ਰਘਬੀਰ ਹੈਪੀ, ਬਰਨਾਲਾ, 6 ਅਕਤੂਬਰ 2023
ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਦੇ ਸਹਿਯੋਗ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਝੋਨੇ ਦੀ ਪਰਾਲ਼ੀ ਦੇ ਪ੍ਰਬੰਧਨ, ਵਾਤਾਵਰਨ ਅਤੇ ਧਰਤੀ ਦੀ ਸਿਹਤ ਸੰਭਾਲ਼ ਪ੍ਰਤੀ ਸਕੂਲੀ ਬੱਚਿਆਂ ਨੂੰ ਜਾਗਰੁਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸੇ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਬਰਨਾਲ਼ਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਝੋਨੇ ਦੀ ਪਰਾਲ਼ੀ ਨਾ ਜਲਾਉਣ ਸੰਬੰਧੀ ਅਤੇ ਪਰਾਲ਼ੀ ਦੇ ਸੁੱਚਜੇ ਪ੍ਰਬੰਧਨ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੁਕ ਕਰਨ ਵਾਸਤੇ ਸਰਕਾਰੀ ਹਾਈ ਸਕੂਲ ਸੰਘੇੜਾ ਵਿਖੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਤਾਂ ਜੋ ਵਿਦਿਆਰਥੀ ਇਸ ਮੁਹਿੰਮ ਨਾਲ਼ ਜੁੜ ਕੇ ਵਾਤਾਵਰਣ ਦੀ ਸੰਭਾਲ਼ ਪ੍ਰਤੀ ਆਪਣਾ ਫਰਜ਼ ਨਿਭਾਉਣ, ਮਾਪਿਆਂ, ਸਕੇ-ਸੰਬੰਧੀਆਂ ਤੇ ਆਂਢ-ਗੁਆਂਢ ਨਾਲ਼ ਝੋਨੇ ਦੀ ਪਰਾਲ਼ੀ ਨੂੰ ਅੱਗ ਨਾ ਲਗਾਉਣ ਦੀ ਗੱਲ ਸਾਂਝੀ ਕਰਨ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣਾ ਇੱਕ ਜਟਿਲ ਸਮੱਸਿਆ ਬਣ ਚੁੱਕੀ ਹੈ, ਜਦਕਿ ਪਰਾਲੀ ਦਾ ਕਈ ਤਰ੍ਹਾਂ ਨਾਲ਼ ਪ੍ਰਬੰਧਨ ਕੀਤਾ ਜਾ ਸਕਦਾ ਹੈ, ਜਿਵੇਂ ਕਿ ਪਰਾਲੀ ਦੀਆਂ ਬੇਲਰ/ਰੇਕ ਨਾਲ਼ ਗੰਢਾਂ ਬਣਾ ਕੇ ਇਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ। ਸੁਪਰ ਸੀਡਰ ਦੀ ਵਰਤੋਂ ਕਰਕੇ ਇਸ ਨੂੰ ਖੇਤ ਵਿੱਚ ਹੀ ਵਾਹੁਣ ਉਪਰੰਤ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ। ਪਸ਼ੂਆਂ ਲਈ ਚਾਰਾ ਬਣਾਉਣ, ਖੁੰਬਾਂ ਤੇ ਹੋਰ ਫ਼ਸਲਾਂ ਦੀ ਮਲਚਿੰਗ ਵੀ ਕੀਤੀ ਜਾ ਸਕਦੀ ਹੈ। ਇਸ ਸੈਮੀਨਾਰ ਦੇ ਮਾਧਿਅਮ ਰਾਹੀਂ ਪਿੰਡ ‘ਚੋਂ ਆਏ ਕਿਸਾਨਾਂ ਨੂੰ ਜਾਣਕਾਰੀ ਦੇਣ ਦੇ ਨਾਲ਼-ਨਾਲ਼ ਸਕੂਲੀ ਵਿਦਿਆਰਥੀਆਂ ਨੂੰ ਵੀ ਇਸ ਮੁਹਿੰਮ ਦਾ ਹਿੱਸਾ ਬਣਾਇਆ ਗਿਆ ਹੈ ਤਾਂ ਜੋ ਵਿਦਿਆਰਥੀ ਹੋਰਨਾਂ ਨੂੰ ਪਰਾਲ਼ੀ ਸਾੜਨ ਨਾਲ਼ ਹੋਣ ਵਾਲ਼ੇ ਨੁਕਸਾਨ ਬਾਰੇ ਅਤੇ ਪਰਾਲ਼ੀ ਦੇ ਸੁੱਚਜੇ ਪ੍ਰਬੰਧਨ ਸੰਬੰਧੀ ਜਾਣਕਾਰੀ ਸਾਂਝੀ ਕਰ ਸਕਣ। ਇਸ ਲਈ ਖੇਤੀਬਾੜੀ ਵਿਭਾਗ ਬਰਨਾਲ਼ਾ ਨੇ ਸੀ.