ਅਸ਼ੋਕ ਵਰਮਾ,ਬਠਿੰਡਾ,26ਸਤੰਬਰ 2023
ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ‘ਚ ਸ਼ਾਮਿਲ ਅੱਠ ਮਜ਼ਦੂਰ ਜਥੇਬੰਦੀਆਂ ਨੇ ਅੱਜ ਇੱਕ ਮੀਟਿੰਗ ਕਰਕੇ ਐਲਾਨ ਕੀਤਾ ਹੈ ਕਿ 9-10-11ਦਸੰਬਰ ਨੂੰ ਪੰਜਾਬ ਦੇ ਚਾਰ ਮੰਤਰੀਆਂ ,ਹਰਪਾਲ ਸਿੰਘ ਚੀਮਾ, ਗੁਰਮੀਤ ਸਿੰਘ ਖੁਡੀਆ,ਹਰਭਜਨ ਸਿੰਘ ਈਟੀਓ ਅਤੇ ਬਲਕਾਰ ਸਿੰਘ ਦੇ ਘਰਾਂ ਅੱਗੇ ਤਿੰਨ ਦਿਨ ਲਗਾਤਾਰ ਧਰਨੇ ਲਾਏ ਜਾਣਗੇ। ਇਸ ਸੰਬੰਧੀ ਅੱਜ ਤੋਂ ਹੀ ਪਿੰਡਾਂ ਅੰਦਰ ਮਜਦੂਰਾਂ ਨੂੰ ਚੇਤਨ ਅਤੇ ਲਾਮਬੰਦ ਕਰਨ ਲਈ ਮੁਹਿੰਮ ਵਿੱਢੀ ਜਾਵੇਗੀ। ਅੱਜ ਇਥੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਸਾਥੀ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲਗਾਤਾਰ ਮਜਦੂਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਦੀ ਆ ਰਹੀ ਹੈ।
ਉਹਨਾਂ ਕਿਹਾ ਕਿ ਕਰੀਬ ਸੱਤ ਵਾਰ ਸਰਕਾਰ ਵੱਲੋਂ ਸਮਾਂ ਰੱਖਕੇ , ਮੀਟਿੰਗਾਂ ਮੁਲਤਵੀ ਕਰ ਦਿੱਤੀਆਂ ਜਾਂਦੀਆਂ ਰਹੀਆਂ ਜੋ ਕਿ ਪੰਜਾਬ ਦੇ ਮਜ਼ਦੂਰਾਂ ਅਤੇ ਮਜ਼ਦੂਰ ਜਥੇਬੰਦੀਆਂ ਦਾ ਅਪਮਾਨ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨਾਲ ਹੋਈਆਂ ਮੀਟਿੰਗਾਂ ‘ਚ ਜਿਨ੍ਹਾਂ ਮੰਗਾਂ ਨੂੰ ਪ੍ਰਵਾਨ ਕੀਤਾ ਗਿਆ,ਉਨ੍ਹਾਂ ‘ਤੇ ਵੀ ਕੋਈ ਅਮਲ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚੋਣਾਂ ਮੌਕੇ ਦਿੱਤੀਆਂ ਗਰੰਟੀਆਂ ਲਾਗੂ ਕਰਵਾਉਣ ਤੋਂ ਇਲਾਵਾ ਵੱਖ-ਵੱਖ ਮੰਗਾਂ ‘ਤੇ ਜਥੇਬੰਦੀਆਂ ਲੰਮੇ ਅਰਸੇ ਤੋਂ ਸ਼ੰਘਰਸ਼ ਕਰਦੀਆਂ ਆ ਰਹੀਆਂ ਹਨ ਪਰ ਮੌਜੂਦਾ ਸਰਕਾਰ ਲਗਾਤਾਰ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਤੋਂ ਟਾਲਾ ਵੱਟ ਰਹੀ ਹੈ। ਮੀਟਿੰਗ ਚ ਫੈਸਲਾ ਕੀਤਾ ਕਿ ਲਗਾਤਾਰ ਚੇਤਨਾ ਤੇ ਲਾਮਬੰਦੀ ਮੁਹਿੰਮ ਦੇ ਚਲਦਿਆਂ 18 ਨਵੰਬਰ ਨੂੰ ਜਲੰਧਰ ਵਿਖੇ ,19ਨਵੰਬਰ ਨੂੰ ਅੰਮ੍ਰਿਤਸਰ ਅਤੇ 20ਨਵੰਬਰ ਨੂੰ ਬਠਿੰਡਾ ਵਿਖੇ ਕਨਵੈਨਸ਼ਨਾਂ ਕਰਕੇ 28-29ਅਤੇ30ਨਵੰਬਰ ਨੂੰ ਤਿੰਨ ਦਿਨਾਂ ਦੌਰਾਨ ਸੂਬੇ ਭਰ ‘ਚ ਸਰਕਾਰ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਅੱਜ ਦੀ ਮੀਟਿੰਗ ‘ਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਜੋਰਾ ਸਿੰਘ ਨਸਰਾਲੀ ਅਤੇ ਹਰਮੇਸ਼ ਮਾਲੜੀ ,ਪੇਂਡੂ ਮਜਦੂਰ ਯੂਨੀਅਨ ਪੰਜਾਬ ਵਲੋਂ ਤਰਸੇਮ ਪੀਟਰ ਅਤੇ ਕਸ਼ਮੀਰ ਸਿੰਘ ਘੁੱਗਸ਼ੋਰ ,ਦਿਹਾਤੀ ਮਜਦੂਰ ਸਭਾ ਵੱਲੋਂ ਦਰਸ਼ਨ ਨਾਹਰ ਅਤੇ ਗੁਰਨਾਮ ਸਿੰਘ ਦਾਉਦ,ਜਮੀਨ ਪ੍ਰਾਪਤੀ ਸ਼ੰਘਰਸ਼ ਕਮੇਟੀ ਵੱਲੋਂ ਗੁਰਮੁਖ ਸਿੰਘ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਗੁਲਜ਼ਾਰ ਗੋਰੀਆ ਤੇ ਦੇਵੀ ਕੁਮਾਰੀ,ਮਜਦੂਰ ਮੁਕਤੀ ਮੋਰਚਾ ਪੰਜਾਬ ਵਲੋਂ ਮੱਖਣ ਸਿੰਘ ਰਾਮਗੜ੍ਹ ਅਤੇ ਸ਼ਿੰਗਾਰਾ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਵਲੋਂ ਲਖਵੀਰ ਸਿੰਘ ਲੋਂਗੋਵਾਲ ਅਤੇ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਗੁਰਮੇਸ਼ ਸਿੰਘ ਅਤੇ ਪ੍ਰਸ਼ੋਤਮ ਬਿਲਗਾ ਸ਼ਾਮਿਲ ਹੋਏ। ਇੱਕ ਮਤੇ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਉਸ ਨੋਟੀਫਿਕੇਸ਼ਨ ਦਾ ਸਖਤ ਵਿਰੋਧ ਕੀਤਾ ਜਿਸ ਵਿੱਚ ਮਜਦੂਰਾਂ ਦੀ ਕੰਮ ਦਿਹਾੜੀ ਦਾ ਸਮਾਂ 12 ਘੰਟੇ ਕੀਤਾ ਗਿਆ ਹੈ।