ਅਸ਼ੋਕ ਵਰਮਾ, ਬਠਿੰਡਾ 19 ਨਵੰਬਰ 2023
ਮਾਨਸਾ ਵਾਸੀ ਡੇਰਾ ਸਿਰਸਾ ਦੇ ਸ਼ਰਧਾਲੂ ਪ੍ਰੀਵਾਰ ਵੱਲੋਂ ਆਪਣੇ ਪ੍ਰੀਵਾਕ ਜੀਅ ਦੀ ਮੌਤ ਉਪਰੰਤ ਸ਼ਰੀਰਦਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਨਸਾ ਵਾਸੀ ਰਾਮ ਸਿੰਘ ਇੰਸਾਂ (47) ਪੁੱਤਰ ਲਾਲ ਸਿੰਘ ਨੇ ਮਰਨ ਉਪਰੰਤ ਸਰੀਰਦਾਨ ਕਰਕੇ ਮਹਾਨ ਦਾਨ ਕੀਤਾ ਹੈ ਜਿੰਨ੍ਹਾਂ ਦੀ ਮ੍ਰਿਤਕ ਦੇਹ ਹੁਣ ਮੈਡੀਕਲ ਖੋਜਾਂ ਦੇ ਕੰਮ ਆਵੇਗੀ। ਸਿਹਤ ਸੇਵਾਵਾਂ ’ਚ ਬਿਮਾਰੀਆਂ ਦੇ ਇਲਾਜ ਲਈ ਖੋਜਾਂ ਖਾਤਰ ਮ੍ਰਿਤਕ ਦੇਹਾਂ ਦੀ ਕਾਫੀ ਮੰਗ ਰਹਿੰਦੀ ਹੈ, ਜਿਸ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਹਿਮ ਯੋਗਦਾਨ ਪਾ ਰਹੇ ਹਨ। ਰਾਮ ਸਿੰਘ ਇੰਸਾਂ ਨੇ ਵੀ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਉਸਦੀ ਮੌਤ ਉਪਰੰਤ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਾਵੇ, ਜਿਸ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ।
ਜਾਣਥਾਰੀ ਅਨੁਸਾਰ ਰਾਮ ਸਿੰਘ ਇੰਸਾਂ ਪੁੱਤਰ ਲਾਲ ਸਿੰਘ ਦੀ ਸ਼ਨਿੱਚਰਵਾਰ ਨੂੰ ਮੌਤ ਹੋ ਗਈ ਸੀ। ਮੌਤ ਉਪਰੰਤ ਉਨ੍ਹਾਂ ਦੇ ਪੁੱਤਰ ਸੰਦੀਪ ਸਿੰਘ ਇੰਸਾਂ ਨੇ ਆਪਣੇ ਪਿਤਾ ਵੱਲੋਂ ਜਿਉਂਦੇ ਜੀਅ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਰਾਮ ਸਿੰਘ ਇੰਸਾਂ ਨੇ ਬਲਾਕ ਮਾਨਸਾ ਦੇ 48ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਹੈ। ਰਾਮ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਵਰਲਡ ਕਾਲਜ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਐਂਡ ਹੌਸਪਿਟਲ ਗੁਰਾਵਰ ਝੱਜਰ (ਹਰਿਆਣਾ) ਨੂੰ ਦਾਨ ਕੀਤੀ ਗਈ ਹੈ। ਮ੍ਰਿਤਕ ਦੇਹ ਨੂੰ ਲਿਜਾਣ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ‘ਸਰੀਰਦਾਨੀ ਰਾਮ ਸਿੰਘ ਇੰਸਾਂ ਅਮਰ ਰਹੇ ਦੇ ਨਾਅਰੇ ਲਗਾਏ’। ਇਸ ਮੌਕੇ ਰਵੇਲ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, 85 ਮੈਂਬਰ ਰਣਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਚਾਚਾ ਰਾਮ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਤੇ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੀ ਪ੍ਰੇਰਣਾ ਤਹਿਤ ਇਸ ਸਬੰਧ ਵਿੱਚ ਪ੍ਰਣ ਕੀਤਾ ਸੀ ।ਇਸ ਮੌਕੇ ਸ਼ਹਿਰ ਦੇ ਵੱਡੀ ਗਿਣਤੀ ਪਤਵੰਤਿਆਂ ਤੋਂ ਇਲਾਵਾ 85 ਮੈਂਬਰ ਬਿੰਦਰ ਇੰਸਾਂ, ਸ਼ਿਵ ਇੰਸਾਂ, ਸ਼ਹਿਰ ਦੇ ਵੱਖ-ਵੱਖ ਜੋਨਾਂ ਤੋਂ 15 ਮੈਂਬਰ ਅਤੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।
ਮੈਡੀਕਲ ਖੋਜਾਂ ਲਈ ਲਾਹੇਵੰਦ : ਸਿਵਲ ਸਰਜਨ
ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਇਸ ਮੌਕੇ ਆਖਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਜੋ ਮਰਨ ਉਪਰੰਤ ਸਰੀਰਦਾਨ ਕੀਤਾ ਜਾ ਰਿਹਾ ਹੈ ਇਹ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੈ। ਉਨ੍ਹਾਂ ਆਖਿਆ ਕਿ ਡਾਕਟਰ ਬਣਨ ਜਾ ਰਹੇ ਵਿਦਿਆਰਥੀ ਮ੍ਰਿਤਕ ਦੇਹ ’ਤੇ ਅਹਿਮ ਖੋਜਾਂ ਕਰਨਗੇ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੇ ਵੀ ਲਗਾਏ ਜਾਂਦੇ ਹਨ ਜੋ ਕਾਫੀ ਸ਼ਲਾਘਾਯੋਗ ਹੈ।
ਕੁੱਝ ਦਿਨਾਂ ’ਚ ਦੂਜਾ ਸਰੀਰਦਾਨ : ਬਿੰਦਰ ਇੰਸਾਂ
85 ਮੈਂਬਰ ਬਿੰਦਰ ਇੰਸਾਂ ਨੇ ਦੱਸਿਆ ਕਿ ਰਾਮ ਸਿੰਘ ਇੰਸਾਂ ਬਲਾਕ ਮਾਨਸਾ ਦੇ 48ਵੇਂ ਸਰੀਰਦਾਨੀ ਬਣੇ ਹਨ। ਇਹ ਸਰੀਰਦਾਨ ਪਿਛਲੇ 10ਦਿਨਾਂ ’ਚ ਦੂਜਾ ਸਰੀਰਦਾਨ ਹੈ। ਇਸ ਤੋਂ ਪਹਿਲਾਂ 8 ਨਵੰਬਰ ਨੂੰ ਮਾਨਸਾ ਵਾਸੀ ਦਵਾਰਕੀ ਦੇਵੀ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਆਪਣੇ ਗੁਰੂ ਵੱਲੋਂ ਦਿੱਤੀ ਜਾਂਦੀ ਸਿੱਖਿਆ ਤਹਿਤ 159 ਮਾਨਵਤਾ ਭਲਾਈ ਕਾਰਜ਼ ਕਰਦੀ ਹੈ, ਉਨ੍ਹਾਂ ਭਲਾਈ ਕਾਰਜ਼ਾਂ ’ਚ ਹੀ ਇੱਕ ਸਰੀਰਦਾਨ ਵੀ ਕਾਰਜ਼ ਹੈ।