ਰਘਬੀਰ ਹੈਪੀ, ਬਰਨਾਲਾ, 6 ਅਕਤੂਬਰ 2023
ਪੰਜਾਬ ਸਰਕਾਰ ਵਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੇ ਉਦੇਸ਼ ਨਾਲ ਸੀ.ਐਮ.ਦੀ ਯੋਗਸ਼ਾਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਹ ਸਹੂਲਤ ਹੁਣ ਬਰਨਾਲਾ ਸ਼ਹਿਰ ਵਾਸੀਆਂ ਲਈ ਵੀ ਉਪਲੱਬਧ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ ਪ੍ਰੋਗਰਾਮ ਤਹਿਤ ਬਰਨਾਲਾ ਸ਼ਹਿਰ ਲਈ ਪਹਿਲੇ ਪੜਾਅ ਤਹਿਤ 7 ਪ੍ਰਮਾਣਿਤ ਯੋਗ ਟੀਚਰਾਂ ਦੀ ਸਹੂਲਤ ਮਿਲੀ ਹੈ, ਜਿਨ੍ਹਾਂ ਵਲੋਂ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿੱਚ ਯੋਗ ਕਰਵਾਇਆ ਜਾਣਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਕਰੀਬ 5 ਥਾਵਾਂ ‘ਤੇ ਯੋਗ ਕਲਾਸਾਂ ਲਗਾ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਆਉਂਦੇ ਦਿਨੀਂ ਹੋਰ ਥਾਵਾਂ ‘ਤੇ ਇਹ ਕਲਾਸਾਂ ਲਗਾਈਆਂ ਜਾਣਗੀਆਂ। ਉਨ੍ਹਾਂ ਬਰਨਾਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਮੁਹੱਲੇ ਦੇ ਵਾਸੀ ਯੋਗ ਕਰਨ ਦੇ ਇਛੁੱਕ ਹਨ ਤਾਂ ਉਹ ਟੌਲ ਫ੍ਰੀ ਨੰਬਰ 7669400500 ‘ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਸਕਦੇ ਹਨ ਤਾਂ ਜੋ ਉਨ੍ਹਾਂ ਦੇ ਮੁਹੱਲੇ ਵਿੱਚ ਯੋਗ ਕਲਾਸਾਂ ਦੀ ਸਹੂਲਤ ਦਿੱਤੀ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਕਚਹਿਰੀ ਚੌਕ ਨੇੜੇ, ਸ਼ਕਤੀ ਨਗਰ, 22 ਏਕੜ, ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਲਾਸਾਂ ਲਾਈਆਂ ਗਈਆਂ, ਜਦੋਂ ਕਿ ਸ਼ਾਮ ਨੂੰ ਸ਼ਹੀਦ ਭਗਤ ਸਿੰਘ ਪਾਰਕ, ਗਰੀਨ ਐਵੇਨਿਊ ਆਦਿ ਵਿੱਚ ਪ੍ਰਮਾਣਿਤ ਟੀਚਰਾਂ ਵਲੋਂ ਯੋਗ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਬਰਨਾਲਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਿਹਤਮੰਦ ਜੀਵਨਸ਼ੈਲੀ ਲਈ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਨਾਲ ਜੁੜਨ।