3 ਹਫਤਿਆਂ ਬਾਅਦ ਨੌਜਵਾਨ ਦੀ ਲਾਸ਼ ਨੂੰ ਮਿਲੀ ਮਿੱਟੀ

Advertisement
Spread information

ਅਸ਼ੋਕ ਵਰਮਾ, ਸੰਗਤ ਮੰਡੀ, 22 ਨਵੰਬਰ 2023

     ਬਠਿੰਡਾ ਜਿਲ੍ਹੇ ਦੀ ਸੰਗਤ ਮੰਡੀ ਨੇੜਲੇ ਪਿੰਡ ਦੁੱਨੇਵਾਲਾ ਦੇ ਕੈਨੇਡਾ ਪੜ੍ਹਨ ਗਏ ਨੌਜਵਾਨ ਵਰਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ  ਬੇਹੱਦ ਗਮਗੀਨ ਮਹੌਲ ਤੇ ਵੱਡੀ ਗਿਣਤੀ ਲੋਕਾਂ ਦੀ ਹਾਜਰੀ ’ਚ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।  ਮੌਤ ਤੋਂ 23 ਦਿਨ ਬਾਅਦ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ ਸੀ।  ਇਸ ਤੋਂ ਪਹਿਲਾਂ ਨੌਜਵਾਨ ਦੇ ਸਿਰ ਤੇ ਭੈਣਾ ਨੇ ਸਿਹਰਾ ਸਜਾਇਆ ਜਿਸ ਦਾ ਸੁਫਨਾ ਉਨ੍ਹਾਂ ਨੇ ਕੈਨੇਡਾ ਪਰਤਣ ਤੋਂ ਵਿਆਹ ਕਰਨ ਮੌਕੇ ਲਿਆ ਸੀ। ਇਸ ਮੌਕੇ ਪ੍ਰੀਵਾਰ ਅਤੇਸਾ ਸਬੰਧੀਆਂ ਦਾ ਵਿਰਲਾਪ ਝੱਲਿਆ ਨਹੀਂ ਜਾ ਰਿਹਾ ਸੀ।
     ਜਦੋਂ ਨੌਜਵਾਨ ਵਰਿੰਦਰ ਦੀ ਚਿਤਾ ਨੂੰ ਅਗਨੀ ਦਿਖਾਈ ਤਾਂ  ਸ਼ਮਸ਼ਾਨਘਾਟ ’ਚ ਮੌਜੂਦ ਹਹਰ ਵਿਅਕਤੀ ਦੀਆਂ ਅੱਖਾਂ ਵਿੱਚ ਅੱਥਰੂ ਸਨ।ਪਿੰਡ ਦੁੱਨੇਵਾਲਾ ਦਾ ਨੌਜਵਾਨ ਵਰਿੰਦਰ ਸਿੰਘ ਪੁੱਤਰ ਨਾਜਮ ਸਿੰਘ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਕਰੀਬ 9 ਮਹੀਨੇ ਪਹਿਲਾਂ ਹੀ ਗਿਆ ਸੀ। ਉਹ ਕੈਨੇਡਾ ਦੇ ਸਰੀ ਸ਼ਹਿਰ ਵਿਖੇ  ਰਹਿ ਰਿਹਾ ਸੀ ਜਿੱਥੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜੋ ਜਾਨਲੇਵਾ ਸਿੱਧ ਹੋਇਆ। ਮ੍ਰਿਤਕ ਵਰਿੰਦਰ ਸਿੰਘ ਆਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਅੰਗਹੀਣ ਛੋਟਾ ਭਰਾ ਛੱਡ ਗਿਆ ਹੈ, ਜਿਸ ਕਾਰਨ ਪਿੰਡ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਜੇ ਇੱਕ ਸਾਲ ਵੀ ਨਹੀਂ ਹੋਇਆ ਸੀ ਕਿ ਪਰਿਵਾਰ ਨੂੰ ਇਸ ਬੇਹੱਦ ਮੰਦਭਾਗੀ ਖ਼ਬਰ ਨੇ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ ।
       ਗੱਭਰੂ ਪੁੱਤ ਦੀ ਮੌਤ ਨਾਲ ਪ੍ਰੀਵਾਰ ਵੱਲੋਂ ਬਿਹਤਰ ਜਿੰਦਗੀ ਹਾਸਲ ਕਰਨ ਦੇ ਸੁਫਨੇ ਚਕਨਾਚੂਰ ਹੋ ਗਏ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਕਰਜ਼ਾ ਲੈ ਕੇ ਬੜੀਆਂ ਆਸਾਂ ਨਾਲ ਵਰਿੰਦਰ ਨੂੰ ਪੜਾਈ ਲਈ ਕੈਨੇਡਾ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਮਨ ਨੂੰ ਇਸ ਗੱਲ ਦੀ ਸੰਤੁਸ਼ਟੀ ਹੋਈ ਹੈ ਕਿ ਕੈਨੇਡਾ ਵਿਖੇ ਰਹਿੰਦੇ ਇਥੋਂ ਨੇੜਲੇ ਪਿੰਡਾਂ ਦੇ ਨੌਜਵਾਨਾਂ ਦੇ ਉਪਰਾਲੇ ਅਤੇ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾ ਸਕਿਆ ਹੈ। ਸਮਾਜਸੇਵੀ ਬਲਵੀਰ ਬੀਰਾ ਅਤੇ ਸੁਖਤੇਜ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਸਰਕਾਰਾਂ ਨੌਜਵਾਨਾਂ ਨੂੰ ਇਥੇ ਹੀ ਰੁਜ਼ਗਾਰ ਮੁਹੱਈਆ ਕਰਵਾ ਦੇਣ ਤਾਂ ਉਨ੍ਹਾਂ ਨੂੰ ਆਪਣੇ ਪਰਿਵਾਰ ਤੇ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ’ਚ ਰੁਲਣ ਦੀ ਕੀ ਲੋੜ ਹੈ।

Advertisement
Advertisement
Advertisement
Advertisement
error: Content is protected !!