ਅਸ਼ੋਕ ਵਰਮਾ,ਬਠਿੰਡਾ, 26 ਸਤੰਬਰ 2023
ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੀ ਸੰਭਾਵਿਤ ਗ੍ਰਿਫਤਾਰੀ ਦੇ ਡਰੋਂ ਅਦਾਲਤ ਵਿੱਚ ਦਾਇਰ ਅਰਜ਼ੀ ਵਾਪਸ ਲੈਣ ਦੇ ਕੁਝ ਘੰਟਿਆਂ ਬਾਅਦ ਹੀ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਇਸ ਭਾਜਪਾ ਆਗੂ ਨੂੰ ਗ੍ਰਿਫਤਾਰ ਕਰਨ ਲਈ ਵਾਰੰਟ ਜਾਰੀ ਕਰ ਦਿੱਤੇ ਹਨ। ਅਦਾਲਤ ਵੱਲੋਂ ਦਿੱਤੇ ਇਹਨਾਂ ਆਦੇਸ਼ਾਂ ਨੂੰ ਸਾਬਕਾ ਵਿੱਤ ਮੰਤਰੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਵਿਜੀਲੈਂਸ ਗਿਰਫਤਾਰ ਨਾ ਕਰ ਲਏ ਇਸ ਨੂੰ ਦੇਖਦਿਆਂ ਮਨਪ੍ਰੀਤ ਸਿੰਘ ਬਾਦਲ ਪਿਛਲੇ ਦੋ ਮਹੀਨਿਆਂ ਤੋਂ ਅੰਡਰਗਰਾਉਂਡ ਚੱਲ ਰਹੇ ਹਨ। ਵਿਜੀਲੈਂਸ ਵੱਲੋਂ ਦਰਜ ਕੇਸ ਵਿੱਚ ਕਈ ਗੰਭੀਰ ਦੋਸ਼ ਸਾਹਮਣੇ ਆਉਣ ਤੋਂ ਬਾਅਦ ਜਾਂਚ ਏਜੰਸੀ ਮਨਪ੍ਰੀਤ ਬਾਦਲ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਜੋ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਸਕੇ।
ਮਨਪ੍ਰੀਤ ਬਾਦਲ ਨੇ ਕਾਂਗਰਸ ਦੇ ਰਾਜ ਦੌਰਾਨ ਵਿੱਤ ਮੰਤਰੀ ਦੇ ਅਹੁਦੇ ਤੇ ਹੁੰਦਿਆਂ ਬਠਿੰਡਾ ‘ਚ ਆਪਣੀ ਰਿਹਾਇਸ਼ ਬਣਾਉਣ ਲਈ ਸ਼ਹਿਰ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਬਠਿੰਡਾ ਵਿਕਾਸ ਅਥਾਰਟੀ ਤੋਂ ਜਗ੍ਹਾ ਖਰੀਦੀ ਸੀ ਜੋ ਹੁਣ ਇਸ ਭਾਜਪਾ ਨੇਤਾ ਦੇ ਗਲੇ ਦੀ ਹੱਡੀ ਬਣਦੀ ਜਾ ਰਹੀ ਹੈ। ਮਨਪ੍ਰੀਤ ਬਾਦਲ ਨੇ ਆਪਣੇ ਵਕੀਲ ਰਾਹੀਂ ਬੀਤੇ ਸ਼ਨੀਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਦੀ ਅਦਾਲਤ ਤੋਂ ਜਮਾਨਤ ਮੰਗੀ ਸੀ ਪਰ ਹਾਲਾਤਾਂ ਨੂੰ ਦੇਖਦਿਆਂ ਅੱਜ ਸਵੇਰੇ ਇਹ ਅਰਜ਼ੀ ਵਾਪਸ ਲਈ ਸੀ। ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਮਨਪ੍ਰੀਤ ਸਿੰਘ ਬਾਦਲ ਹੁਣ ਇੱਕ ਵਾਰ ਮੁੜ ਤੋਂ ਜਿਲ੍ਹਾ ਅਦਾਲਤ ਅੱਗੇ ਚਾਰਾ ਜੋਈ ਕਰਨਗੇ।
