ਹਰਿੰਦਰ ਨਿੱਕਾ , ਬਰਨਾਲਾ 27 ਸਤੰਬਰ 2023
ਬਰਨਾਲਾ-ਬਠਿੰਡਾ ਰੋਡ ਤੇ ਸਥਿਤ SUBWAY ਨੇੜੇ ਕੈਰੇਟਾ ਗੱਡੀ ‘ਚ ਸਵਾਰ ਨੌਜਵਾਨ ਤੋਂ ਗੱਡੀ ਖੋਹਣ ਲਈ ਫਾਈਰਿੰਗ ਕਰਨ ਵਾਲਾ ਸ਼ੱਕੀ ਨੌਜਵਾਨ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਇਆ ਹੈ। ਸ਼ੱਕੀ ਵਿਅਕਤੀ ਦੀ ਇਹ ਤਸਵੀਰ ਡੀਐਸਪੀ ਸਤਵੀਰ ਸਿੰਘ ਨੇ ਪੁਲਿਸ ਵੱਲੋਂ ਬਣਾਏ ਮੀਡੀਆ ਦੇ ਗਰੁੱਪ ਵਿੱਚ ਮੀਡੀਆ ਲਈ ਜ਼ਾਰੀ ਕੀਤੀ ਹੈ। ਤਾਂਕਿ ਲੋਕ ਉਸ ਦੀ ਪਹਿਚਾਣ ਕਰਨ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਮੱਦਦ ਕਰ ਸਕਣ । ਪੁਲਿਸ ਅਨੁਸਾਰ ਸ਼ੱਕੀ ਵਿਅਕਤੀ ਦੀਆਂ ਤਸਵੀਰਾਂ ਇੱਕ ਢਾਬੇ ਤੇ ਲੱਗੇ ਸੀਸੀਟੀਵੀ ਕੈਮਰੇ ਤੋਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਨਾਲ ਵਾਰਦਾਤ ਦਾ ਸਮਾਂ ਵੀ ਲੱਗਭੱਗ ਮੇਲ ਖਾਂਦਾ ਹੈ। ਢਾਬੇ ਦੀ ਫੁਟੇਜ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇਹ ਵਿਅਕਤੀ ਵਾਰਦਾਤ ਤੋਂ ਬਾਅਦ ਮੋਟਰਸਾਈਕਲ ਤੇ ਸਵਾਰ ਹੋ ਕੇ ਬਠਿੰਡਾ ਵੱਲ ਹੀ ਚਲੇ ਗਏ। ਇੱਥੇ ਹੀ ਬੱਸ ਨਹੀਂ,ਇਹ ਵਿਅਕਤੀ ਢਾਬੇ ਦੇ ਕੈਮਰਿਆਂ ਵਿੱਚ ਰੁਮਾਲ ਨਾਲ ਆਪਣਾ ਮੂੰਹ ਢੱਕਦਾ ਵੀ ਨਜ਼ਰੀ ਪੈ ਰਿਹਾ ਹੈ। ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਆਲ੍ਹਾ ਅਧਿਕਾਰੀਆਂ ਦੀ ਰਹਿਨੁਮਾਈ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬੜੀ ਮੁਸਤੈਦੀ ਨਾਲ ਦੋਸ਼ੀਆਂ ਦੀ ਸ਼ਨਾਖਤ ਅਤੇ ਗਿਰਫਤਾਰੀ ਵਿੱਚ ਲੱਗੀਆਂ ਹੋਈਆਂ ਹਨ। ਉਮੀਦ ਹੈ ਜਲਦ ਹੀ ਦੋਸ਼ੀਆਂ ਦੀ ਸ਼ਨਾਖਤ ਕਰਕੇ, ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਜਿਕਰਯੋਗ ਹੈ ਕਿ 24 ਸਤੰਬਰ ਦੀ ਰਾਤ ਕਰੀਬ 9 ਕੁ ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਕਰੇਟਾ ਸਵਾਰ ਨੌਜਵਾਨ ਸਾਹਿਲ ਗਰੋਵਰ ਪੁੱਤਰ ਜਤਿੰਦਰ ਗਰੋਵਰ ਵਾਸੀ ਬਠਿੰਡਾ ਨੂੰ ਗੋਲੀ ਮਾਰ ਦਿੱਤੀ ਸੀ । ਦੋਵਾਂ ਹਮਲਾਵਰਾਂ ਨੇ ਉਸ ਦਾ ਕਰੀਬ ਇੱਕ ਕਿੱਲੋਮੀਟਰ ਤੱਕ ਪਿੱਛਾ ਵੀ ਕੀਤਾ ਸੀ। ਪਰੰਤੂ ਉਹ ਗੰਭੀਰ ਰੂਪ ‘ਚ ਜਖਮੀ ਹੋਣ ਦੇ ਬਾਵਜੂਦ ਵੀ ਆਪਣੀ ਹਿੰਮਤ ‘ਤੇ ਦਲੇਰੀ ਸਦਕਾ ਹਮਲਾਵਰਾਂ ਤੋਂ ਬਚ ਕੇ ਨਿੱਕਲ ਗਿਆ ਸੀ । ਪੁਲਿਸ ਨੂੰ ਦਿੱਤੇ ਬਿਆਨ ‘ਚ ਗੋਲੀ ਲੱਗਣ ਨਾਲ ਜਖਮੀ ਹੋਏ ਸਾਹਿਲ ਗਰੋਵਰ ਪੁੱਤਰ ਜਤਿੰਦਰ ਗਰੋਵਰ ਵਾਸੀ ਬਠਿੰਡਾ ਨੇ ਲਿਖਾਇਆ ਕਿ ਉਹ ਆਪਣੇ ਦੋਸਤ ਸਣੇ 24 ਸਤੰਬਰ ਦੀ ਰਾਤ ਕਰੀਬ 9 ਵਜੇ, ਸਬ ਵੇਅ ਤੇ ਕੁੱਝ ਖਾਣ ਲਈ ਰੁਕਿਆ ਸੀ। ਜਦੋਂ ਉਹ SUBWAY ਕੁੱਝ ਤੋਂ ਖਾ ਪੀ ਕੇ, ਗੱਡੀ ਵਿੱਚ ਬਹਿ ਕੇ ਥੋੜ੍ਹੀ ਦੂਰੀ ਤੇ ਹੀ ਪਹੁੰਚੇ ਸੀ ਤਾਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਗੱਡੀ ਖੋਹਣ ਅਤੇ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਉਸ ਨੂੰ ਗੋਲੀ ਮਾਰ ਦਿੱਤੀ ਸੀ। ਪਰੰਤੂ ਉਹ ਲੁਟੇਰਿਆਂ ਤੋਂ ਬਚਾਅ ਲਈ, ਤੇਜ ਸਪੀਡ ਨਾਲ ਗੱਡੀ ਭਜਾ ਕੇ ਲੈ ਗਿਆ ਸੀ। ਜਿਸ ਨੂੰ ਬਾਅਦ ਵਿੱਚ ਹਸਪਤਾਲ ਦਾਖਿਲ ਕਰਵਾਇਆ ਗਿਆ।
ਪੁਲਿਸ ਨੇ ਸਾਹਿਲ ਗਰੋਵਰ ਦੇ ਬਿਆਨ ‘ਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਥਾਣਾ ਸਦਰ ਬਰਨਾਲਾ ਵਿਖੇ ਅਣਪਛਾਤੇ ਦੋਸ਼ੀਆਂ ਖਿਲਾਫ ਇਰਾਦਾ ਕਤਲ ,ਖੋਹ ਅਤੇ ਆਰਮਜ਼ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ਼ ਕਰਕੇ,ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਦੋਸ਼ੀਆਂ ਨੂੰ ਫੜ੍ਹਣ ਲਈ ਵੱਧਦੇ ਕਦਮਾਂ ਕਾਰਣ ,ਪੁਲਿਸ ਦੇ ਹੱਥ ਇੱਕ ਸ਼ੱਕੀ ਹਮਲਾਵਰ ਦੀ ਤਸਵੀਰ ਵੀ ਸੀਸੀਟੀਵੀ ਦੀ ਫੁਟੇਜ ਖੰਗਾਲਣ ਸਮੇਂ ਸਾਹਮਣੇ ਆਈ ਹੈ। ਇਹ ਤਸਵੀਰ ਵੀ ਇੱਕ ਢਾਬੇ ਦੀ ਜਾਪਦੀ ਹੈ । ਜਿਸ ਤੋਂ ਇਹ ਵੀ ਸੰਕੇਤ ਸਾਫ ਮਿਲਦਾ ਹੈ ਕਿ ਕਿ ਹਮਲਾਵਰ ,ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਤਸਵੀਰ ਵਿੱਚ ਦਿਖਾਈ ਦਿੰਦੇ ਢਾਬੇ ਤੇ ਵੀ ਰੁਕੇ ਹੋ ਸਕਦੇ ਹਨ।