ਰਿਚਾ ਨਾਗਪਾਲ, ਪਟਿਆਲਾ, 19 ਅਕਤੂਬਰ 2023
ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ 50 ਫ਼ੀਸਦੀ ਸਬਸਿਡੀ ਉੱਪਰ agrimachinerypb.com ਰਾਹੀਂ ਰਜਿਸਟ੍ਰੇਸ਼ਨ ਕਰਨ ਉਪਰੰਤ ਦਿੱਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਕਿਸਮਾਂ ਦਾ ਬੀਜ ਕਿਸਾਨਾਂ ਨੂੰ ਅਗਲੇ ਹਫ਼ਤੇ ਤੋਂ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਸਬਸਿਡੀ ਕੱਟ ਕੇ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕਿ ਅਕਤੂਬਰ ਦਾ ਚੌਥਾ ਹਫ਼ਤਾ ਜਿਸ ਦੌਰਾਨ ਰਾਤ ਦਾ ਤਾਪਮਾਨ 20-25 ਡਿਗਰੀ ਦਰਮਿਆਨ ਰਹਿੰਦਾ ਹੈ, ਕਣਕ ਦੀ ਬਿਜਾਈ ਲਈ ਢੁਕਵਾਂ ਹੈ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਮੀਂਹ ਪੈਣ ਕਾਰਨ ਰਾਤ ਦਾ ਤਾਪਮਾਨ ਘੱਟ ਚੁੱਕਾ ਹੈ ਅਤੇ ਖੇਤਾਂ ਵਿਚ ਨਮੀ ਹੋਣ ਕਾਰਨ ਕਿਸਾਨ ਕਣਕ ਦੀ ਬਿਜਾਈ ਸਹੀ ਵੱਤਰ ਆਉਣ ’ਤੇ ਅਗਲੇ ਹਫ਼ਤੇ ਦੌਰਾਨ ਕਰ ਸਕਦੇ ਹਨ।
ਕਿਸਾਨ ਕਣਕ ਦੀ ਬਿਜਾਈ ਪਰਾਲੀ ਖੇਤਾਂ ਵਿਚ ਮਿਲਾ ਕੇ ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਐਮ.ਬੀ.ਪਲਾਓ ਅਤੇ ਸਰਫੇਸ ਸੀਡਰ ਦੀ ਵਰਤੋਂ ਕਰਕੇ ਸਮੇਂ ਸਿਰ ਬਿਜਾਈ ਲਈ ਪੀ.ਬੀ. ਡਬਲਿਊ 826, 824, 725, 677, 803, 869 ਅਤੇ ਉੱਨਤ ਪੀ.ਬੀ. ਡਬਲਿਊ 343, ਪੀ.ਬੀ. ਡਬਲਿਊ ਚਪਾਤੀ 1 ਕਰ ਸਕਦੇ ਹਨ ਅਤੇ ਨਵੰਬਰ ਦੇ ਦੂਜੇ ਤੋਂ ਚੌਥੇ ਹਫ਼ਤੇ ਦੀ ਬਿਜਾਈ ਲਈ ਉੱਨਤ ਪੀ.ਬੀ. ਡਬਲਿਊ 550 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਿਊ 752, 771 ਅਤੇ 757 ਦੀ ਬਿਜਾਈ ਕਰ ਸਕਦੇ ਹਨ।
ਬੀਜ ਦੀ ਸੋਧ ਲਈ ਕਿਸਾਨ 1 ਗ੍ਰਾਮ ਕਰੂਜਰ 70 ਡਬਲਿਊ ਐਸ/13 ਮਿਲੀਲਿਟਰ ਰੈਕਸਲ ਈ.ਜੀ/80 ਗ੍ਰਾਮ ਵੀਟਾਵੈਕਸ 75 ਡਬਲਿਊ.ਪੀ./13 ਮਿਲੀਲਿਟਰ ਓਰੀਅਸ 6 ਐਫ.ਐਸ. ਨੂੰ 400 ਮਿਲੀਲਿਟਰ ਪਾਣੀ ਵਿਚ ਮਿਲਾਕੇ 40 ਕਿਲੋ ਬੀਜ ਨੂੰ ਸੋਧ ਸਕਦੇ ਹਨ। ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨ ਬਿਜਾਈ ਸਮੇਂ ਸਟੌਂਪ 1.5 ਲੀਟਰ 200 ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰਨ ਅਤੇ ਪਹਿਲੇ ਪਾਣੀ ਤੋਂ ਪਹਿਲਾਂ 13 ਗ੍ਰਾਮ ਲੀਡਰ/300 ਗ੍ਰਾਮ ਐਰੀਲੋਨ ਅਤੇ ਪਹਿਲੀ ਸਿੰਚਾਈ ਤੋਂ ਬਾਅਦ 160 ਗ੍ਰਾਮ ਟੋਪਿਕ/400 ਮਿਲੀਲਿਟਰ ਐਕਸੀਅਲ 5 ਈ.ਸੀ./400 ਮਿਲੀਲਿਟਰ ਪਿਉਮਾ ਪਾਵਰ 10 ਈ.ਸੀ. ਦਾ ਸਪਰੇਅ ਕਰ ਸਕਦੇ ਹਨ।