ਹਰਿੰਦਰ ਨਿੱਕਾ ,ਬਰਨਾਲਾ 8 ਨਵੰਬਰ 2023
ਵੱਡੀ ਗਿਣਤੀ ‘ਚ ਇਕੱਠੇ ਹੋਏ ਕਥਿਤ ਨਸ਼ੇੜੀਆਂ ਨੇ ਆਪਣੇ ਪਿੰਡ ਦੀ ਨਸ਼ਾ ਛੁਡਾਊ ਕਮੇਟੀ ਮੈਂਬਰ ਦੇ ਘਰ ਧਾਵਾ ਬੋਲ ਦਿੱਤਾ। ਕੰਧਾਂ ਟੱਪ ਕੇ ਜਬਰਦਸਤੀ ਘਰ ‘ਚ ਵੜੇ ਹਮਲਾਵਰਾਂ ਨੇ ਇੱਟਾਂ ਰੋੜਿਆਂ ‘ਤੇ ਰਾਡਾਂ ਨਾਲ ਘਰ ਅੰਦਰ ਦੀ ਭੰਨਤੋੜ ਵੀ ਕੀਤੀ। ਲੋਕਾਂ ਦਾ ਇਕੱਠ ਹੁੰਦਾ ਵੇਖ, ਸਾਰੇ ਹਮਲਾਵਰ,ਉੱਥੋਂ ਫਰਾਰ ਹੋ ਗਏ। ਇਹ ਘਟਨਾ ਥਾਣਾ ਠੁੱਲੀਵਾਲ ਦੇ ਪਿੰਡ ਹਮੀਦੀ ਵਿਖੇ ਰਾਤ ਕਰੀਬ ਸਾਢੇ ਕੁ 9 ਵਜੇ ਵਾਪਰੀ । ਪੁਲਿਸ ਨੇ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਦੇ ਬਿਆਨ ਪਰ, 20/25 ਜਣਿਆਂ ਖਿਲਾਫ ਕੇਸ ਦਰਜ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਗੁਰਪ੍ਰੀਤ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਉਹ ਪਿੰਡ ‘ਚ ਬਣੀ ਨਸ਼ਾ ਛੁਡਾਊ ਕਮੇਟੀ ਦਾ ਸਰਗਰਮ ਮੈਂਬਰ ਹੈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 6 ਨਵੰਬਰ ਦੀ ਰਾਤ ਵਕਤ ਕਰੀਬ 9:30 ਵਜੇ ਦਾ ਹੋਵੇਗਾ ਕਿ ਰਾਜਵੀਰ ਸਿੰਘ ਉਰਫ ਸਨੀ ਪੁੱਤਰ ਗੁਰਮੇਲ ਸਿੰਘ, ਜਗਜੀਤ ਸਿੰਘ ਪੁੱਤਰ ਹਰਭਜਨ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਤਿੰਨੋਂ ਵਾਸੀ ਪਿੰਡ ਹਮੀਦੀ ਅਤੇ 20/22 ਹੋਰ ਅਣਪਛਾਤੇ ਨੌਜਵਾਨ ,ਉਸ ਦੇ ਮਕਾਨ ਦੀਆਂ ਕੰਧਾਂ ਟੱਪ ਕੇ ਘਰ ਅੰਦਰ ਵੜ ਗਏ ਅਤੇ ਉਸ ਦੀ ਬੇਰਹਿਮੀ ਨਾਲ ਕੁੱਟ ਮਾਰ ਕਰਨ ਲੱਗ ਪਏ। ਹਮਲਾਵਰਾਂ ਨੇ ਇੱਟਾਂ ਰੋੜੇ ਅਤੇ ਰਾੜਾਂ ਮਾਰ ਕੇ ਘਰ ਅੰਦਰ ਕਾਫੀ ਤੋੜ ਭੰਨ ਵੀ ਕਰ ਦਿੱਤੀ । ਮੁਦਈ ਮੁਕੱਦਮਾ ਦੇ ਉੱਚੀ-ਉੱਚੀ ਮਾਰਤਾ-ਮਾਰਤਾ ਦਾ ਰੌਲਾ ਪਾਉਣ ਪਰ ਗਲੀ ਵਿੱਚ ਇਕੱਠ ਹੁੰਦਾ ਦੇਖ ਕੇ ਸਾਰੇ ਹਮਲਾਵਰ ਮੌਕਾ ਤੋ ਭੱਜ ਗਏ । ਮੁਦਈ ਅਨੁਸਾਰ ਰਾਜਵੀਰ ਉਰਫ ਸਨੀ ਵਗੈਰਾ ਨਸ਼ਾ ਕਰਨ ਦੇ ਆਦੀ ਹਨ, ਕਮੇਟੀ ਮੈਂਬਰ ਨਸ਼ਿਆਂ ਦਾ ਵਿਰੋਧ ਕਰਦੇ ਹਨ। ਇਸੇ ਵਜ੍ਹਾ ਰੰਜਿਸ਼ ਕਾਰਣ ਹੀ ਦੋਸ਼ੀਆਂ ਨੇ ਉਸ ਦੇ ਘਰ ਅੰਦਰ ਦਾਖਿਲ ਹੋ ਕੇ ਹਮਲਾ ਕੀਤਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਰਾਜਵੀਰ ਉਰਫ ਸਨੀ, ਜਗਜੀਤ ਸਿੰਘ ,ਮਨਪ੍ਰੀਤ ਸਿੰਘ ਸਣੇ ਉਨ੍ਹਾਂ ਦੇ 20/22 ਅਣਪਛਾਤੇ ਸਾਥੀਆਂ ਖਿਲਾਫ ਅਧੀਨ ਜ਼ੁਰਮ 458/341/323/427/148/149 ਆਈਪੀਸੀ ਤਹਿਤ ਥਾਣਾ ਠੁੱਲੀਵਾਲ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਸ਼ਨਾਖਤ ,ਤਫਤੀਸ਼ ਅਤੇ ਤਲਾਸ਼ ਦੇ ਯਤਨ ਸ਼ੁਰੂ ਕਰ ਦਿੱਤੇ ਹਨ। ਜਲਦ ਹੀ ਹਮਲਾਵਰਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।