ਮਨਪ੍ਰੀਤ ਬਾਦਲ ਹਮਾਇਤੀ ਮੇਅਰ ਨੂੰ ਹਟਾਇਆ ਅਹੁਦੇ ਤੋਂ

Advertisement
Spread information

ਅਸ਼ੋਕ ਵਰਮਾ, ਬਠਿੰਡਾ 15 ਨਵੰਬਰ 2023

     ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਉਣ ਲਈ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤਾ ਬੇਵਿਸਾਹੀ ਮਤਾ ਪਾਸ ਹੋ ਗਿਆ ਹੈ। ਅਕਾਲੀ ਦਲ ’ਚ ਫੁੱਟ ਪੈਣ ਕਰਕੇ ਮਿਲਿਆ ਤਿੰਨ ਅਕਾਲੀ ਕੌਂਸਲਰਾਂ ਦਾ ਸਾਥ ਵੀ ਕਾਂਗਰਸ ਦੀ ਵੱਡੀ ਜਿੱਤ ਲਈ ਰਾਹ ਪੱਧਰਾ ਕਰਨ ’ਚ ਸਹਾਈ ਹੋਇਆ ਹੈ। ਅੱਜ ਦੀ ਮੀਟਿੰਗ ’ਚ  ਮੇਅਰ  ਰਮਨ ਗੋਇਲ  ਧੜਾ ਗੈਰਹਾਜ਼ਰ ਰਿਹਾ। ਰੌਚਕ ਪਹਿਲੂ ਇਹ ਵੀ ਹੈ ਕਿ ਜਦੋਂ ਮੇਅਰ ਦੇ ਪਤੀ ਸੰਦੀਪ ਗੋਇਲ ਮੀਡੀਆ ਕੋਲ ਜੇਤੂ ਰਹਿਣ ਦਾ ਦਾਅਵਾ ਕਰ ਰਹੇ ਸਨ ਤਾਂ ਅੰਦਰ ਮੇਅਰ ਨੂੰ ਹਟਾਇਆ ਜਾ ਚੁੱਕਾ ਸੀ। ਜਿਕਰਯੋਗ ਹੈ ਕਿ ਰਮਨ ਗੋਇਲ ਨਗਰ ਨਿਗਮ ਦੀ ਬਣਨ ਅਤੇ ਇਸ ਤਰਾਂ ਹਟਾਏ ਜਾਣ ਵਾਲੀ ਪਹਿਲੀ ਮਹਿਲਾ ਮੇਅਰ ਬਣ ਗਈ ਹੈ।
           ਅੱਜ ਦੀ ਮੀਟਿੰਗ ’ਚ ਸ਼ਹਿਰੀ ਹਲਕੇ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਤੋਂ ਇਲਾਵਾ ਕਾਂਗਰਸ ਦੇ 27 ਅਤੇ ਅਕਾਲੀ ਦਲ ਦੇ 3 ਅਤੇ ਆਮ ਆਦਮੀ ਪਾਰਟੀ ਦੇ ਇਕਲੌਤੇ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਸਮੇਤ ਕੁੱਲ 31 ਕੌਂਸਲਰ ਹਾਜ਼ਰ ਸਨ। ਮਤੇ ਦੇ ਹੱਕ ’ਚ 30 ਵੋਟਾਂ ਪਈਆਂ ਜਦੋਂਕਿ ਵਿਧਾਇਕ ਅਤੇ ਆਪ ਕੌਂਸਲਰ ਸੁਖਦੀਪ ਸਿੰਘ ਢਿੱਲੋਂ ਨੇ ਖੁਦ ਨੂੰ ਨਿਰਪੱਖ ਰੱਖਿਆ ਹੈ। ਨਗਰ ਨਗਮ ’ਚ ਅਕਾਲੀ ਦਲ ਦੇ 7 ਕੌਂਸਲਰ ਹਨ ਜਿੰਨ੍ਹਾਂ ਚੋਂ 4 ਨੇ ਅੱਜ ਦੀ ਮੀਟਿੰਗ ਵਿੱਚ ਭਾਗ ਨਹੀਂ ਲਿਆ ।  ਡਿਪਟੀ ਕਮਿਸ਼ਨਰ ਕਮ ਵਾਧੂੰ ਚਾਰਜ ਕਮਿਸ਼ਨਰ ਸ਼ੌਕਤ  ਅਹਿਮਦ ਪਰੇ ਨੇ  ਬਹੁਮੱਤ ਦੀ ਪਰਖ ਲਈ ਨਗਰ ਨਿਗਮ ਬਠਿੰਡਾ ਦੇ ਕੌਂਸਲਰਾਂ ਦੀ ਅੱਜ ਮੀਟਿੰਗ ਸੱਦੀ ਸੀ।
