ਅਸ਼ੋਕ ਵਰਮਾ, ਬਠਿੰਡਾ 18 ਨਵੰਬਰ 2030
ਪੰਜਾਬ ਵਿੱਚ ਐਤਕੀਂ ਪਰਾਲੀ ਦੀ ਅੱਗ ਨੇ ਬਠਿੰਡਾ ਜ਼ਿਲ੍ਹੇ ਦੇ ਲੋਕਾ ਦਾ ਨਾਸੀਂ ਧੂੰਆਂ ਲਿਆ ਦਿੱਤਾ ਹੈ। ਡੀ ਸੀ ਤੇ ਐਸ ਐਸ ਪੀ ਵਰਗੇ ਵੱਡੇ ਅਫਸਰਾਂ ਦੀ ਫੌਜ ਖੇਤਾਂ ਵਿੱਚ ਧੂੜ ਫੱਕਦੀ ਫਿਰ ਰਹੀ ਹੈ ਫਿਰ ਵੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਘਟਿਆ ਨਹੀਂ ਹੈ। ਕਿਸਾਨ ਆਗੂ ਆਖਦੇ ਹਨ ਕਿ ਸਰਕਾਰਾਂ ਨੇ ਕਿਸਾਨਾਂ ਦੀ ਢੁੱਕਵੀਂ ਸਹਾਇਤਾ ਨਹੀਂ ਕੀਤੀ ਜਿਸ ਕਰਕੇ ਪਰਾਲੀ ਸਾੜਨਾ ਉਨ੍ਹਾਂ ਦੀ ਮਜਬੂਰੀ ਬਣਿਆ ਹੋਇਆ ਹੈ। ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਵੰਡੇ ਸੰਦ ਸੰਦੇੜੇ ਦੇ ਅੰਕੜੇ ਗਿਣਾ ਅਤੇ ਪਰਾਨੀ ਨਾਂ ਸਾੜਨ ਦੀਆਂ ਅਪੀਲਾਂ ਕਰ ਰਹੀ ਹੈ। ਇਸ ਦੇ ਬਾਵਜੂਦ ਅਸਮਾਨ ਜਹਿਰੀਲਾ ਅਤੇ ਜਾਨ ਦਾ ਖੌਅ ਬਣਿਆ ਹੋਇਆ ਹੈ। ਇਸ ਜਹਿਰੀਲੇ ਮਹੌਲ ਕਾਰਨ ਹੀ ਆਮ ਆਦਮੀ ਨੂੰ ਬਿਮਾਰੀਆਂ ਦੀ ਚੱਕੀ ਦੇ ਦੋ ਪੁੜਾਂ ਵਿਚਕਾਰ ਪਿਸਣਾ ਪੈ ਰਿਹਾ ਹੈ। ਸਵਾਲ ਇਹ ਹੈ ਕਿ ਕੀ ਇਹ ਜਿੱਤਣ ਦੀ ਜਿਦ ਹੈ ਜਿਸ ਕਰਕੇ ਕਿਸਾਨ ਪਰਾਲੀ ਨੂੰ ਅੱਗ ਲਾਉਣ ਤੋਂ ਪਿੱਛੇ ਨਹੀਂ ਹਟ ਰਹੇ ਹਨ। ਇਸ ਸਬੰਧੀ ਚੱਲ ਰਹੀ ਚੁੰਝ ਚਰਚਾ ਦੀ ਮੰਨੀਏ ਤਾਂ ਪਰਾਲੀ ਉਨ੍ਹਾਂ ਇਲਾਕਿਆਂ ਵਿੱਚ ਹੀ ਜਿਆਦਾ ਸਾੜੀ ਜਾ ਰਹੀ ਹੈ ਜਿੱਥੇ ਕਿਸਾਨ ਜੱਥੇਬੰਦੀਆਂ ਦਾ ਦਬਦਬਾ ਜਿਆਦਾ ਹੈ। ਬਠਿੰਡਾ ਜ਼ਿਲ੍ਹੇ ਵਿੱਚ ਰਾਮਪੁਰਾ ਇਲਾਕੇ ਵਿੱਚ ਪਰਾਲੀ ਸਾੜਨ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਜਿੱਥੇ ਪੰਜਾਬ ਦੀਆਂ ਤਿੰਨ ਕਿਸਾਨ ਯੂਨੀਅਨ ਦਾ ਵੱਡਾ ਪ੍ਰਭਾਵ ਹੈ। ਸੂਤਰ ਆਖਦੇ ਹਨ ਕਿ ਪੰਚਾਇਤੀ ਚੋਣਾਂ ਜਲਦੀ ਹੋਣ ਵਾਲੀਆਂ ਹਨ ਜਿਸ ਕਰ ਕੇ ਸਰਕਾਰ ਕਿਸਾਨਾਂ ਦੀ ਬਹੁਤੀ ਨਾਰਾਜ਼ਗੀ ਨਹੀਂ ਸਹੇੜਨਾ ਚਾਹੁੰਦੀ ਹੈ।
