ਮੁੱਛ ਤੇ ਸਿਆਸੀ ਨਿੰਬੂ’ ਧਰਕੇ ਬਠਿੰਡਾ ’ਚ ਕਾਂਗਰਸ ਦਾ ਚੌਧਰੀ ਬਣਿਆ ਰਾਜਾ ਵੜਿੰਗ ?

Advertisement
Spread information

ਅਸ਼ੋਕ ਵਰਮਾ , ਬਠਿੰਡਾ 16 ਨਵੰਬਰ2023

   ਕੀ ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਉਣ ਦੇ ਮਾਮਲੇ ’ਚ ਹਾਸਲ ਜਿੱਤ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਠਿੰਡਾ ਸ਼ਹਿਰੀ ਹਲਕੇ ’ਚ ਸਿਆਸੀ ਪੈਰ ਜਮਾਉਣ ਵਾਲੀ ਸਿੱਧ ਹੋਈ ਹੈ? ਸ਼ਹਿਰ ’ਚ ਇਹੋ ਚੁੰਝ ਚਰਚਾ ਚੱਲ ਰਹੀ ਹੈ ਕਿ ਪਿਛਲੀਆਂ ਸੰਸਦੀ ਚੋਣਾਂ ਮੌਕੇ ਬਠਿੰਡਾ ਹਲਕੇ ਤੋਂ ਹਾਰਨ ਕਰਕੇ ਰਾਜਾ ਵੜਿੰਗ ਦੀ ਸਿਆਸੀ ਜਮੀਨ ਖੁਰੀ ਸੀ ਜਿਸ ਨੂੰ ਮੋੜਾ ਪਿਆ ਹੈ। ਹਾਲਾਂਕਿ ਸਾਬਕਾ ਮੇਅਰ ਮਾਮਲਾ ਹਾਈਕੋਰਟ ’ਚ ਲਿਜਾਂਦੇ ਹਨ ਤਾਂ ਇਸ ਦਾ ਕੀ ਨਤੀਜਾ ਨਿੱਕਲਦਾ ਹੈ ਇਹ ਤਾਂ ਵਕਤ ਹੀ ਦੱਸੇਗਾ ਪਰ ਤਾਜਾ ਜਿੱਤ ਨੂੰ ਸਿਆਸੀ ਹਲਕੇ ਤੇ ਆਮ ਲੋਕ ਰਾਜਾ ਵੜਿੰਗ ਵੱਲੋਂ ਕਦੇ ਕਾਂਗਰਸ ਪਾਰਟੀ ਦਾ ਹਿੱਸਾ ਰਹੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸਿਆਸੀ ਧੋਬੀ ਪਟਕਾ ਮਾਰਨ ਵਜੋਂ ਹੀ ਦੇਖ ਰਹੇ ਹਨ।
       
         ਦੂਜੇ ਪਾਸੇ  ਕਾਂਗਰਸੀ ਆਗੂ ਆਪਣੀ ਜਿੱਤ ਪ੍ਰਤੀ ਨਿਸਚਿੰਤ ਅਤੇ ਅਗਲਾ ਮੇਅਰ ਬਨਾਉਣ ਲਈ ਰਣਨੀਤੀ ਘੜਨ ’ਚ ਜੁਟ ਗਏ ਹਨ। ਅੱਜ ਵੀ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਕਾਂਗਰਸ ਭਵਨ ’ਚ ਮੀਟਿੰਗ ਕਰਕੇ ਸਫਲਤਾ ਪ੍ਰਤੀ ਖੁਸ਼ੀ ਅਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ। ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੀ ਰਾਜਨੀਤੀ ਦੇ ਪਿਛੋਕੜ ’ਚ ਜਾਈਏ ਤਾਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚਕਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਪਿੱਛੋਂ ਖੜਕਣ ਲੱਗ ਪਈ ਸੀ। ਇੰਨ੍ਹਾਂ ਚੋਣਾਂ ਮੌਕੇ ਕਾਂਗਰਸ ਨੇ ਬਠਿੰਡਾ ਸੰਸਦੀ ਹਲਕੇ ਤੋਂ ਬਾਦਲ ਪ੍ਰੀਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਗਿੱਦੜਬਾਹਾ ਤੋਂ ਤੱਤਕਾਲੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਜਬੂਤ ਉਮੀਦਵਾਰ ਦੇ ਤੌਰ ’ਤੇ ਮੈਦਾਨ ’ਚ ਉਤਾਰਿਆ ਸੀ।
          
