ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 19 ਅਕਤੂਬਰ 2023
ਇੱਕ ਸਾਲ ਤੋ ਚੱਲ ਰਹੀ ਕਤਲ ਕਾਂਡ ਦੀ ਸੁਣਵਾਈ ਤੇ ਰਵੀ ਕੁਮਾਰ ਦੇ ਕਾਤਲਾ ਨੂੰ ਅੱਜ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਤੇ ਰਵੀ ਕੁਮਾਰ ਦੇ ਪਰਿਵਾਰ ਨਾਲ ਇਨਸਾਫ ਕੀਤਾ ਹੈ । 2022 ਵਿਚ ਅਬੋਹਰ ਵਿਖੇ ਵਾਪਰੇ ਇਕ ਕਤਲ ਕਾਂਡ ਦੇ ਮਾਮਲੇ ਵਿਚ ਸੁਣਵਾਈ ਤੋਂ ਬਾਅਦ ਮਾਨਯੋਗ ਜਿ਼ਲ੍ਹਾ ਅਤੇ ਸੈਸ਼ਨ ਜੱਜ ਫਾਜਿ਼ਲਕਾ ਮੈਡਮ ਜਤਿੰਦਰ ਕੌਰ ਦੀ ਅਦਾਲਤ ਵੱਲੋਂ 2 ਦੋਸ਼ੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ। ਜਾਣਕਾਰੀ ਅਨੁਸਾਰ ਸਤੰਬਰ 2022 ਵਿਚ ਅਬੋਹਰ ਦੇ ਆਰਿਆਂ ਨਗਰ ਵਿਚ ਰਵੀ ਕੁਮਾਰ ਪੁੱਤਰ ਪੂਰਨ ਚੰਦ ਦਾ ਅਮਨ ਕੁਮਾਰ ਅਤੇ ਕਬਾੜੀ ਉਰਫ ਰਾਹੁਲ ਨੇ ਬਰਫ ਤੋੜਨ ਵਾਲਾ ਸੂਆ ਮਾਰ ਕੇ ਕਤਲ ਕਰ ਦਿੱਤਾ ਸੀ।
ਇਸ ਸਬੰਧੀ ਰਵੀ ਕੁਮਾਰ ਦੇ ਮਾਸੀ ਦੇ ਮੁੰਡੇ ਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਥਾਣਾ ਸੀਟੀ 2 ਅਬੋਹਰ ਵਿਚ ਦੋਸ਼ੀਆਂ ਖਿਲਾਫ ਧਾਰਾ 302 ਤਹਿਤ ਮੁਕੱਦਮਾ ਨੰਬਰ 75 ਮਿਤੀ 3 ਸਤੰਬਰ 2022 ਦਰਜ ਕੀਤਾ ਗਿਆ ਸੀ।ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਗਿਆ ਸੀ ਕਿ ਮ੍ਰਿਤਕ ਵੱਲੋਂ ਦੋਸ਼ੀਆਂ ਨੂੰ ਆਪਣੇ ਬੂਹੇ ਅੱਗੇ ਬੈਠਕੇ ਤਾਸ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਰੰਜਸ ਦੇ ਚਲਦਿਆਂ ਉਨ੍ਹਾਂ ਨੇ ਬਰਫ ਤੋੜਨ ਵਾਲੇ ਸੂਏ ਮਾਰ ਕੇ ਰਵੀ ਕੁਮਾਰ ਦਾ ਕਤਲ ਕਰ ਦਿੱਤਾ ਸੀ।
ਉਕਤ ਕੇਸ ਦੀ ਸੁਣਵਾਈ ਪੂਰੀ ਹੋਣ ਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵੱਲੋਂ ਸਜਾ ਸੁਣਾਈ ਗਈ ਹੈ।