ਇਸ ਦੇ ਉਲਟ ਵਿਜੀਲੈਂਸ ਜ਼ਿਲ੍ਹਾ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਵਾਉਣ ਵਿੱਚ ਸਫਲ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਅਦਾਲਤ ਅੱਗੇ ਅੱਜ ਕੁੱਝ ਗੰਭੀਰ ਤੱਥ ਰੱਖਦਿਆਂ ਦੱਸਿਆ ਸੀ ਕਿ ਮਨਪ੍ਰੀਤ ਬਾਦਲ ਨੂੰ ਗਿਰਫ਼ਤਾਰ ਕਰਨਾ ਕਿਉਂ ਜ਼ਰੂਰੀ ਹੈ? ਇਸ ਪਹਿਲਾਂ ਸੋਮਵਾਰ ਨੂੰ ਡੀਐਸਪੀ ਦੀ ਅਗਵਾਈ ਹੇਠ ਵਿਜੀਲੈਂਸ ਇੱਕ ਵੱਡੀ ਟੀਮ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿਚਲੀ ਰਿਹਾਇਸ਼ ਤੇ ਛਾਪਾ ਮਾਰ ਕੇ ਤਲਾਸ਼ੀ ਲੈ ਚੁੱਕੀ ਹੈ ਪਰ ਸਾਬਕਾ ਮੰਤਰੀ ਮੌਕੇ ਤੋਂ ਨਹੀਂ ਮਿਲੇ। ਪਤਾ ਲੱਗਿਆ ਹੈ ਕਿ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਕਈ ਟੀਮਾਂ ਬਣਾਈਆਂ ਹਨ ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਸੂਤਰਾਂ ਨੇ ਦੱਸਿਆ ਹੈ ਕਿ ਵਿਜੀਲੈਂਸ ਦਾ ਘੇਰਾ ਮਨਪ੍ਰੀਤ ਬਾਦਲ ਖਿਲਾਫ ਲਗਾਤਾਰ ਤੰਗ ਹੁੰਦਾ ਜਾ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਵਿਜੀਲੈਂਸ ਅਧਿਕਾਰੀਆਂ ਨੇ ਮਨਪ੍ਰੀਤ ਬਾਦਲ ਦੀਆਂ ਕੁੱਝ ਛੁਪਣਗਾਹਾਂ ਦੀ ਨਿਸ਼ਾਨਦੇਹੀ ਕੀਤੀ ਹੈ। ਦੱਸਣਯੋਗ ਹੈ ਕਿ ਵਿਜੀਲੈਂਸ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸ਼ਕ ਤੇ ਬਿਕਰਮਜੀਤ ਸਿੰਘ ਸ਼ੇਰਗਿੱਲ , ਪੰਕਜ ਕਾਲੀਆ ਅਸਟੇਟ ਅਫ਼ਸਰ ਗਲਾਡਾ ਲੁਧਿਆਣਾ ,ਰਾਜੀਵ ਕੁਮਾਰ , ਵਿਕਾਸ ਅਰੋੜਾ ਅਤੇ ਅਮਨਦੀਪ ਸਿੰਘ ਪੁੱਤਰ ਕੌਰ ਸਿੰਘ ਵਾਸੀ ਲਾਲ ਸਿੰਘ ਬਸਤੀ ਖਿਲਾਫ ਕੇਸ ਦਰਜ ਕੀਤਾ ਸੀ। ਵਿਜੀਲੈਂਸ ਨੇ ਰਾਜੀਵ ਕੁਮਾਰ ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਗ੍ਰਿਫਤਾਰ ਕਰ ਲਏ ਹਨ। ਵਿਜੀਲੈਂਸ ਵੱਲੋਂ ਮਨਪ੍ਰੀਤ ਬਾਦਲ, ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ਼ ਕਾਲੀਆ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।