਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜਦੋਂਕਿ ਪ੍ਰੀ-ਨਰਸਰੀ ਵਿੱਚ ਕੋਈ ਬੈਗ ਨਹੀਂ ਚਾਹੀਦਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਨਿਯਮ ਹਨ, ਜਿਨ੍ਹਾਂ ਬਾਰੇ ਸਕੂਲਾਂ ਅਤੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਮਾਪਿਆਂ ਨੂੰ ਜਾਣੂ ਕਰਵਾਕੇ ਬੱਚਿਆਂ ਦੇ ਬਸਤਿਆਂ ਦਾ ਭਾਰ ਘਟਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਭਾਰੀ ਬੈਗ ਨਾ ਦੇਣ ਅਤੇ ਖਾਸ ਕਰਕੇ ਟਰਾਲੀ ਬੈਗ ਤੋਂ ਪ੍ਰਹੇਜ ਕੀਤਾ ਜਾਵੇ।
      ਇਸ ਟੀਮ ਨੇ ਅੱਜ ਕਈ ਸਕੂਲਾਂ ਦਾ ਦੌਰਾ ਕੀਤਾ ਅਤੇ ਸਕੂਲ ਮੁਖੀਆਂ, ਅਧਿਆਪਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਨਾਲ ਹੀ ਜਮਾਤਾਂ ਵਿੱਚ ਜਾ ਕੇ ਬੱਚਿਆਂ ਦੇ ਬਸਤਿਆਂ ਵਿੱਚ ਕਾਪੀਆਂ, ਕਿਤਾਬਾਂ ਤੇ ਹੋਰ ਸਮਾਨ ਦਾ ਵੀ ਬਾਰੀਕੀ ਨਾਲ ਨਿਰੀਖਣ ਕੀਤਾ ਹੈ। ਇਸ ਟੀਮ ਨੇ ਸਕੂਲਾਂ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਬਸਤਿਆਂ ਦਾ ਭਾਰ ਘਟਾਉਣ ਲਈ ਜਰੂਰੀ ਨੁਕਤੇ ਸਮਝਾਏ ਹਨ।
       ਇਸੇ ਦੌਰਾਨ ਸ਼ਾਇਨਾ ਕਪੂਰ ਤੇ ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮਾਂ ਤਹਿਤ ਕੁਝ ਸਕੂਲਾਂ ਦਾ ਅੱਜ ਦੌਰਾ ਕਰਕੇ ਬੱਚਿਆਂ ਦੇ ਬਸਤਿਆਂ ਦਾ ਨਿਰੀਖਣ ਕੀਤਾ ਹੈ ਅਤੇ ਇਹ ਪਾਇਆ ਕਿ ਇਨ੍ਹਾਂ ਵਿੱਚ ਲੋੜ ਤੋਂ ਜਿਆਦਾ ਭਾਰ ਸੀ।
        ਉਨ੍ਹਾਂ ਦੱਸਿਆ ਕਿ ਸਿਲੇਬਸ ਤੇ ਟਾਈਮ ਟੇਬਲ ਮੁਤਾਬਕ ਕਿਤਾਬਾਂ ਘੱਟ ਹੋਣੀਆਂ ਚਾਹੀਦੀਆਂ ਸਨ, ਜਦੋਂਕਿ ਹੁਣ ਸਕੂਲਾਂ ਦੀ ਐਪ ਕੰਮ ਕਰਦੀ ਹੈ ਤਾਂ ਬਸਤੇ ਵਿੱਚ ਡਾਇਰੀ ਦਾ ਕੋਈ ਕੰਮ ਨਹੀਂ ਹੈ। ਇਸ ਦੇ ਨਾਲ ਹੀ ਬਸਤਿਆਂ ਵਿੱਚ ਪਾਣੀ ਦੀ ਬੋਤਲ, ਲੰਚ ਬੌਕਸ ਤੇ ਪੈਨ-ਪੈਨਸਿਲ ਵਾਲਾ ਬੌਕਸ ਵੀ ਭਾਰਾ ਪਾਇਆ ਗਿਆ ਤੇ ਕੁਝ ਕਿਤਾਬਾਂ ਉਪਰ ਗੱਤੇ ਦੀ ਜ਼ਿਲਦ ਪਾਈ ਗਈ ਅਤੇ ਹਰ ਕਲਾਸ ਵਿੱਚ ਬੱਚਿਆਂ ਦੀ ਲਾਇਬ੍ਰੇਰੀ ਚਾਹੀਦੀ ਹੈ ਤਾਂ ਕਿ ਬੱਚੇ ਲੋੜ ਤੋਂ ਜਿਆਦਾ ਕਿਤਾਬਾਂ ਉਥੇ ਰੱਖ ਸਕਣ ਤੇ ਉਥੋਂ ਲੈਕੇ ਹੀ ਪੜ੍ਹ ਸਕਣ। ਇਸ ਟੀਮ ਵਿੱਚ ਸਿੱਖਿਆ ਵਿਭਾਗ ਤੋਂ ਰਾਜਵੰਤ ਸਿੰਘ ਤੇ ਰਵੀ ਬਾਂਸਲ ਸਮੇਤ ਬਾਲ ਸੁਰੱਖਿਆ ਅਫ਼ਸਰ ਸਿਮਰਨਜੀਤ ਕੌਰ, ਸੁਖਦੀਪ ਸਿੰਘ ਤੇ ਪ੍ਰਦੀਪ ਸ਼ਰਮਾ ਸ਼ਾਮਲ ਸਨ।

Advertisement
Advertisement
Advertisement
Advertisement
Advertisement
Advertisement
error: Content is protected !!