ਇਸ ਮੌਕੇ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਆਪਣੇ ਵਿਰੋਧੀ ਰਾਜਾ ਵੜਿੰਗ ਨੂੰ 21,772 ਵੋਟਾਂ ਦੇ ਫਰਕ ਨਾਲ ਹਰਾ ਕੇ ਹੈਟਿ੍ਰਕ ਮਾਰਨ ’ਚ ਕਾਮਯਾਬ ਹੋ ਗਈ ਸੀ। ਬਠਿੰਡਾ ਸੰਸਦੀ ਹਲਕੇ ਵਿੱਚ ਨੌਂ ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿੱਚੋਂ ਚਾਰ ਹਲਕੇ ਰਾਜਾ ਵੜਿੰਗ ਦੇ ਹੱਕ ਵਿੱਚ ਅਤੇ ਪੰਜ ਹਲਕੇ ਹਰਸਿਮਰਤ ਦੇ ਪੱਖ ਵਿੱਚ ਭੁਗਤੇ ਸਨ। ਪਹਿਲੀ ਵਾਰ ਹਰਸਿਮਰਤ ਬਾਦਲ ਨੂੰ ਬਠਿੰਡਾ ਸ਼ਹਿਰ ਚੋਂ 3,743 ਵੋਟਾਂ ਦੀ ਲੀਡ ਮਿਲੀ ਸੀ ਜਦੋਂ ਕਿ ਸਾਲ 2014 ਦੀਆਂ ਸੰਸਦੀ ਚੋਣਾਂ ਦੌਰਾਨ ਹਰਸਿਮਰਤ ਦੀਆਂਂ 29,316 ਵੋਟ ਘਟੀਆਂ ਸਨ। ਹੈਰਾਨੀ ਵਾਲੀ ਗੱਲ ਹੈ ਕਿ ਜਿਸ ਮਨਪ੍ਰੀਤ ਬਾਦਲ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਹਿਰੀ ਹਲਕੇ ਤੋਂ 18,480 ਵੋਟਾਂ ਨਾਲ ਬੰਪਰ ਜਿੱਤ ਪ੍ਰਾਪਤ ਕੀਤੀ ਉਸੇ ਹਲਕੇ ’ਚ ਸਾਲ 2019 ਵਿੱਚ ਕਾਂਗਰਸੀ ਉਮੀਦਵਾਰ  ਹਾਰ ਗਿਆ।
            
        ਮਨਪ੍ਰੀਤ ਬਾਦਲ ਉਸ ਵਕਤ ਪੰਜਾਬ ਦੇ ਵਿੱਤ ਮੰਤਰੀ ਸਨ ਜਿੰਨ੍ਹਾਂ ਪ੍ਰਚਾਰ ਦੌਰਾਨ ਕਿਹਾ ਸੀ ਕਿ ਰਾਜਾ ਵੜਿੰਗ ਦੀ ਹਾਰ ਮਨਪ੍ਰੀਤ ਦੀ ਸਿਆਸੀ ਮੌਤ ਹੋਏਗੀ। ਭਾਵੇਂ  ਚੋਣਾਂ ਦੌਰਾਨ ਜਿੱਤ ਹਾਰ ਸਧਾਰਨ ਵਰਤਾਰਾ  ਹੈ ਪਰ ਮਨਪ੍ਰੀਤ ਬਾਦਲ ਦੀ ਸਕੀ ਭਰਜਾਈ ਹਰਸਿਮਰਤ ਬਾਦਲ ਕੋਲੋਂ ਹਾਰਨ  ਨੂੰ ਰਾਜਾ ਵੜਿੰਗ ਨੇ ਦਿਲ ਤੇ ਲਾ ਲਿਆ ਅਤੇ ਹਾਰ ਦਾ ਠੀਕਰਾ ਮਨਪ੍ਰੀਤ ਬਾਦਲ ਸਿਰ ਭੰਨਣਾ ਸ਼ੁਰੂ ਕਰ ਦਿੱਤਾ । ਰੌਚਕ ਪਹਿਲੂ ਇਹ ਵੀ ਹੈ ਕਿ ਰਾਜਾ ਵੜਿੰਗ ਨੇ ਇਸ ਨੂੰ ਗੱਲ ਲੁਕਾ ਕੇ ਨਹੀਂ ਰੱਖਿਆ ਬਲਕਿ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਉਨ੍ਹਾਂ ਨੇ ਸਟੇਜ਼ ਤੋਂ  ਬਠਿੰਡਾ ਹਲਕੇ ਤੋਂ ਆਪਣੀ ਹੀ ਪਾਰਟੀ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਸਮੇਤ ਸਮੂਹ ਬਾਦਲਾਂ ਨੂੰ ਹਰਾਉਣ ਦਾ ਸੱਦਾ ਦੇਕੇ ਲੋਕਾਂ ਅਤੇ ਸਿਆਸੀ ਮਾਹਿਰਾਂ ਤੱਕ ਨੂੰ ਹੈਰਾਨ ਕਰ ਦਿੱਤਾ ਸੀ।
               