           ਕਾਂਗਰਸੀ ਕੌਂਸਲਰਾਂ ਨੇ ਲੰਘੀ 17 ਅਕਤੂਬਰ ਨੂੰ ਬੇਵਿਸਾਹੀ ਦਾ  ਮਤਾ ਸੌਂਪ ਕੇ ਮੇਅਰ ਰਮਨ ਗੋਇਲ ਨੂੰ ਬਹੁਮਤ ਸਾਬਤ ਕਰਨ ਲਈ ਜਨਰਲ ਹਾਊਸ ਦੀ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ। ਅੱਜ ਡਿਪਟੀ ਕਮਿਸ਼ਨਰ ਤੈਅ ਸਮੇਂ ਤੇ ਨਗਰ ਨਿਗਮ ਦੇ ਮੀਟਿੰਗ ਹਾਲ ’ਚ ਪੁੱਜ ਗਏ ਸਨ। ਇਸ ਦੌਰਾਨ ਸ਼ਹਿਰੀ ਜਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਅਤੇ ਹੋਰ ਪਾਰਟੀ ਆਗੂਆਂ ਸਮੇਤ ਕਾਂਗਰਸੀ ਕੌਂਸਲਰਾਂ ਨਾਲ ਬੱਸ ’ਚ ਮੌਕੇ ਤੇ ਪੁੱਜੇ। ਕਾਫੀ ਖੁਸ਼ ਨਜ਼ਰ ਆ ਰਹੇ ਰਾਜਨ ਗਰਗ ਅਤੇ ਕੌਂਸਲਰਾਂ ਨੇ ਟੇਢੇ ਢੰਗ ਨਾਲ ਜਿੱਤ ਦਾ ਦਾਅਵਾ ਵੀ ਕੀਤਾ।  ਕਾਫੀ ਸਮਾਂ ਉਡੀਕਣ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਫੋਨ ਕਰਕੇ ਸੱਦਣ  ਦੇ ਬਾਵਜੂਦ ਮੇਅਰ ਰਮਨ ਗੋਇਲ ਮੀਟਿੰਗ ’ਚ ਸ਼ਾਮਲ ਨਾਂ ਹੋਏ।
               ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦਪਰੇ ਦੀ ਮੌਜੂਦਗੀ ’ਚ 30 ਕੌਂਸਲਰਾਂ ਵੱਲੋਂ ਜੁਬਾਨੀ ਵੋਟਾਂ ਨਾਲ ਮਤਾ ਪਾਸ ਕਰ ਦਿੱਤਾ ਗਿਆ। ਬੇਵਿਸਾਹੀ ਦੇ ਮਤੇ ਨੂੰ ਰੱਦ ਕਰਵਾਉਣ ਲਈ ਸਿਰਫ 17 ਕੌਂਸਲਰਾਂ ਦੇ ਸਾਥ ਦੀ ਜਰੂਰਤ ਸੀ ਪਰ ਮੇਅਰ ਧੜੇ ਦੇ ਹਮਾਇਤੀ ਕੌਂਸਲਰਾਂ ਦੀ ਗਿਣਤੀ ਤਕਰੀਬਨ ਇੱਕ ਦਰਜਨ ਤੇ ਸਿਮਟ ਕੇ ਰਹਿ ਗਈ।  ਸ਼ਹਿਰੀ ਜਿਲ੍ਹਾ ਪ੍ਰਧਾਨ ਰਾਜਨ ਗਰਗ ਦਾ ਇਸ ਮੌਕੇ ਕਹਿਣਾ ਸੀ ਕਿ ਅਸਲ ’ਚ ਬਠਿੰਡਾ ਦਾ ਵਿਕਾਸ ਪੂਰੀ ਤਰਾਂ ਰੁਕ ਗਿਆ ਸੀ ਜਿਸ ਨੂੰ ਦੇਖਦਿਆਂ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਮੇਅਰ ਨੂੰ ਇਸ ਤਰਫ ਧਿਆਨ ਦੇਣ ਦੀ ਮੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਮੇਅਰ ਨੇ ਸੁਣਵਾਈ ਨਾਂ ਕੀਤੀ ਤਾਂ ਮਜਬੂਰੀ ਵੱਸ ਬੇਵਿਸਾਹੀ ਮਤਾ ਲਿਆਉਣਾ ਪਿਆ।
             ਉਨ੍ਹਾਂ ਕਿਹਾ ਕਿ ਹੁਣ ਸਮੂਹ ਅਹੁਦੇਦਾਰਾਂ ਦੀ ਚੋਣ ਸਮੂਹ ਕੌਂਸਲਰਾਂ ਦੀ ਸਲਾਹ ਨਾਲ ਕੀਤੀ ਜਾਏਗੀ। ਉਨ੍ਹਾਂ ਇਸ ਮੌਕੇ ਕਾਂਗਰਸੀ ਅਤੇ ਅਕਾਲੀ ਕੌਂਸਲਰਾਂ ਦਾ ਧੰਨਵਾਦ ਵੀ ਕੀਤਾ ਹੈ। ਓਧਰ ਅਕਾਲੀ ਕੌਂਸਲਰ ਹਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਰਮਨ ਗੋਇਲ ਨੂੰ ਮੇਅਰ ਬਨਾਉਣ ਦੀ ਵਿਰੋਧਤਾ ਕੀਤੀ ਸੀ ਜਿਸ ਕਰਕੇ ਅੱਜ ਵੀ ਉਹ ਵਿਰੋਧ ’ਚ ਹੀ ਖਲੋਤੇ ਹਨ। ਵਿਧਾਇਕ ਜਗਰੂਪ ਗਿੱਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਨੇ ਸਾਫ ਕਰ ਦਿੱਤਾ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਆਪਸ ’ਚ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਦੋਵਾਂ ਪਾਰਟੀਆਂ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਸਨ ਤੇ ਹੁਣ ਵੀ ਨਹੀਂ।
               ਉਨ੍ਹਾਂ ਕਿਹਾ ਕਿ ਅਸਲ ’ਚ ਇੰਨ੍ਹਾਂ ਨੂੰ ਆਪ ਦੀ ਚੜ੍ਹਤ ਦਾ ਫਿਕਰ ਲੱਗਿਆ ਹੋਇਆ ਹੈ ਜਿਸ ਕਰਕੇ ਇਹ ਦੋਵੇਂ ਲੋਕ ਸਭਾ ਚੋਣ ਵੀ ਇਕੱਠੇ ਹੋ ਕੇ ਲੜ ਸਕਦੇ ਹਨ। ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਉਹ ਅਗਲੇ ਫੈਸਲੇ ਲਈ ਮੀਟਿੰਗ ਦੀ ਕਾਰਵਾਈ ਸਰਕਾਰ ਨੂੰ ਭੇਜ ਦੇਣਗੇ । ਓਧਰ ਅੱਜ ਦੀ ਮੀਟਿੰਗ ਦੇ ਮੱਦਨਜ਼ਰ ਜਿਲ੍ਹਾ ਪੁਲਿਸ ਵੱਲੋਂ ਕਿਸੇ ਮਾੜੀ ਘਟਨਾ ਵਾਪਰਨ ਤੋਂ ਰੋਕਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।  ਕਿਸੇ ਨੂੰ ਵੀ ਬਿਨਾਂ ਤਲਾਸ਼ੀ ਤੋਂ ਨਿਗਮ ਦੀ ਇਮਾਰਤ ਦੇ ਅੰਦਰ ਦਾਖਲ ਹੋਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਸੀ। ਸਿਰਫ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਲਈ ਫਾਰਮ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਪੂਰੀ ਤਸੱਲੀ ਉਪਰੰਤ ਹੀ ਲੰਘਣ ਦਿੱਤਾ ਜਾ ਰਿਹਾ ਸੀ।

Advertisement
Advertisement
Advertisement
Advertisement
Advertisement
Advertisement
error: Content is protected !!