ਅਸ਼ੋਕ ਵਰਮਾ,ਬਠਿੰਡਾ, 6 ਅਕਤੂਬਰ 2023
ਲੋਕ ਸਭਾ ਚੋਣਾਂ ਦੀ ਘੰਟੀ ਵੱਜਦਿਆਂ ਸਾਬਕਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਸੰਸਦੀ ਹਲਕੇ ‘ਚ ਆਗਾਮੀ ਚੋਣਾਂ ਦੀ ਮੁਹਿੰਮ ਦਾ ਟੇਢੇ ਢੰਗ ਨਾਲ ਮੁੱਢ ਬੰਨ੍ਹ ਦਿੱਤਾ ਹੈ। ਭਾਵੇਂ ਚੋਣਾਂ ਵਿਚ ਪੌਣੇ ਸਾਲ ਤੋਂ ਵੱਧ ਸਮਾਂ ਪਿਆ ਹੈ ਪ੍ਰੰਤੂ ਬੀਬਾ ਬਾਦਲ ਨੇ ਆਪਣੇ ਹਲਕੇ ਵਿੱਚ ਅਗੇਤੀ ਸਿਆਸੀ ਸਰਗਰਮੀ ਦਿਖਾਈ ਹੈ। ਬੀਬਾ ਬਾਦਲ ਨੇ ਗਮੀ ਖੁਸ਼ੀ ਦੇ ਸਮਾਗਮਾਂ ਵਿੱਚ ਜਾਣਾ ਸ਼ੁਰੂ ਕੀਤਾ ਹੈ। ਵੀਰਵਾਰ ਨੂੰ ਹਰਸਿਮਰਤ ਬਾਦਲ ਬਠਿੰਡਾ ਸ਼ਹਿਰੀ ਹਲਕੇ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਨਾਲ ਰਜਿੰਦਰਾ ਕਾਲਜ ਵਿੱਚ ਬਣੇ ਐਸਟਰੋਟਰਫ ਹਾਕੀ ਸਟੇਡੀਅਮ ਵਿੱਚ ਪੁੱਜੇ ਅਤੇ ਅਭਿਆਸ ਕਰ ਰਹੀਆਂ ਖਿਡਾਰਨਾਂ ਨਾਲ ਗੱਲਬਾਤ ਕੀਤੀ।
ਬੀਬੀ ਬਾਦਲ ਨੇ ਇਸ ਮੌਕੇ ਬੈਡਮਿੰਟਨ ਦਾ ਮੈਚ ਵੀ ਖੇਡਿਆ ਅਤੇ ਖਿਡਾਰਨਾਂ ਦੀ ਫਰਮਾਇਸ਼ ਤੇ ਹੱਥ ਵਿੱਚ ਹਾਕੀ ਫੜ ਕੇ ਫੋਟੋ ਵੀ ਖਿਚਵਾਈ। ਪੂਰੇ ਆਤਮ ਵਿਸ਼ਵਾਸ ਨਾਲ ਲਬਰੇਜ਼ ਹਰਸਿਮਰਤ ਨੇ ਆਪਣੇ ਦੌਰੇ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿਆਸੀ ਨਿਸ਼ਾਨੇ ਲਾਏ ਤੇ ਟੇਢੇ ਢੰਗ ਨਾਲ ਉਨ੍ਹਾਂ ਨੂੰ ਸਿਰਫ ਗੱਲਾਂ ਕਰਨ ਵਾਲਾ ਕਰਾਰ ਦਿੱਤਾ। ਪੀਣ ਵਾਲੇ ਪਾਣੀ ਅਤੇ ਹੋਸਟਲ ਨਾਂ ਹੋਣ ਬਾਰੇ ਬੀਬੀ ਬਾਦਲ ਨੇ ਇਸ ਮੌਕੇ ਲੋਕ ਪੱਖੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਸ਼ਹਿਰੀ ਹਲਕੇ ਵਿੱਚੋਂ ਜਿੱਤਣ ਦੀ ਸੂਰਤ ਵਿੱਚ ਇੱਕ ਸਾਲ ਦਾ ਐਮਪੀਲੈਂਡ ਫੰਡ ਬਠਿੰਡਾ ਨੂੰ ਦੇਣ ਦੀ ਗੱਲ ਆਖੀ। ਪੰਜਾਬ ਸਰਕਾਰ ਦੇ ਖੇਡਾਂ ਪ੍ਰਤੀ ਪਿਆਰ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹਾ ਪ੍ਰੇਮ ਹੈ ਕਿ ਬੱਚਿਆਂ ਕੋਲ ਖੇਡਣ ਲਈ ਹਾਕੀ ਕਿੱਟਾਂ ਨਹੀਂ, ਪੀਣ ਲਈ ਪਾਣੀ ਨਹੀਂ ਅਤੇ ਰਹਿਣ ਲਈ ਹੋਸਟਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇ ਸੰਭਵ ਹੋਇਆ ਤਾਂ ਐਮਪੀ ਲੈਂਡ ਫੰਡ ਚੋਂ ਬੱਚਿਆਂ ਨੂੰ 100 ਕਿੱਟਾਂ ਦਿੱਤੀਆਂ ਜਾਣਗੀਆਂ।ਇਸ ਮੌਕੇ ਲੜਕੀਆਂ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਮੁੱਦਾ ਉਠਾਉਣ ਤੇ ਸੰਸਦ ਮੈਂਬਰ ਨੇ ਡਿਪਟੀ ਕਮਿਸ਼ਨਰ ਨੂੰ ਹਾਕੀ ਸਟੇਡੀਅਮ ‘ਚ ਪਾਣੀ ਦਾ ਪ੍ਰਬੰਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਸੁਖਬੀਰ ਸਿੰਘ ਬਾਦਲ ਨੇ 10 ਕਰੋੜ ਰੁਪਏ ਦੀ ਲਾਗਤ ਨਾਲ ਐਸਟਰੋਟਰਫ ਸਟੇਡੀਅਮ ਬਣਵਾਇਆ ਜਿਸ ‘ਤੇ ਬੱਚਿਆਂ ਨੇ ਅਭਿਆਸ ਕਰਕੇ ਕਈ ਮੈਡਲ ਜਿੱਤੇ ਹਨ ਜਦੋਂ ਕਿ ਹੁਣ ਸਹੂਲਤਾਂ ਨਾ ਮਿਲਣ ਕਰਕੇ ਖਿਡਾਰੀ ਦਿੱਕਤਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਵੇਲੇ ਕਬੱਡੀ ਕੱਪ ਕਰਵਾਉਣ ਕਰਕੇ ਵਿਦੇਸ਼ਾਂ ਤੋਂ ਖਿਡਾਰੀਆਂ ਨੇ ਪੰਜਾਬ ਦੀ ਧਰਤੀ ਤੇ ਖੇਡਣ ‘ਚ ਮਾਣ ਮਹਿਸੂਸ ਕੀਤਾ ਹੈ।
ਉਨ੍ਹਾਂ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਉਹ ਪੁਲਿਸ ਦੇ ਸੁਰੱਖਿਆ ਚੱਕਰ ਚੋਂ ਬਾਹਰ ਨਿੱਕਲਣ ਤੇ ਲੋਕਾਂ ਦੀਆਂ ਛੋਟੀਆਂ ਮੋਟੀਆਂ ਮੁਸ਼ਕਲਾਂ ਹੱਲ ਕਰਨ। ਇਸ ਤੋਂ ਪਹਿਲਾਂ ਹਰਸਿਮਰਤ ਬਾਦਲ ਨੇ ਵੱਖ ਵੱਖ ਵਾਰਡਾਂ ਵਿੱਚ ਬੂਥ ਕਮੇਟੀਆਂ ਦੀਆਂ ਮੀਟਿੰਗਾਂ ਕੀਤੀਆਂ। ਇਸੇ ਦੌਰਾਨ ਸੰਸਦ ਮੈਂਬਰ ਹਜ਼ੂਰਾ ਕਪੂਰਾ ਕਲੋਨੀ ਵਿੱਚ ਸੁਰਿੰਦਰ ਸਿੰਘ ਅਤੇ ਵਿਸ਼ਾਲ ਦੇ ਘਰ ਅਫਸੋਸ ਪ੍ਰਗਟ ਕਰਨ ਪੁੱਜੇ। ਉਨ੍ਹਾਂ ਪੰਚਵਟੀ ਨਗਰ ਵਿੱਚ ਨੁੱਕੜ ਮੀਟਿੰਗ ਕੀਤੀ ਤੇ ਗੋਨਿਆਣਾ ਮੰਡੀ ਦੀ ਪੰਚਾਇਤੀ ਗਊਸ਼ਾਲਾ ਦਾ ਦੌਰਾ ਕੀਤਾ। ਪਰਸਰਾਮ ਨਗਰ ਸਥਿਤ ਰਵਿਦਾਸ ਮੰਦਿਰ ਵਿਖੇ ਪੁੱਜੀ ਹਰਸਿਮਰਤ ਨੇ ਅੰਬੇਡਕਰ ਭਵਨ ਦੀ ਉਸਾਰੀ ਲਈ 5 ਲੱਖ ਰੁਪਏ ਦਾ ਚੈੱਕ ਦਿੱਤਾ। ਉਹਨਾਂ ਆਪਣੇ ਦੌਰੇ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅੱਗੇ ਆਉਣ।
ਅਕਾਲੀ ਸਰਕਾਰ ‘ਚ ਬਠਿੰਡਾ ਦਾ ਵਿਕਾਸ
ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਦਾ ਕਹਿਣਾ ਸੀ ਕਿ ਬਠਿੰਡਾ ਦਾ ਵਿਕਾਸ ਅਕਾਲੀ ਸਰਕਾਰ ਦੇ ਰਾਜਭਾਗ ਦੌਰਾਨ ਹੋਇਆ ਹੈ। ਉਹਨਾਂ ਦੱਸਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਬਠਿੰਡਾ ਵਿਖੇ ਏਮਜ਼ ਹਸਪਤਾਲ, ਹਵਾਈ ਅੱਡਾ, ਕੇਂਦਰੀ ਯੂਨੀਵਰਸਿਟੀ ਅਤੇ ਹੋਰ ਕਈ ਤਰ੍ਹਾਂ ਦੇ ਪ੍ਰੋਜੈਕਟ ਲਿਆਂਦੇ ਗਏ ਹਨ। ਉਨਾਂ ਦੱਸਿਆ ਕਿ ਫੋਰ ਲੇਨ ਸੜਕਾਂ ਅਤੇ ਓਵਰ ਬਰਿੱਜ ਵੀ ਅਕਾਲੀ ਸਰਕਾਰ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਲੰਘੇ ਪੰਜ ਸਾਲ ਦੌਰਾਨ ਕਾਂਗਰਸ ਦੇ ਰਾਜਭਾਗ ਵਿੱਚ ਵੀ ਬਠਿੰਡਾ ਨੂੰ ਵਿਸਾਰੀ ਰੱਖਿਆ ਹੈ ਜਦੋਂ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਾਂਗਰਸ ਵਾਲੇ ਰਾਹ ਤੇ ਤੁਰੀ ਹੋਈ ਹੈ। ਉਨਾਂ ਸ਼ਹਿਰ ਵਾਸੀਆਂ ਨੂੰ ਅਕਾਲੀ ਦਲ ਨਾਲ ਜੁੜ ਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਅਕਾਲੀ ਉਮੀਦਵਾਰ ਦੇ ਹੱਕ ਵਿੱਚ ਫਤਵਾ ਦੇਣ ਦਾ ਸੱਦਾ ਵੀ ਦਿੱਤਾ।