ਬਠਿੰਡਾ ਜਿਲ੍ਹੇ ’ਚ ਇੱਕ ਨੋਡਲ ਅਫਸਰ ਨੂੰ ਬੰਦੀ ਬਣਾਕੇ ਪਰਾਲੀ ਨੂੰ ਲਾਂਬੂ ਲਾਉਣ ਵਾਲੇ ਕਿਸਾਨਾਂ ਨੂੰ ਜੇਲ੍ਹ ਭੇਜਣ ਪਿੱਛੋਂ ਕਿਸਾਨ ਧਿਰਾਂ ਦੇ ਦਬਾਅ ਹੇਠ ਕੀਤੀ ਰਿਹਾਈ ਨੂੰ ਵੀ ਇਸੇ ਨੀਤੀ ਨਾਲ ਜੋੜਿਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਬਹੁਤੀਆਂ ਥਾਵਾਂ ਤੇ ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ। ਦੇਖਿਆ ਜਾਏ ਤਾਂ ਦਿਵਾਲੀ ਲੰਘਿਆਂ ਵੀ ਪੰਜ ਦਿਨ ਲੰਘ ਗਏ ਹਨ ਫਿਰ ਵੀ ਬਠਿੰਡਾ ਖਿੱਤੇ ’ਚ ਸਭ ਤੋਂ ਮੰਦਾ ਹਾਲ ਹੈ ਜਿੱਥੇ ਹਵਾ ਦੀ ਕੁਆਲਟੀ ‘ਗੰਭੀਰ’ ਰਿਕਾਰਡ ਕੀਤੀ ਗਈ ਹੈ। ਵੀਰਵਾਰ ਰਾਤ ਨੂੰ ਤਾਂ ਸ਼ਹਿਰ ਦੇ ਬਾਹਰੀ ਇਲਾਕਿਆਂ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਸੀ। ਵਾਤਾਵਰਨ ਮਾਹਿਰਾਂ ਮੁਤਾਬਕ ਬਠਿੰਡਾ ਇਸ ਵੇਲੇ ਰੈਡ ਜੋਨ ਵਿੱਚ ਹੈ ਜਿੱਥੇ ਏਅਰ ਕੁਆਲਿਟੀ ਇੰਡੈਕਸ ਲਗਾਤਾਰ 300 ਤੋਂ ਵੱਧ ਹੀ ਚੱਲ ਰਿਹਾ ਹੈ।
ਲੰਘੇ ਮੰਗਲਵਾਰ ਅਤੇ ਬੁੱਧਵਾਰ ਇਹ ਅੰਕੜਾ ਕ੍ਰਮਵਾਰ 358 ਤੇ 378 ਤੱਕ ਸੀ ਜਦੋਂਕਿ ਸੋਮਵਾਰ ਨੂੰ 383 ਦਰਜ ਕੀਤਾ ਗਿਆ ਸੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਬਠਿੰਡਾ ਜਿਲ੍ਹੇ ਦੀ ਸਥਿਤੀ ਦਿੱਲੀ ਵਰਗੀ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਵੇਲਿਆਂ ਵਿੱਚ ਟਿੱਬਿਆਂ ਦੀਆਂ ਧੂੜ ਆਸਮਾਨੀ ਚੜ੍ਹਦੀ ਹੁੰਦੀ ਸੀ ਜਿਸ ਨੂੰ ਖਤਰਨਾਕ ਸਮਝਿਆ ਜਾਂਦਾ ਸੀ ਜਦੋਂਕਿ ਹੁਣ ਤਾਂ ਖਤਰਾ ਸਾਰੀਆਂ ਹੱਦਾਂ ਬੰਨੇ ਟੱਪ ਗਿਆ ਹੈ। ਕੁੱਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਦੇ ਅਧਾਰ ਤੇ ਘਰਾਂ ਵਿੱਚੋਂ ਬਾਹਰ ਨਿਕਲਣ ਲਈ ਲੋਕਾਂ ਨੇ ਮਾਸਕ ਆਦਿ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਪਤਾ ਲੱਗਾ ਹੈ ਕਿ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਵਾਪਰੀ ਘਟਨਾ ਮਗਰੋਂ ਪੁਲੀਸ ਨੇ ਅਮਨ ਕਾਨੂੰਨ ਦਾ ਮੋਰਚਾ ਛੱਡਕੇ ਖੇਤਾਂ ’ਚ ਮੋਰਚਾਬੰਦੀ ਕਰਨੀ ਸ਼ੁਰੂ ਕੀਤੀ ਹੈ।
ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਡਿਪਟੀ ਕਮਿਸ਼ਨਰ ਡਾਕਟਰ ਰੂਹੀ ਦੁੱਗ ਅਤੇ ਐਸ ਐਸ ਪੀਭਾਗੀਰਥ ਸਿੰਘ ਮੀਨਾ ਵੱਲੋਂ ਰੋਜਾਨਾਂ ਖੇਤਾਂ ’ਚ ਜਾਕੇ ਸਥਿਤੀ ਨੂੰ ਸੰਭਾਲਣ ਦੇ ਯਤਨ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਅਧਿਕਾਰੀਆਂ ਨੂੰ ਖਾਸ ਹਦਾਇਤ ਦਿੱਤੀ ਹੈ ਕਿ ਜ਼ਿਲ੍ਹੇ ਅੰਦਰ ਜਿਸ ਖੇਤਰ ਚ ਝੋਨੇ ਦੀ ਜ਼ਿਆਦਾ ਫ਼ਸਲ ਕੱਟਣ ਵਾਲੀ ਖੜ੍ਹੀ ਹੈ ਉਸ ਖੇਤਰ ਚ ਵੱਧ ਤੋਂ ਵੱਧ ਦੌਰਾ ਕਰਕੇ ਨਿਗਰਾਨੀ ਰੱਖਣੀ ਯਕੀਨੀ ਬਣਾਈ ਜਾਵੇ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਵੇਰੇ ਦੇ ਸਮੇਂ ਤੋਂ ਹੀ ਫੀਲਡ ਚ ਦੌਰਾ ਕਰਨਾ ਲਾਜ਼ਮੀ ਬਣਾਉਣ ਲਈ ਵੀ ਕਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਦੀ ਸਾਂਭ-ਸੰਭਾਲ ਕਰਨ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਸਮਝਾਉਣ ਲਈ ਕਿਹਾ ਹੈ ਕਿ ਉਹ ਪਰਾਲੀ ਪ੍ਰਬੰਧਨ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਖੁਦ ਤੇ ਹੋਰਨਾਂ ਕਿਸਾਨਾਂ ਨੂੰ ਕਰਵਾਉਣੀ ਯਕੀਨੀ ਬਣਾਉਣ। ਅਧਿਕਾਰੀਆਂ ਦਾ ਵੀ ਮੰਨਣਾ ਹੈ ਕਿ ਕੇਸਾਂ ਦੇ ਲਿਹਾਜ਼ ਨਾਲ ਪੰਜਾਬ ਵਿੱਚ ਅੱਗ ਲਾਉਣ ਦੀਆਂ ਘਟਨਾਵਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ ਪਰ ਪਰਾਲੀ ਨੂੰ ਸਾੜਨ ਦਾ ਰੁਝਾਨ ਪਹਿਲਾਂ ਦੀ ਤਰ੍ਹਾਂ ਜਾਰੀ ਹੈ।
ਪ੍ਰਦੂਸ਼ਣ ਕਾਰਨ ਬਿਮਾਰੀਆਂ ਵਧੀਆਂ
ਅਸਮਾਨੀ ਚੜ੍ਹੀ ਇਸ ਧੂੜ ਨੇ ਬਜ਼ੁਰਗਾਂ ਤੋਂ ਲੈ ਕੇ ਹਰ ਉਮਰ ਵਰਗ ਦੇ ਲੋਕਾਂ ਨੂੰ ਜੁਕਾਮ ਖੰਘ ਅਤੇ ਅੱਖਾਂ ਦੀ ਜਲਣ ‘ਚ ਜਕੜ ਰੱਖਿਆ ਹੈ। ਬਠਿੰਡਾ ਦੇ ਢਿੱਲੋਂ ਹਸਪਤਾਲ ਦੇ ਡਾ.ਅਵਤਾਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਪ੍ਰਦੂਸ਼ਣ ਕਾਰਨ ਅਲਾਮਤ ਵਧੀਆਂ ਹਨ। ਸਿਵਲ ਹਸਪਤਾਲ ਬਠਿੰਡਾ ਦੇ ਸਾਬਕਾ ਮੈਡੀਕਲ ਅਫਸਰ ਡਾ. ਪਰਮਿੰਦਰ ਬਾਂਸਲ ਆਖਦੇ ਹਨਕਿ ਪ੍ਰਦੂਸ਼ਣ ਕਾਰਨ ਮਨੁੱਖੀ ਸਰੀਰ ‘ਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਘਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦੂਸ਼ਤ ਮਹੌਲ ਤੋਂ ਬਚਾਅ ਜ਼ਰੂਰੀ ਹੈ ਨਹੀਂ ਤਾਂ ਲਾਪਰਵਾਹੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ।