ਮੀਤ ਹੇਅਰ ਨੇ ਕੀਤਾ ਬੀ.ਐਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ
ਇਲਾਕੇ ‘ਚ ਸਿਹਤ ਸੇਵਾਵਾਂ ਲਈ ਮੀਲ ਪੱਥਰ ਸਾਬਿਤ ਹੋਵੇਗਾ BMC ਹਸਪਤਾਲ
ਹਰਿੰਦਰ ਨਿੱਕਾ , ਬਰਨਾਲਾ 19 ਨਵੰਬਰ 2023
ਬਰਨਾਲਾ ਇਲਾਕੇ ਦੇ ਲੋਕਾਂ ਨੂੰ ਅੱਜ ਤੋਂ ਸਭ ਸਹੂਲਤਾਂ ਨਾਲ ਲੈਸ ਵੱਡਾ ਹਸਪਤਾਲ ਮਿਲ ਗਿਆ ਹੈ। ਹੰਡਿਆਇਆ-ਬਰਨਾਲਾ ਮੁੱਖ ਸੜਕ ‘ਤੇ ਸਥਿਤ ਨਵੇਂ ਬਣੇ ਬੀ.ਐਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ । ਇਸ ਮੌਕੇ ਮੰਤਰੀ ਮੀਤ ਹੇਅਰ ਨੇ ਬੀ.ਐਮ.ਸੀ. ਸੁਪਰਸਪੈਸ਼ਲਿਟੀ ਹਸਪਤਾਲ ਦੇ ਪ੍ਰਬੰਧਕ ਡਾ. ਗੁਰਿੰਦਰ ਸਿੰਘ ਮਾਨ, ਡਾ. ਰਾਜੀਵ ਚਾਵਲਾ ਅਤੇ ਡਾ. ਇਸ਼ਾਨ ਬਾਂਸਲ ਵੱਲੋਂ ਸਿਹਤ ਸਹੂਲਤਾਂ ਉਪਲੱਭਧ ਕਰਵਾਉਣ ਲਈ ਬਰਨਾਲਾ ਇਲਾਕੇ ਦੀ ਚੋਣ ਕਰਨ ਲਈ ਸਰਾਹਨਾ ਕਰਦਿਆਂ ਕਿਹਾ ਕਿ ਬੀ.ਐਮ.ਸੀ. ਹਸਪਤਾਲ ਦੀ ਸ਼ੁਰੂਆਤ ਹੋਣ ਨਾਲ ਬਰਨਾਲਾ ਖੇਤਰ ਅੰਦਰ ਸਿਹਤ ਸਹੂਲਤਾਂ ਦੀ ਕਮੀ ਨੂੰ ਕਾਫੀ ਠੱਲ ਪੈ ਜਾਵੇਗੀੇ । ਉਨ੍ਹਾਂ ਕਿਹਾ ਕਿ ਬੀਐਮਸੀ ਹਸਪਤਾਲ ਇਲਾਕੇ ਦਾ ਪਹਿਲਾ ਅਜਿਹਾ ਵੱਡਾ ਹਸਪਤਾਲ ਬਣਿਆ ਹੈ, ਜਿੱਥੇ ਲੋਕਾਂ ਨੂੰ ਲਈ ਇੱਕੋ ਛੱਤ ਹੇਠ ਸਭ ਬੀਮਾਰੀਆਂ ਦੇ ਇਲਾਜ ਲਈ ਤਜੁਰਬੇਕਾਰ ਡਾਕਟਰਾਂ ਦਾ ਸਟਾਫ ਮਿਲ ਗਿਆ ਹੈ।
ਇਸ ਮੌਕੇ ਡਾ. ਗੁਰਿੰਦਰ ਸਿੰਘ ਮਾਨ, ਡਾ. ਰਾਜੀਵ ਚਾਵਲਾ ਅਤੇ ਡਾ. ਇਸ਼ਾਨ ਬਾਂਸਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਲਾਕੇ ਦੀ ਚਿਰੋਕਣੀ ਮੰਗ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਸਾਰੀਆਂ ਵੱਡੀਆਂ ਸਹੂਲਤਾਂ ਨਾਲ ਲੈਸ ਬੀਐਮਸੀ ਸੁਪਰਸਪੈਸ਼ਲਿਟੀ ਹਸਪਤਾਲ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੀਐਮਸੀ ਹਸਪਤਾਲ ਦੀ ਸ਼ੁਰੂਆਤ ਨਾਲ ਬਰਨਾਲਾ ਹੀ ਨਹੀਂ , ਬਲਕਿ ਆਸ ਪਾਸ ਦੇ ਖੇਤਰ ਦੇ ਲੋਕਾਂ ਨੂੰ ਸੀਮਤ ਬਜਟ ਵਿੱਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਾ. ਬਾਂਸਲ ਨੇ ਕਿਹਾ ਕਿ ਸੁਪਰਸਪੈਸ਼ਲਿਟੀ ਹਸਪਤਾਲ ਖੋਲ੍ਹਣ ਦਾ ਮਕਸਦ ਇੱਕੋ ਛੱਤ ਹੇਠ ਲੋਕਾਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕਰਨਾ ਹੈ। ਇਸ ਮੌਕੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਐਚ.ਜੀ. ਈਟਨ ਪਲਾਜਾ ਦੇ ਮਾਲਿਕ ਲਖਵੀਰ ਸਿੰਘ ਲੱਖੀ ਜੈਲਦਾਰ, ਕਾਂਗਰਸ ਦੇ ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਭੋਲਾ ਸਿੰਘ ਵਿਰਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ. ਸੰਦੀਪ ਮਲਿਕ, ਐਸ.ਡੀ.ਐਮ. ਗੋਪਾਲ ਸਿੰਘ ਅਤੇ ਜਿਲ੍ਹੇ ਦੇ ਹੋਰ ਮੋਹਤਬਰ ਸੱਜਣ ਵੀ ਮੌਜੂਦ ਸਨ।