       ਸਾਲ 2022 ਦੀਆਂ ਚੋਣਾਂ ਮੌਕੇ ਰਾਜਾ ਵੜਿੰਗ ਨੇ ਗਿੱਦੜਬਾਹਾ ਹਲਕੇ ਤੋਂ ਚੋਣ ਜਿੱਤ ਲਈ ਜਦੋਂਕਿ ਮਨਪ੍ਰੀਤ ਬਾਦਲ ਹਾਰ ਗਏ। ਇੰਨ੍ਹਾਂ ਚੋਣਾਂ ਮੌਕੇ ਵੀ ਦੋਵਾਂ ਸਿਆਸੀ ਚੌਧਰੀਆਂ ਵਿਚਕਾਰ ਸਿਆਸੀ ਖੜਕਾ ਦੜਕਾ ਹੁੰਦਾ ਰਿਹਾ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਲ 2021 ਦੌਰਾਨ ਹੋਈਆਂ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਮੌਕੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਸਖਤ ਮਿਹਨਤ ਕਾਰਨ ਕਾਂਗਰਸ ਨੇ 50 ਵਾਰਡਾਂ ਚੋਂ 43 ਵਿੱਚ ਲੱਗਭਗ 53 ਸਾਲ ਬਾਅਦ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ । ਚਰਚਾ ਸੀ ਕਿ ਸ਼ਹਿਰ ਦਾ ਮੇਅਰ ਸੀਨੀਅਰ ਕੌਂਸਲਰ ਜਗਰੂਪ ਸਿੰਘ ਗਿੱਲ ਨੂੰ ਬਣਾਇਆ ਜਾਏਗਾ ਪਰ 15 ਅਪਰੈਲ 2021 ਨੂੰ ਪਹਿਲੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੀ ਸਧਾਰਨ ਮਹਿਲਾ ਸ਼੍ਰੀਮਤੀ ਰਮਨ ਗੋਇਲ ਨੂੰ ਸ਼ਹਿਰ ਦਾ ਮੇਅਰ ਬਣਾ ਦਿੱਤਾ ਗਿਆ।
           
       ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ । ਨਤੀਜੇ ਵਜੋਂ ਇੱਕ ਵਾਰ ਫਿਰ ਤੋਂ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਧੜਿਆਂ ਵਿਚਕਾਰ  ਪਹਿਲਾਂ ਤੋਂ ਚੱਲ ਰਹੀ ਬਣੀ ਕੁੜੱਤਣ ’ਚ ਵਾਧਾ ਹੋ ਗਿਆ। ਹਾਰ ਤੋਂ ਪਿੱਛੋਂ ਮਨਪ੍ਰੀਤ ਬਾਦਲ ਭਾਜਪਾ ’ਚ ਸ਼ਾਮਲ ਹੋ ਗਏ ਪਰ ਮੇਅਰ ਦਾ ਸਾਫਟ ਕਾਰਨ ਉਨ੍ਹਾਂ ਪ੍ਰਤੀ ਬਣਿਆ ਰਿਹਾ ਜੋ ਕਾਂਗਰਸ ਨੂੰ ਸ਼ੁਰੂ  ਤੋਂ ਹੀ ਰੜਕਦਾ ਆ ਰਿਹਾ ਸੀ। ਸਾਲ 2022 ਦੀਆਂ ਚੋਣਾਂ ਮੌਕੇ ਕਾਂਗਰਸ ਛੱਡ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਜਗਰੂਪ ਗਿੱਲ ਹੱਥੋਂ ਮਨਪ੍ਰੀਤ ਬਾਦਲ ਦੀ ਹੋਈ ਕਰਾਰੀ ਹਾਰ ਲਈ  ਮੇਅਰ ਦੀ ਚੋਣ ਨੂੰ ਹੀ ਜਿੰਮੇਵਾਰ ਮੰਨਿਆ ਜਾਂਦਾ ਹੈ। ਮਨਪ੍ਰੀਤ ਬਾਦਲ ਦੇ ਹਾਰਨ ਮਗਰੋਂ ਕਾਂਗਰਸੀ ਕੌਂਸਲਰਾਂ ਨੇ ਮੇਅਰ  ਖਿਲਾਫ ਲਗਾਤਾਰ  ਝੰਡਾ ਚੁੱਕੀ ਰੱਖਿਆ ਜਿਸ ’ਚ ਹੁਣ ਸਫਲਤਾ ਮਿਲੀ ਹੈ।
 

Advertisement
Advertisement
Advertisement
Advertisement
Advertisement
Advertisement
error: Content is protected !!