ਹਰਿੰਦਰ ਨਿੱਕਾ ,ਬਰਨਾਲਾ 20 ਨਵੰਬਰ 2023
ਕ੍ਰਿਕਟ ਮੈਚਾਂ ਤੇ ਸੱਟਾ ਲਵਾਉਣ ਵਾਲੇ ਦੋ ਬੁੱਕੀ ਸੀਆਈਏ ਬਰਨਾਲਾ ਦੀ ਟੀਮ ਨੇ ਲੱਖਾਂ ਰੁਪਏ ਦੀ ਰਾਸ਼ੀ ਸਣੇ ਗ੍ਰਿਫ਼ਤਾਰ ਕੀਤੇ ਹਨ। ਬੇਸ਼ੱਕ ਪੁਲਿਸ ਨੇ ਫਿਲਹਾਲ ਦੋ ਜਣਿਆਂ ਖਿਲਾਫ ਕੇਸ ਦਰਜ ਕੀਤਾ ਹੈ। ਪਰੰਤੂ ਇਹ ਪਰਚੇ ਦਾ ਮੂੰਹ ਹਾਲੇ ਖੁੱਲ੍ਹਾ ਰੱਖਿਆ ਹੋਇਆ ਹੈ। ਯਾਨੀ ਕੇਸ ਵਿੱਚ 120 ਬੀ ਸੈਕਸ਼ਨ ਵੀ ਲਾਈ ਗਈ ਹੈ। ਜਿਸ ਤੋਂ ਸਾਫ ਹੈ ਕਿ ਗ੍ਰਿਫਤਾਰ ਦੋਸ਼ੀਆਂ ਦੀ ਪੁੱਛਗਿੱਛ ਦੇ ਆਧਾਰ ਪਰ, ਹੋਰ ਦੋਸ਼ੀ ਵੀ ਨਾਮਜਦ ਕੀਤੇ ਜਾ ਸਕਦੇ ਹਨ। ਵਰਨਣਯੋਗ ਹੈ ਕਿ 7 ਨਵੰਬਰ ਨੂੰ ਬਰਨਾਲਾ ਟੂਡੇ ਵੱਲੋਂ ਸ਼ਹਿਰ ਅੰਦਰ ਸ਼ਰੇਆਮ ਕ੍ਰਿਕਟ ਮੈਚਾਂ ਤੇ ਦੜੇ ਸੱਟੇ ਦਾ ਮੋਟਾ ਧੰਦਾ ਚਲਦਾ ਹੋਣ ਦਾ ਖੁਲਾਸਾ ਪ੍ਰਮੱਖਤਾ ਨਾਲ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਦੋਸ਼ੀਆਂ ਨੂੰ ਫੜਨ ਲਈ ਪੱਬਾਂ ਭਾਰ ਹੋਈ ਫਿਰਦੀ ਸੀ। ਆਖਿਰ ਕ੍ਰਿਕਟ ਮੈਚ ਦੇ ਫਾਈਨਲ ਮੌਕੇ ਦੋ ਦੋਸ਼ੀਆਂ ਨੂੰ ਦਬੋਚਣ ਵਿਚ ਪੁਲਿਸ ਕਾਮਯਾਬ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ‘ਚੋਂ ਇੱਕ ਥਾਣੇਦਾਰ ਨੂੰ ਸੂਚਨਾ ਮਿਲੀ ਸੀ ਕਿ ਸੈਂਕੀ ਪੁੱਤਰ ਮੰਗਲ ਸੈਨ, ਨਿਤੀਨ ਜੁਨੇਜਾ ਪੁੱਤਰ ਗੋਪਾਲ ਕ੍ਰਿਸਨ ਵਾਸੀ ਸੇਖਾ ਰੋਡ ਬਰਨਾਲਾ ਵਗੈਰਾ ਨੇ ਇੱਕ।ਗਿਰੋਹ ਬਣਾਇਆ ਹੋਇਆ ਹੈ। ਇਹ ਗਿਰੋਹ ਭੋਲੇ ਭਾਲੇ ਲੋਕਾਂ ਨਾਲ ਧੋਖਾ ਕਰਕੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੂੰ ਉਕਸਾ ਕੇ ਕ੍ਰਿਕਟ ਦੇ ਮੈਚਾਂ ਉਪਰ ਪੈਸੇ ਲਗਵਾਕੇ ਠੱਗੀ ਮਾਰਦੇ ਹਨ। ਪੁਲਿਸ ਨੇ ਉਕਤ ਦੋਵਾਂ ਦੋਸ਼ੀਆਂ ਵਿਰੁੱਧ ਮੁੱਕਦਮਾਂ ਅਧੀਨ ਜੁਰਮ 420,120-B, 109 IPC & 13/3A/67 G Act ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ । ਪਤਾ ਲੱਗਿਆ ਹੈ ਕਿ ਦੋਵਾਂ ਦੋਸ਼ੀਆਂ ਤੋਂ ਸੱਟਾ ਲੁਆ ਕੇ ਇਕੱਠੇ ਕੀਤੇ ਚਾਰ ਲੱਖ ਰੁਪਏ ਤੋਂ ਵੱਧ ਨਗਦੀ ਅਤੇ ਕੁੱਝ ਮੋਬਾਇਲ ਫੋਨ ਅਤੇ ਸੱਟਾ ਲਵਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਪੁਲਿਸ ਜਲਦ ਹੀ ਇਸ ਸਬੰਧੀ ਖੁਲਾਸਾ ਕਰ ਸਕਦੀ ਹੈ।