ਕ੍ਰਿਸ਼ੀ ਵਿਗਿਆਨ ਕੇਂਦਰ ਦੇ ਅਫਸਰਾ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਕੀਤਾ ਜਾਗਰੂਕ

Advertisement
Spread information
ਰਿਚਾ ਨਾਗਪਾਲ, ਪਟਿਆਲਾ, 11 ਅਕਤੂਬਰ 2023


         ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਬਾਰੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਪਿੰਡ ਦੌਣ-ਕਲਾਂ ਵਿਖੇ ਕੀਤਾ ਗਿਆ। ਇਸ ਪ੍ਰੋਗਰਾਮ ਵਿਚ 60 ਦੇ ਕਰੀਬ ਕਿਸਾਨਾਂ ਨੇ ਭਾਗ ਲਿਆ। ਇਸ ਮੌਕੇ ਕੇ.ਵੀ.ਕੇ. ਪਟਿਆਲਾ ਦੇ ਇੰਚਾਰਜ ਡਾ. ਗੁਰਉਪਦੇਸ਼ ਕੌਰ ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਮਿੱਟੀ, ਪਾਣੀ ਅਤੇ ਹਵਾ ਦੇ ਨੁਕਸਾਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਮੋਟੇ ਅਨਾਜਾਂ ਦੀ ਮਹੱਤਤਾ ਬਾਰੇ ਕਿਸਾਨਾਂ ਨੂੰ ਦੱਸਿਆ ਅਤੇ ਦੁਬਾਰਾ ਇਨ੍ਹਾਂ ਨੂੰ ਆਪਣੀ ਖ਼ੁਰਾਕ ਵਿਚ ਸ਼ਾਮਲ ਕਰਨ ਲਈ ਪ੍ਰੇਰਿਆ।        ਡਾ. ਹਰਦੀਪ ਸਿੰਘ ਸਭਿਖੀ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਨੇ ਪਰਾਲੀ ਪ੍ਰਬੰਧਨ ਵਾਲੇ ਖੇਤਾਂ ਵਿਚ ਕੀੜਿਆਂ ਅਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਗੁਰਨਾਜ਼ ਸਿੰਘ ਗਿੱਲ, ਸਹਾਇਕ ਪ੍ਰੋਫੈਸਰ (ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭਣ ਵਾਲੀ ਖੇਤੀ ਮਸ਼ੀਨਰੀ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ, ਸੁਪਰ ਸੀਡਰ ਅਤੇ ਹੋਰ ਮਸ਼ੀਨਰੀ ਬਾਰੇ ਦੱਸਿਆ।      ਪਿੰਡ ਦੇ ਅਗਾਂਹਵਧੂ ਕਿਸਾਨਾਂ ਨੇ ਪਰਾਲੀ ਦੀਆਂ ਤਕਨੀਕਾਂ ਬਾਰੇ ਸਾਇੰਸਦਾਨਾ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਸਮੇਂ ਦੌਰਾਨ ਸੁਆਲ-ਜੁਆਬ ਦਾ ਸੈਸ਼ਨ ਵੀ ਰੱਖਿਆ ਗਿਆ, ਜਿਸ ਵਿਚ ਖੇਤੀ ਮਸ਼ੀਨਰੀ ਅਤੇ ਫ਼ਸਲ ਉਤਪਾਦਨ ਵੇਲੇ ਹੋਣ ਵਾਲੀਆਂ ਅਣਗਹਿਲੀਆਂ ਬਾਰੇ ਦੱਸਿਆ ਗਿਆ। ਅੰਤ ਵਿਚ ਡਾ. ਗੁਰਨਾਜ਼ ਸਿੰਘ ਗਿੱਲ ਨੇ ਆਏ ਹੋਏ ਕਿਸਾਨਾਂ ਵੀਰਾਂ ਅਤੇ ਬੀਬੀਆਂ ਦਾ ਧੰਨਵਾਦ ਕੀਤਾ। 

Advertisement
Advertisement
Advertisement
Advertisement
Advertisement
error: Content is protected !!