ਆਰ.ਐਮ ਸਕੀਮ ਵਿੱਚ ਆਈ.ਈ.ਸੀ. ਐਕਟੀਵਿਟੀ ਤਹਿਤ ਅੱਜ ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ, ਜਿਸ ਵਿੱਚ ਪੇਂਟਿੰਗ, ਭਾਸ਼ਣ ਪ੍ਰਤੀਯੋਗਤਾ ਤੇ ਲੇਖ ਮੁਕਾਬਲੇ ਹੋਏ। ਅੰਮ੍ਰਿਤਪਾਲ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਵਿਦਿਅਰਥੀਆਂ ਨੂੰ ਪਰਾਲ਼ੀ ਦੀ ਸੁੱਚਜੀ ਵਰਤੋਂ ਕਰਨ ਦੇ ਤਰੀਕੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸੁਨੀਤਾ ਸਰਮਾਂ ਨੇ ਕਿਸਾਨਾਂ ਤੇ ਵਿਦਿਆਰਥੀਆਂ ਨੂੰ ਖੇਤੀ ਮਸ਼ੀਨਰੀ ਤੇ ਉਸ ਦੀ ਵਰਤੋਂ ਕਰਨ ‘ਤੇ ਵਾਤਾਵਰਨ, ਪਾਣੀ ਤੇ ਧਰਤੀ ਦੀ ਸੰਭਾਲ਼ ਬਾਰੇ, ਹਰ ਘਰ ਵਿੱਚ ਇੱਕ ਦਰਖ਼ਤ ਲਗਾਉਣ ਅਤੇ ਨੈਤਿਕ ਕਦਰਾਂ ਬਾਰੇ ਜਾਣਕਾਰੀ ਦਿੱਤੀ। ਕਰਵਾਏ ਗਏ ਮੁਕਾਬਲਿਆਂ ‘ਚੋਂ ਪੇਂਟਿੰਗ ਮੁਕਾਬਲਿਆਂ ਵਿੱਚ ਜਸ਼ਨਪ੍ਰੀਤ ਕੌਰ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ ਨੇ ਦੂਸਰਾ ਤੇ ਹਰਕੋਮਲ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਭਾਸ਼ਣ ਪ੍ਰਤੀਯੋਗਤਾ ਵਿੱਚ ਸੰਦੀਪ ਕੌਰ ਨੇ ਪਹਿਲਾ, ਮੁਸਕਾਨ ਨੇ ਦੂਸਰਾ ਤੇ ਜੈਸਮੀਨ ਕੌਰ ਨੇ ਤੀਸਰਾ ਸਥਾਨ ਕੀਤਾ। ਲੇਖ ਮੁਕਾਬਲੇ ਵਿੱਚ ਜਮਨਪ੍ਰੀਤ ਕੌਰ ਨੇ ਪਹਿਲਾ, ਰੇਣੁਕਾ ਕੌਰ ਨੇ ਦੂਸਰਾ ਤੇ ਰਮਨਦੀਪ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਸ. ਬਲਜਿੰਦਰਪਾਲ ਸਿੰਘ ਨੇ ਉਚੇਚੇ ਤੌਰ ‘ਤੇ ਇਸ ਸਮਾਗਮ ਵਿੱਚ ਸ਼ਿਰਕਤ ਕਰ ਕੇ ਵਿਦਿਆਰਥੀਆਂ ਨਾਲ਼ ਪਰਾਲ਼ੀ ਪ੍ਰਬੰਧਨ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਮੁੱਖ ਅਧਿਆਪਕ ਸ. ਜਸਵਿੰਦਰ ਸਿੰਘ, ਸਕੂਲ ਇੰਚਾਰਜ ਰਾਜੇਸ਼ ਗੋਇਲ ਤੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ। ਅਖੀਰ ਵਿੱਚ ਸਮਾਗਮ ਦੇ ਮੁੱਖ ਮਹਿਮਾਨ, ਖੇਤੀਬਾੜੀ ਵਿਭਾਗ ਦੀ ਟੀਮ ਨੇ ਸਕੂਲੀ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਰਿਫਰੈੱਸ਼ਮੈਂਟ ਦਿੱਤੀ।