ਹਰਿੰਦਰ ਨਿੱਕਾ , ਬਰਨਾਲਾ 27 ਸਤੰਬਰ 2023
ਬਰਨਾਲਾ ਇਲਾਕੇ ਅੰਦਰ ਡਾਕੇ ਦੀ ਯੋਜਨਾ ਨੂੰ ਸੀਆਈਏ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਫੇਲ ਕਰ ਦਿੱਤਾ ਹੈ । ਪੁਲਿਸ ਨੇ ਲੁਟੇਰਾ ਗੈਂਗ ਦੇ ਪੰਜ ਮੈਂਬਰਾਂ ਖਿਲਾਫ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ ,ਉਨ੍ਹਾਂ ਨੂੰ ਗਿਰਫਤਾਰ ਵੀ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਸੀ.ਆਈ.ਏ. ਦੇ ਥਾਣੇਦਾਰ ਗੁਰਬਚਨ ਸਿੰਘ ਦੀ ਅਗਵਾਈ ‘ਚ ਗਸ਼ਤ ਕਰਦੀ ਪੁਲਿਸ ਪਾਰਟੀ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਭਗਤ ਸਿੰਘ , ਜਸਪ੍ਰੀਤ ਸਿੰਘ, ਸਨਮਦੀਪ ਸਿੰਘ , ਪ੍ਰਦੀਪ ਸਿੰਘ ਅਤੇ ਹਰਵਿੰਦਰ ਸਿੰਘ ਵਾਸੀਆਨ ਬਰਨਾਲਾ ਨੇ ਇੱਕ ਗੈਂਗ ਬਣਾ ਰੱਖਿਆ ਹੈ, ਜਿੰਨ੍ਹਾਂ ਕੋਲ ਨਜਾਇਜ ਅਸਲਾ ਤੇ ਮਾਰੂ ਹਥਿਆਰ ਵੀ ਹਨ। ਜੋ ਪੁਲ ਡਰੇਨ ਧਨੌਲਾ ਦੀ ਪਟੜੀ ਪਾਸ ਖੜ੍ਹੇ ਇਲਾਕੇ ਅੰਦਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਯੋਜਨਾ ਬਣਾ ਰਹੇ ਹਨ । ਇਤਲਾਹ ਭਰੋਸੇਯੋਗ ਹੋਣ ਕਾਰਣ, ਥਾਣਾ ਧਨੌਲਾ ਵਿਖੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 399/ 402 ਆਈਪੀਸੀ ਅਤੇ 25/54/59 ਅਰਮਜ ACT ਤਹਿਤ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਬੇਸ਼ੱਕ ਪੁਲਿਸ ਪਾਰਟੀ ਨੇ ਦੌਰਾਨ ਏ ਰੇਡ ਗੈਂਗ ਦੇ ਸਾਰੇ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ। ਉਨ੍ਹਾਂ ਕੋਲੋਂ ਹੋਈ ਬਰਾਮਦਗੀ ਅਤੇ ਵੇਰਵਿਆਂ ਦੀ ਤਫਸ਼ੀਲ ਆਉਣੀ ਹਾਲੇ ਬਾਕੀ ਹੈ। ਪਤਾ ਲੱਗਿਆ ਹੈ ਕਿ ਮਾਮਲਾ ਤੇ ਰਿਕਵਰੀ ਵੱਡੀ ਹੋਣ ਕਾਰਣ, ਇਸ ਸਬੰਧੀ ਪੁਲਿਸ ਦੇ ਆਲ੍ਹਾ ਅਧਿਕਾਰੀ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ, ਮੀਡੀਆ ਨੂੰ ਜਾਣਕਾਰੀ ਦੇਣਗੇ।