ਅਸ਼ੋਕ ਧੀਮਾਨ, ਫਤਿਹਗੜ੍ਹ ਸਾਹਿਬ, 10 ਨਵੰਬਰ 2023
ਕਮਿਸ਼ਨਰ ਫੂਡ ਐਂਡ ਡਰੱਗਸ ਐਡਮਨਿਸਟਰੇਸ਼ਨ ,ਪੰਜਾਬ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਵੱਲੋਂ ਤਿਉਹਾਰਾਂ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਜਿਲੇ ਦੇ ਵੱਖ-ਵੱਖ ਖੇਤਰਾਂ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਖਾਦ ਪਦਾਰਥਾਂ ਦੇ 40 ਸੈਂਪਲ ਭਰੇ । ਵਿਭਾਗ ਦੀ ਇਸ ਟੀਮ ਵੱਲੋਂ ਅੱਜ ਵੀ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਅਮਲੋਹ, ਚਨਾਰਥਲ ਕਲਾਂ, ਜਖਵਾਲੀ ਅਤੇ ਸਰਹਿੰਦ ਵਿਖੇ ਖੋਏ ਦੇ 04 ਸੈਂਪਲ ਭਰੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਹ ਸੈਂਪਲ ਫੂਡ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਜਾਣਗੇ, ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਉਹਨਾਂ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਓਹਨਾਂ ਦੁਕਾਨਦਾਰਾਂ ਨੂੰ ਸਾਫ ਸਫਾਈ ਰੱਖਣ, ਸਾਫ ਸੁਥਰਾ ਤੇ ਤਾਜ਼ਾ ਸਮਾਨ ਵੇਚਣ, ਮਿਠਾਈ ਤੇ ਤਿਆਰ ਕਰਨ ਦੀ ਮਿਤੀ ਅਤੇ ਉਸਦੀ ਮਿਆਦ ਦੀ ਮਿਤੀ ਦਰਸਾਉਣ ਦੀ ਹਦਾਇਤ ਵੀ ਕੀਤੀ। ਉਹਨਾਂ ਇਹ ਵੀ ਕਿਹਾ ਕਿ ਖਾਣ ਪੀਣ ਦਾ ਸਮਾਨ ਤਿਆਰ ਕਰਨ ਵਾਲੇ ਕਾਮੇ ਆਪਣਾ ਸਿਰ ਕਵਰ ਕਰਕੇ ਰੱਖਣ ਅਤੇ ਹੱਥਾਂ ਵਿੱਚ ਦਸਤਾਨੇ ਪਾ ਕੇ ਅਤੇ ਨਿੱਜੀ ਸਫਾਈ ਰੱਖਕੇ ਹੀ ਖਾਦ ਪਦਾਰਥ ਤਿਆਰ ਕਰਨ। ਉਹਨਾਂ ਇਹ ਵੀ ਕਿਹਾ ਕਿ ਮਿਠਾਈਆਂ ਵਿੱਚ ਕੈਮੀਕਲ ਰੰਗ ਨਾ ਵਰਤੇ ਜਾਣ ਸਿਰਫ ਵਿਭਾਗ ਵੱਲੋਂ ਸੁਝਾਏ ਮਾਪਦੰਡ ਵਾਲੇ ਫੂਡ ਕਲਰ ਹੀ ਵਰਤੇ ਜਾਣ। ਉਹਨਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖਾਣ ਪੀਣ ਦਾ ਸਮਾਨ ਸਾਫ ਸੁਥਰੀਆਂ ਦੁਕਾਨਾਂ ਤੋਂ ਤਾਜ਼ਾ ਬਣਿਆ ਹੋਇਆ ਹੀ ਖਰੀਦਣ ।
ਉਹਨਾਂ ਕਿਹਾ ਕਿ ਜਿਲੇ ਅੰਦਰ ਦੋ ਫੂਡ ਸੇਫਟੀ ਟੀਮਾਂ ਲਗਾਤਾਰ ਸੈਂਪਲਿੰਗ ਕਰ ਰਹੀਆਂ ਹਨ, ਪਰ ਫਿਰ ਵੀ ਜੇਕਰ ਕਿਸੇ ਨੂੰ ਕੋਈ ਵਿਅਕਤੀ ਜਾਂ ਦੁਕਾਨਦਾਰ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਮਿਲਾਵਟ ਕਰਦਾ ਜਾਂ ਕੋਈ ਖਰਾਬ ਸਮਾਨ ਵੇਚਦਾ ਨਜ਼ਰ ਆਉਂਦਾ ਹੈ ਤਾਂ ਉਹ ਇਸ ਦੀ ਇਤਲਾਹ ਸਿਹਤ ਵਿਭਾਗ ਨੂੰ ਦੇਣ ਤਾਂ ਕਿ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਤੇ ਫੂਡ ਸੇਫਟੀ ਅਫਸਰ ਕਨਵਰਜੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਮਹਿਕ ਸੈਣੀ ਵੀ ਹਾਜਰ ਸਨ।