ਹਰਿੰਦਰ ਨਿੱਕਾ , ਬਰਨਾਲਾ 26 ਸਤੰਬਰ 2023
ਚਾਰ ਦਿਨ ਪਹਿਲਾਂ ਸ਼ਹਿਰ ਦੇ ਗੀਤਾ ਭਵਨ ਨੇੜੇ ਇੱਕ ਹੋਲਸੇਲ ਦੀ ਦੁਕਾਨ ਤੋਂ ਦੁਕਾਨਦਾਰ ਔਰਤ ਪਾਸੋਂ ਪਿਸਤੌਲ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਸ਼ਹਿਰ ਅੰਦਰ ਖੌਫ ਪੈਦਾ ਕਰਨਾ ਵਾਲੇ ਦੋਸ਼ੀ ਅਮ੍ਰਿਤਪਾਲ ਸਿੰਘ ਉਰਫ ਗੁੱਗੂ ਨੂੰ ਸੀਆਈਏ ਦੀ ਟੀਮ ਨੇ ਫੜ੍ਹ ਹੀ ਲਿਆ। 24 ਕੁ ਵਰ੍ਹਿਆਂ ਦੇ ਇਸ ਨੌਜਵਾਨ ਦਾ ਲਿੰਕ ਨਸ਼ਾ ਸਪਲਾਈ ਕਰਨ ਵਾਲਿਆਂ ਨਾਲ ਵੀ ਜੁੜਿਆ ਹੋਇਆ ਹੈ। ਸੀਆਈਏ ਦੀ ਟੀਮ ਵੱਲੋਂ ਨਸ਼ੀਲੀਆਂ ਗੋਲੀਆਂ ਸਣੇ ਉਸ ਦੇ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕੀਤਾ ਗਿਆ ਹੈ। ਜਦੋਂਕਿ ਲੁੱਟ ਦੀ ਵਾਰਦਾਤ ਵਿੱਚ ਉਸ ਦੀ ਗਿਰਫਤਾਰੀ ਹਾਲੇ ਬਾਕੀ ਹੈ। ਕੁੱਝ ਵੀ ਹੋਵੇ ਇੱਕ ਲੁਟੇਰਾ ਕਾਬੂ ਆ ਜਾਣ ਨਾਲ ਇਲਾਕੇ ਅੰਦਰ ਉਪਰੋਥਲੀ ਵਧਦੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਲੈ ਕੇ ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ‘ਤੇ ਪੰਜਾਬ ਪੁਲਿਸ ਦੀ ਲੋਕਾਂ ‘ਚ ਹੋ ਰਹੀ ਫਜੀਹਤ ਨੂੰ ਇੱਕ ਵਾਰ ਸੀਆਈਏ ਬਰਨਾਲਾ ਦੀ ਟੀਮ ਨੇ ਠੱਲ੍ਹਿਆ ਜਰੂਰ ਹੈ।
ਥਾਣਾ ਸਦਰ ਬਰਨਾਲਾ ਵਿਖੇ 24 /9/2023 ਨੂੰ ਦਰਜ਼ ਐਫ.ਆਈ.ਆਰ. ਨੰਬਰ 156 ਅਨੁਸਾਰ ਸੀ.ਆਈ.ਏ. ਵਿਖੇ ਤਾਇਨਾਤ ਏ.ਐਸ.ਆਈ. ਟੇਕ ਚੰਦ ਦੀ ਅਗਵਾਈ ‘ਚ ਪੁਲਿਸ ਪਾਰਟੀ ਦਾਣਾ ਮੰਡੀ ਖੁੱਡੀ ਕਲਾਂ ਖੇਤਰ ‘ਚ ਗਸ਼ਤ ਕਰ ਰਹੀ ਸੀ। ਪੁਲਿਸ ਪਾਰਟੀ ਨੇ ਇੱਕ ਥੜੀ ਤੇ ਬੈਠਾ ਨੌਜਵਾਨ ਦੇਖਿਆ, ਜਿਸ ਨੇ ਪੁਲਿਸ ਪਾਰਟੀ ਨੂੰ ਵੇਖ ਕੇ ਉੱਥੋਂ ਖਿਸਕਣ ਦੀ ਵੀ ਕੋਸ਼ਿਸ਼ ਕੀਤੀ। ਪਰੰਤੂ ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਉਸ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਆਪਣੀ ਪਹਿਚਾਣ ਅਮ੍ਰਿਤਪਾਲ ਸਿੰਘ ਉਰਫ ਗੱਗੂ ਪੁੱਤਰ ਗੁਰਜੰਟ ਸਿੰਘ ਉਰਫ ਜੰਟਾ ਵਾਸੀ ਸੂਜਾ ਪੱਤੀ ਨੇੜੇ ਜੰਡੂਆ ਦੀ ਚੱਕੀ ਸੰਘੇੜਾ ਦੇ ਤੌਰ ਤੇ ਕਰਵਾਈ । ਪੁਲਿਸ ਪਾਰਟੀ ਨੇ ਅਮ੍ਰਿਤਪਾਲ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਕੀਤੀ ਤਾਂ ਉਸ ਕੋਲੋਂ ਨਸ਼ੀਲੀਆਂ ਗੋਲੀਆਂ ਦੇ 30 ਪੱਤੇ ਨੀ 300 ਗੋਲੀਆਂ ਬਰਾਮਦ ਹੋਈਆਂ।
ਪੁਲਿਸ ਨੇ ਦੋਸ਼ੀ ਦੀ ਤਫਤੀਸ਼ ਦੌਰਾਨ ਉਸ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਨ ਵਾਲੇ ਰਾਜਵਿੰਦਰ ਸਿੰਘ ਉਰਫ ਬੁਗਰ ਪੁੱਤਰ ਗੁਰਚਰਨ ਸਿੰਘ ਵਾਸੀ ਨੇੜੇ ਸੈਮੀ ਦਾ ਡਿਪੂ, ਸੰਧੂ ਪੱਤੀ ਬਰਨਾਲਾ ਅਤੇ ਬਲਜੀਤ ਸਿੰਘ ਉਰਫ ਬੱਬੂ ਵਾਸੀ ਸੰਘੇੜਾ ਰੋਡ ਗਲੀ ਨੰਬਰ 5 ਬਰਨਾਲਾ ਨੂੰ ਵੀ ਮੁਕੱਦਮਾਂ ਨੰਬਰ 156 ਥਾਣਾ ਸਦਰ ਬਰਨਾਲਾ ਵਿੱਚ ਨਾਮਜ਼ਦ ਕਰਕੇ,ਗਿਰਫਤਾਰ ਕਰ ਲਿਆ । ਉਨ੍ਹਾਂ ਦੇ ਕਬਜੇ ਵਿੱਚੋਂ ਵੀ 500 ਹੋਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ । ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਟੇਕ ਚੰਦ ਨੇ ਦੱਸਿਆ ਕਿ ਗਿਰਫਤਾਰ ਦੋਸ਼ੀਆਂ ਅਮ੍ਰਿਤਪਾਲ ਸਿੰਘ, ਰਾਜਵਿੰਦਰ ਸਿੰਘ ਅਤੇ ਬਲਜੀਤ ਸਿੰਘ ਨੂੰ ਪੁਲਿਸ ਰਿਮਾਂਡ ਦੀ ਮਿਆਦ ਪੂਰੀ ਹੋਣ ਉਪਰੰਤ ਮਾਨਯੋਗ ਸੀਜੇਐਮ ਸੁਚੇਤਾ ਅਸ਼ੀਸ਼ ਦੇਵ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਤਿੰਨਾਂ ਜਣਿਆਂ ਨੂੰ ਹੀ 10 ਅਕਤੂਬਰ ਤੱਕ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ।
ਇੰਝ ਖੁੱਲ੍ਹ ਗਿਆ ਲੁੱਟ ਦਾ ਭੇਦ !
ਸੀ.ਆਈ.ਏ. ਟੀਮ ਵੱਲੋਂ ਸਖਤੀ ਨਾਲ ਕੀਤੀ ਗਈ ਤਫਤੀਸ਼ ਦੌਰਾਨ ਖੁਲਾਸਾ ਹੋਇਆ ਕਿ ਅਮ੍ਰਿਤਪਾਲ ਸਿੰਘ ਉਰਫ ਗੁੱਗੂ ਨੇ ਹੀ 23 ਸਤੰਬਰ ਨੂੰ ਗੀਤਾ ਭਵਨ ਬਰਨਾਲਾ ਨੇੜਲੀ ਇੱਕ ਦੁਕਾਨ ਵਿੱਚੋਂ ਖਿਡੌਣਾ ਪਿਸਤੌਲ ਦੀ ਨੋਕ ਤੇ ਡਿੰਪਲ ਗੋਇਲ ਤੋਂ 10 ਹਜ਼ਾਰ ਰੁਪਏ ਦੀ ਲੁੱਟ ਕੀਤੀ ਹੈ। ਪੁਲਿਸ ਸੂਤਰਾਂ ਮੁਤਾਬਿਕ ਉਦੋਂ ਤੱਕ ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਲੁੱਟ ਦੀ ਉਕਤ ਵਾਰਦਾਤ ਦੇ ਸਬੰਧ ਵਿੱਚ ਕੋਈ ਕੇਸ ਦਰਜ਼ ਹੀ ਨਹੀਂ ਸੀ ਕੀਤਾ। ਦੋਸ਼ੀ ਦੇ ਇੰਕਸ਼ਾਫ ਤੋਂ ਬਾਅਦ ਹੀ ਪੁਲਿਸ ਅਧਿਕਾਰੀਆਂ ਵੱਲੋਂ ਲੁੱਟ ਦੀ ਘਟਨਾ ਤੋਂ ਪੀੜਤ ਪਰਿਵਾਰ ਨੂੰ ਕੇਸ ਦਰਜ਼ ਕਰਵਾਉਣ ਲਈ ਮਨਾਇਆ ਗਿਆ। ਫਿਰ ਕਿਤੇ ਜਾ ਕੇ ਥਾਣਾ ਸਿਟੀ 1 ਬਰਨਾਲਾ ਵਿਖੇ ਪੁਲਿਸ ਨੇ ਘਟਨਾ ਤੋਂ ਦੂਜੇ ਦਿਨ ਅਧੀਨ ਜੁਰਮ 379 B ਆਈਪੀਸੀ ਤਹਿਤ ਅਣਪਛਾਤੇ ਵਿਅਕਤੀ ਖਿਲਾਫ ਐਫ.ਆਈ.ਆਰ. ਨੰਬਰ 452 ਮੁਦਈ ਸੱਤਿਆ ਦੇਵੀ ਦੇ ਬਿਆਨ ਪਰ ਦਰਜ਼ ਕੀਤੀ ਗਈ। ਜਿਸ ਨੂੰ ਬਾਅਦ ਵਿੱਚ ਉਕਤ ਮੁਕੱਦਮਾਂ ਵਿੱਚ ਨਾਮਜਦ ਕਰ ਦਿੱਤਾ ਗਿਆ ਹੈ। ਡੀਐਸਪੀ ਸਤਵੀਰ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਅਮ੍ਰਿਤਪਾਲ ਸਿੰਘ ਨੂੰ ਹੁਣ ਲੁੱਟ ਦੇ ਕੇਸ ਵਿੱਚ ਅਦਾਲਤ ਤੋਂ ਪ੍ਰੋਡੈਕਸ਼ਨ ਵਾਰੰਟ ਤੇ ਲਿਆ ਕੇ ਗਿਰਫਤਾਰ ਕੀਤਾ ਜਾਵੇਗਾ । ਪੁਲਿਸ ਸੂਤਰਾਂ ਅਨੁਸਾਰ ਦੋਸ਼ੀ ਨੇ ਇੰਕਸ਼ਾਫ ਕੀਤਾ ਕਿ ਉਹ ਨਸ਼ੇ ਦਾ ਆਦੀ ਹੈ, ਨਸ਼ਾ ਕਾਫੀ ਜਿਆਦਾ ਮਾਤਰਾ ਵਿੱਚ ਕਰਦਾ ਹੈ। ਨਸ਼ੇ ਦੀ ਪੂਰਤੀ ਲਈ ਪੈਸਿਆਂ ਦੀ ਥੁੜ੍ਹ ਪੂਰਾ ਕਰਨ ਲਈ ਹੀ ਉਸ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਹਾਲੇ ਦੋਸ਼ੀ ਕੋਲੋਂ ਵਾਰਦਾਤ ਸਮੇਂ ਵਰਤਿਆਂ ਖਿਡੌਣਾ ਪਿਸਤੌਲ ਵੀ ਬਰਾਮਦ ਕਰਨਾ ਹੈ।