ਰਘਵੀਰ ਹੈਪੀ , ਬਰਨਾਲਾ 26 ਸਤੰਬਰ 2023
ਜਿਲ੍ਹਾ ਬਾਰ ਐਸੋਸ਼ੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰ ਐਡਵੋਕੇਟ ਵਰਿੰਦਰ ਸਿੰਘ ਉੱਤੇ ਪੁਲਿਸ ਦੇ ਵਹਿਸ਼ੀਆਣਾ ਅੱਤਿਆਚਾਰ ਦੇ ਵਿਰੋਧ ‘ਚ ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਵਕੀਲਾਂ ਨੇ ਵੀ ਕੰਮ ਛੱਡ ਕੇ ਹੜਤਾਲ ਕੀਤੀ ।
ਬਾਰ ਐਸੋਸੀਏਸ਼ਨ ਦੀ ਕਾਰਜਕਾਰਨੀ ਕਮੇਟੀ ਨੇ 27 ਸਤੰਬਰ ਨੂੰ ਵੀ ਕੰਮ ਬੰਦ ਰੱਖਣ ਦਾ ਐਲਾਨ ਕੀਤਾ ਹੈ । ਜਿਲ੍ਹਾ ਬਾਰ ਐਸੋਸ਼ੀਏਸ਼ਨ ਬਰਨਾਲਾ ਨੇ ਬਾਰ ਐਸੋਸ਼ੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰ ਐਡਵੋਕੇਟ ਵਰਿੰਦਰ ਸਿੰਘ ਉੱਤੇ ਕੀਤੇ ਅਣਮਨੁੱਖੀ ਅੱਤਿਆਚਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੀ ਵੀ ਸਖਤ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਹੈ ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਨਿਤਿਨ ਬਾਂਸਲ, ਮੀਤ ਪ੍ਰਧਾਨ ਨਿਰਭੈ ਸਿੰਘ ਸਿੱਧੂ, ਸੈਕਟਰੀ ਨਵੀਨ ਗਰਗ ਅਤੇ ਜੁਆਇੰਟ ਸੈਕਟਰੀ ਸਰਬਜੀਤ ਸਿੰਘ ਮਾਨ ਨੇ ਕਿਹਾ ਕਿ ਬਾਰ ਮੈਂਬਰ ਨਾਲ ਪੁਲਿਸ ਦਾ ਅਣਮਨੁੱਖੀ ਸਲੂਕ ਕਾਨੂੰਨ ਨੂੰ ਲਾਗੂ ਕਰਵਾਉਣ ਦੀ ਜਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਕੇ ਵਿਚਰਦੇ ਭਾਈਚਾਰੇ ‘ਤੇ ਹਮਲਾ ਹੈ। ਉਨਾਂ ਕਿਹਾ ਕਿ ਇਹ ਸਾਰਿਆਂ ਨੂੰ ਇੱਕਜੁੱਟ ਹੋਣ ਦਾ ਸਮਾਂ ਹੈ ਅਤੇ ਪੁਲਿਸ ਦੀ ਅਜਾਰੇਦਾਰੀ ਦੇ ਵਿਰੁੱਧ ਕਾਨੂੰਨੀ ਪ੍ਰਕਿਰਿਆਂ ਦੀ ਸਲਾਮਤੀ ਲਈ ਆਪਣੀ ਤਾਕਤ ਦਿਖਾਉਣ ਦਾ ਮੌਕਾ ਹੈ । ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਾਨੂੰਨ ਦੇ ਰਖਾਿਆਂ ਦੇ ਸਨਮਾਨ ਦੀ ਵੀ ਕੋਈ ਪ੍ਰਵਾਹ ਨਹੀਂ ਹੈ। ਪੁਲਿਸ ਵਕੀਲਾਂ ਦੀ ਬੁਲੰਦ ਅਵਾਜ਼ ਵੱਲ ਕੋਈ ਧਿਆਨ ਨਹੀਂ ਦੇ ਰਹੀ । ਇਸ ਲਈ ਬਾਰ ਐਸੋਸੀਏਸ਼ਨ ਬਰਨਾਲਾ , ਪੂਰੇ ਵਕੀਲ ਭਾਈਚਾਰੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੀ ਹੋਈ ਪੁਲਿਸ ਦੀਆਂ ਗੈਰ-ਕਾਨੂੰਨੀ ਕਾਰਵਾਈਆਂ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ 27.09.23 (ਬੁੱਧਵਾਰ) ਨੂੰ ਵੀ ਨੋ ਵਰਕ ਡੇਅ ਦਾ ਐਲਾਨ ਕਰਦੀ ਹੈ।